You’re viewing a text-only version of this website that uses less data. View the main version of the website including all images and videos.
ਕੈਨੇਡਾ: ਵਿਨੀਪੈਗ ਨੇੜੇ ਹੋਏ ਸੜਕ ਹਾਦਸੇ ’ਚ 15 ਲੋਕਾਂ ਦੀ ਮੌਤ, ‘ਮੈਂ ਅਜਿਹਾ ਹਾਦਸਾ ਕਦੇ ਨਹੀਂ ਦੇਖਿਆ’
- ਲੇਖਕ, ਨਦੀਨ ਯੂਸਫ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐੱਮਪੀ) ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਹੋਏ ਇੱਕ ਸੜਕ ਹਾਦਸੇ ’ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਇੱਕ ਸੈਮੀ-ਟ੍ਰੇਲਰ ਟਰੱਕ ਅਤੇ ਇੱਕ ਬੱਸ ਵਿਚਕਾਰ ਹੋਇਆ ਜਿਸ ਵਿੱਚ ਬਹੁਤੇ ਬਜ਼ੁਰਗ ਲੋਕ ਸਨ।
ਪੁਲਿਸ ਨੇ ਦੱਸਿਆ ਕਿ ਇਹ ਟੱਕਰ ਕੈਰਬੇਰੀ ਨੇੜੇ ਟਰਾਂਸ-ਕੈਨੇਡਾ ਹਾਈਵੇਅ 'ਤੇ ਹੋਈ, ਇਹ ਥਾਂ ਵਿਨੀਪੈਗ ਤੋਂ ਦੋ ਘੰਟੇ ਪੱਛਮ 'ਚ ਹੈ।
ਰਾਹਤ ਪਹੁੰਚਣਾ
ਹਾਦਸੇ ਵਾਲੀ ਥਾਂ ’ਤੇ ਫ਼ੌਰੀ ਤੌਰ ਉੱਤੇ ਐਮਰਜੈਂਸੀ ਅਮਲਾ ਤੇ ਏਅਰ ਐਂਬੂਲੈਂਸਾਂ ਪਹੁੰਚੀਆਂ।
ਮੈਨੀਟੋਬਾ ਵਿੱਚ ਆਰਸੀਐੱਮਪੀ ਨੇ ਇਸ ਹਾਦਸੇ ਬਾਰੇ ਕਈ ਟਵੀਟ ਕੀਤੇ ਹਨ।
ਉਨ੍ਹਾਂ ਆਪਣੇ ਇੱਕ ਟਵੀਟ ਵਿੱਚ ਲਿਖਿਆ, "ਬਹੁਤ ਗੰਭੀਰ... ਸਮੂਹਿਕ ਨੁਕਸਾਨ" ਹੋਇਆ ਹੈ। ਪ੍ਰਮੁੱਖ ਯੂਨਿਟ ਸਮੇਤ ਜਿੰਨੇ ਵੀ ਸਾਧਨ ਮੌਜੂਦ ਹਨ ਸਾਰਿਆਂ ਨੂੰ ਘਟਨਾ ਸਥਾਨ 'ਤੇ ਤੈਨਾਤ ਕੀਤਾ ਗਿਆ ”
ਆਰਸੀਐੱਮਪੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ਇੱਕ ਏਅਰ ਐਂਬੂਲੈਂਸ ਅਤੇ 12 ਐਂਬੂਲੈਂਸਾਂ ਸਮੇਤ ਐਮਰਜੈਂਸੀ ਵਾਹਨਾਂ ਨੂੰ ਵੀਰਵਾਰ ਕਰੀਬ 17:35 ਵਜੇ ਸਥਾਨਕ ਸਮੇਂ ਮੁਤਾਬਕ ਘਟਨਾ ਸਥਾਨ ਲਈ ਰਵਾਨਾ ਕੀਤਾ ਗਿਆ।
ਹੈਂਡੀ-ਟ੍ਰਾਂਜ਼ਿਟ ਵਾਹਨ 'ਤੇ ਸਵਾਰ ਜ਼ਿਆਦਾਤਰ ਬਜ਼ੁਰਗ ਡਾਉਫਿਨ, ਮੈਨੀਟੋਬਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨਾਲ ਸਬੰਧਿਤ ਸਨ।
ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 10 ਲੋਕ ਜਿਨ੍ਹਾਂ ਵਿੱਚ ਦੋ ਡਰਾਈਵਰ ਵੀ ਸ਼ਾਮਲ ਸਨ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੇ ਗੰਭਾਰ ਸੱਟਾਂ ਹਨ।
ਆਰਸੀਐੱਮਪੀ ਨੇ ਹੋਰ ਵਾਹਨ ਚਾਲਕਾਂ ਨੂੰ ਇਸ ਰਾਹ ਤੋਂ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਕਿਉਂਕਿ ਹਾਦਸੇ ਵਾਲੇ ਥਾਂ ਨੇੜਲੇ ਕਈ ਕਿਲੋਮੀਟਰ ਤੱਕ ਰਾਹ ਬੰਦ ਕਰ ਦਿੱਤਾ ਗਿਆ ਹੈ।
ਚਸ਼ਮਦੀਦਾਂ ਨੇ ਕੀ ਦੱਸਿਆ
ਇੱਕ ਚਸ਼ਮਦੀਦ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਸ ਨੇ ਸਥਾਨਕ ਸਮੇਂ ਮੁਤਾਬਕ ਦੁਪਹਿਰ ਤੋਂ ਬਾਅਦ ਇੱਕ ਵਾਹਨ ਨੂੰ ਸੜਦਿਆਂ ਦੇਖਿਆ।
ਜੌਹਨ ਪ੍ਰੋਵਨ ਨੇ ਇਸ ਦ੍ਰਿਸ਼ ਨੂੰ ‘ਹੈਰਾਨ ਕਰਨ ਵਾਲਾ’ ਦੱਸਿਆ ਹੈ।
ਉਨ੍ਹਾਂ ਕਿਹਾ, “ਮੈਂ ਪਹਿਲਾਂ ਕਦੇ ਵੀ ਇੰਨਾ ਵੱਡਾ ਹਾਦਸਾ ਨਹੀਂ ਦੇਖਿਆ।”
ਉਨ੍ਹਾਂ ਨੇ ਕਿਹਾ ਕਿ ਇਸ ਸੜਦੇ ਨੇੜੇ ਉਨ੍ਹਾਂ ਨੇ ਇੱਕ ਸੈਮੀ-ਟ੍ਰੇਲਰ ਟਰੱਕ ਵੀ ਦੇਖਿਆ, ਜਿਸ ਦਾ ਅਗਲਾ ਸਿਰਾ ਸੜਿਆ ਹੋਇਆ ਸੀ, ਅਤੇ ਉਥੇ ਹੀ ਕਰੀਬ 20 ਪੁਲਿਸ ਵਾਹਨ ਅਤੇ ਅੱਠ ਐਂਬੂਲੈਂਸਾਂ ਪਹੁੰਚੀਆਂ ਹੋਈਆਂ ਸਨ।
ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਟਰੈਸੀ ਲੇਚ ਦੀ ਵਾਸੀ ਮਨੀਟੋਬਾ ਉਥੋਂ ਨੇੜਿਓਂ ਲੰਘ ਰਹੇ ਸਨ। ਉਹ ਕਹਿੰਦੇ ਹਨ ਕਿ ਸੈਮੀ-ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ।
ਉਹ ਕਹਿੰਦੇ ਹਨ,“ਉਥੇ ਵਾਹਨ ਦਾ ਕੁਝ ਵੀ ਨਹੀਂ ਸੀ ਬਚਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ।”
“ਮੈਨੂੰ ਤਾਂ ਪੈਨਿਕ ਅਟੈਕ ਹੀ ਆ ਗਿਆ ਸੀ। ਮੈਂ ਮਹਿਸੂਸ ਕੀਤਾ ਕਿ ਮੇਰੇ ਢਿੱਡ ਵਿੱਚ ਸੱਚੀਂ ਦਰਦ ਹੋ ਰਹੀ ਹੈ। ਮੈਂ ਬਿਮਾਰ ਹੋ ਰਹੀ ਸੀ।”
ਅਧਿਕਾਰੀਆਂ ਨੇ ਕੀ ਕਿਹਾ
ਸਥਾਨਕ ਏਅਰ ਐਂਬੂਲੈਂਸ ਸੇਵਾ ਦੇ ਬੁਲਾਰੇ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਸ ਹਾਦਸੇ ਨਾਲ ਨਜਿੱਠਣ ਲਈ ਵੱਡੀ ਗਿਣਤੀ ਵੱਖ-ਵੱਖ ਸੁਰੱਖਿਆ ਕਰਮਚਾਰੀ ਭੇਜੇ ਗਏ ਹਨ।
ਬਲੇਕ ਰੌਬਰਟ ਨੇ 2018 ਵਿੱਚ ਹੋਏ ਇੱਕ ਅਜਿਹੇ ਹੀ ਹਾਦਸੇ ਦਾ ਹਵਾਲਾ ਦਿੰਦਿਆ ਕਿਹਾ ਕਿ ਇਹ ਦੇਸ਼ ਵਿੱਚ ਵਾਪਰੇ ਗੰਭੀਰ ਤੇ ਨੁਕਸਾਨ ਪਹੁੰਚਾਉਣ ਵਾਲੇ ਐਕਸੀਡੈਂਟਾਂ ਵਿੱਚੋਂ ਇੱਕ ਹੈ।
ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਕੁਮਾਂਡਿੰਗ ਅਫ਼ਸਰ ਰੌਬ ਹਿੱਲ ਨੇ ਇੱਕ ਪ੍ਰੈਸ ਕਾਂਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਹਾਦਸੇ ਨੂੰ ਕੈਨੇਡਾ ਦੇ ਲੋਕ ਭੁੱਲ ਨਹੀਂ ਸਕਣਗੇ।
“ਉਨ੍ਹਾਂ ਲੋਕਾਂ ਨੂੰ ਜੋ ਆਪਣਿਆਂ ਦੀ ਉਡੀਕ ਕਰ ਰਹੇ ਹਨ ਦੱਸਣਾ ਚਾਹੁੰਦੇ ਹਾਂ ਕਿ ਮੈਂ ਸਮਝ ਸਕਦਾਂ ਹਾਂ ਕਿ ਇਹ ਜਾਣਨਾ ਕਿੰਨਾ ਔਖਾ ਹੈ ਕਿ ਤੁਹਾਡਾ ਪਿਆਰਾ ਅੱਜ ਰਾਤ ਘਰ ਆਵੇਗਾ ਜਾਂ ਨਹੀਂ। ਮੈਂ ਮਾਫ਼ੀ ਮੰਗਦਾ ਹਾਂ ਕਿ ਜਿਹੜੇ ਜਵਾਬ ਤੁਸੀਂ ਫ਼ੌਰੀ ਤੌਰ ’ਤੇ ਲੈਣਾ ਚਾਹੁੰਦੇ ਹਨ ਦੇ ਜਵਾਬ ਮੇਰੇ ਕੋਲ ਹੈ ਨਹੀਂ”
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਾਦਸੇ ਨੂੰ ਦੁਖਦਾਈ ਦੱਸਿਆ ਹੈ, “ਕੈਰਬੇਰੀ, ਮੈਨੀਟੋਬਾ ਤੋਂ ਆਈ ਖ਼ਬਰ ਬਹੁਤ ਹੀ ਦੁਖਦਾਈ ਹੈ।”
“ਮੈਂ ਅੱਜ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਡੂੰਘੀ ਸੰਵੇਦਨਾ ਭੇਜ ਰਿਹਾ ਹਾਂ, ਅਤੇ ਮੈਂ ਜ਼ਖਮੀ ਮੇਰੇ ਖਿਆਲਾਂ ਵਿੱਚ ਹਨ। ਮੈਂ ਉਸ ਦਰਦ ਦੀ ਕਲਪਨਾ ਨਹੀਂ ਕਰ ਸਕਦਾ ਜੋ ਪ੍ਰਭਾਵਿਤ ਲੋਕ ਮਹਿਸੂਸ ਕਰ ਰਹੇ ਹਨ, ਪਰ ਕੈਨੇਡਾ ਵਾਸੀ ਤੁਹਾਡੇ ਨਾਲ ਹਨ।”