ਘਰ ਵਿੱਚ ਹੀ ਤਿਆਰ ਹੋਣ ਵਾਲਾ ਹਥਿਆਰ ਜਿਸ ਨੇ ਅਮਰੀਕੀ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ

ਤਸਵੀਰ ਸਰੋਤ, CBS News
- ਲੇਖਕ, ਜੇਮਜ਼ ਫਿਟਜ਼ਗੇਰਾਲਡ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਹੈਲਥਕੇਅਰ ਐਗਜ਼ੀਕਿਊਟਿਵ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੱਕੀ ਲੁਈਗੀ ਮੈਂਗਿਓਨ ਤੋਂ ਕਥਿਤ ਤੌਰ 'ਤੇ ਬਰਾਮਦ ਕੀਤੇ ਗਏ ਕਾਲੇ ਪਿਸਤੌਲ ਨੂੰ ਪੁਲਿਸ ਅਧਿਕਾਰੀਆਂ ਨੇ ਇੱਕ ʻਗੋਸਟ ਗਨʼ ਦੱਸਿਆ ਹੈ।
ਅਮਰੀਕਾ ਵਿੱਚ ਅਜਿਹਾ ਹਥਿਆਰ ਜਿਸ ਦਾ ਕੋਈ ਸੀਰੀਅਲ ਨੰਬਰ ਮੌਜੂਦ ਨਾ ਹੋਵੇ ਅਤੇ ਸ਼ਨਾਖ਼ਤ ਸੰਭਵ ਨਾ ਹੋਵੇ, ਨੂੰ ਗੋਸਟ ਗਨ ਕਿਹਾ ਜਾਂਦਾ ਹੈ।
ਕਿਹਾ ਜਾ ਰਿਹਾ ਹੈ, ਇਹ ਹਥਿਆਰ ਘਰੇ ਬੈਠੇ ਤਿਆਰ (ਅਸੈਂਬਲ) ਕੀਤਾ ਜਾ ਸਕਦਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਭਾਵੀ ਤੌਰ 'ਤੇ ਡਿਵਾਈਸ ਨੂੰ 3 ਡੀ ਪ੍ਰਿੰਟਰ ਦੀ ਵਰਤੋਂ ਕਰਕੇ ਬਣਾਇਆ ਹੋ ਸਕਦਾ ਹੈ, ਪਰ ਪੁਸ਼ਟੀ ਲਈ ਬੈਲਿਸਟਿਕ ਮਾਹਰ ਇਸ ਦਾ ਟੈਸਟ ਕਰਨਗੇ।
ਯੂਨਾਈਟਿਡ ਹੈਲਥਕੇਅਰ ਦੇ ਸੀਈਓ ਬ੍ਰਾਇਨ ਥੌਮਸਨ ਦੇ ਕਤਲ ਨੇ ਇੱਕ ਵਾਰ ਫਿਰ ਵਿਵਾਦਿਤ ਹਥਿਆਰ ਨੂੰ ਬਹਿਸ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ, ਜਿਸ ਨੂੰ ਵਕਾਲਤ ਸਮੂਹ " ਦੇਸ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹਥਿਆਰ ਸੁਰੱਖਿਆ ਸਮੱਸਿਆ" ਕਹਿ ਰਹੇ ਹਨ।
ਇੱਥੇ ਇਸ ਹਥਿਆਰ ਬਾਰੇ ਵਧੇਰੇ ਜਾਣਕਾਰੀ ਲਈ ਕੁਝ ਅਹਿਮ ਤੱਥਾਂ ʼਤੇ ਗੱਲ ਕਰਦੇ ਹਾਂ।

ʻਗੋਸਟ ਗਨʼ ਕੀ ਹੈ
ਇਸ ਹਥਿਆਰ ਨੂੰ 'ਗੋਸਟ ਗਨ' ( ਭੂਤ ਬੰਦੂਕ) ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਲੱਭਣਾ ਲਗਭਗ ਅਸੰਭਵ ਹੈ।
ਹਥਿਆਰ ਨੂੰ ਘਰ ਹੀ ਵਿੱਚ ਕਬਾੜ (ਸਕ੍ਰੈਚ) ਤੋਂ ਜਾਂ ਪੁਰਜ਼ਿਆਂ ਦੀ ਕਿੱਟ ਰਾਹੀਂ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸ 'ਤੇ ਸੀਰੀਅਲ ਨੰਬਰ ਨਹੀਂ ਹੁੰਦੇ ਹਨ।
ਉਹ ਹਥਿਆਰ ਜੋ ਲੁਈਗੀ ਮੈਂਗਿਓਨ ਨੇ ਕਥਿਤ ਤੌਰ 'ਤੇ ਆਪਣੇ ਬੈਕਪੈਕ ਵਿੱਚ ਰੱਖਿਆ ਹੋਇਆ ਸੀ, ਉਹ ਆਮ ਜਾਪਦਾ ਹੈ।
ਗ੍ਰਿਫ਼ਤਾਰੀ ਵਾਰੰਟ ਵਿੱਚ ਹਥਿਆਰ ਨੂੰ ਇੱਕ "ਧਾਤੂ ਸਲਾਈਡ ਅਤੇ ਸਾਈਲੈਂਸਰ ਦੇ ਨਾਲ ਇੱਕ 3ਡੀ-ਪ੍ਰਿੰਟਿਡ ਲੋਡਿਡ ਰਿਸੀਵਰ ਵਰਗਾ ਅਰਧ-ਆਟੋਮੈਟਿਕ ਪਿਸਤੌਲ" ਦੱਸਿਆ ਗਿਆ ਹੈ।

ਤਸਵੀਰ ਸਰੋਤ, Getty Images
ਪੁਲਿਸ ਨੇ ਕਿਹਾ ਕਿ ਪਿਸਤੌਲ 9 ਐਮਐਮ ਰਾਉਂਡ ਫਾਇਰ ਕਰ ਸਕਦਾ ਹੈ ਅਤੇ ਹਫ਼ਤੇ ਪਹਿਲਾਂ ਨਿਊ ਯਾਰਕ ਵਿੱਚ ਥੌਮਸਨ ਦੀ ਜਾਨਲੇਵਾ ਗੋਲੀਬਾਰੀ ਵਿੱਚ ਵਰਤੇ ਗਏ ਹਥਿਆਰ ਨਾਲ ਮੇਲ ਖਾਂਦਾ ਸੀ।
ਹਥਿਆਰਾਂ ਦੇ ਕਾਬੂ ਪਾਉਣ ਦੇ ਹੱਕ ਵਿੱਚ ਬਹਿਸ ਕਰਦਿਆਂ, ਬਾਈਡਨ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਹੈ ਕਿ ਗੋਸਟ ਗਨ ਬਣਾਉਣਾ "ਬਹੁਤ ਆਸਾਨ" ਹੈ।
ਅਗਸਤ 2023 ਤੱਕ, ਇੰਟਰਨੈੱਟ ਤੱਕ ਪਹੁੰਚ ਰੱਖਣ ਵਾਲਾ ਕੋਈ ਵੀ ਵਿਅਕਤੀ ਬਿਨਾਂ ਕਿਸੇ ਬੈਕਗਰਾਊਂਡ ਦੀ ਜਾਣਕਾਰੀ ਦਿੰਦਿਆਂ ਹਥਿਆਰ ਲਈ ਜ਼ਰੂਰੀ ਕਈ ਪੁਰਜੇ ਕਾਨੂੰਨੀ ਤੌਰ ʼਤੇ ਖਰੀਦ ਸਕਦਾ ਹੈ।
ਆਨਲਾਈਨ ਟਿਊਟੋਰਿਅਲ ਦੱਸਦੇ ਹਨ ਕਿ ਕਿਵੇਂ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਕੰਮ ਕਰਨ ਵਾਲੀ ਹਥਿਆਰ ਦੇ ਪੁਰਜ਼ੇ ਜੋੜੇ ਜਾ ਸਕਦੇ ਹਨ।

ਤਸਵੀਰ ਸਰੋਤ, Getty Images
ਕਿੰਨੀ ਵੱਡੀ ਸਮੱਸਿਆ ਹੈ ਇਹ
ਮਾਹਰ ਗੋਸਟ ਹਥਿਆਰ ਨੂੰ ਅਮਰੀਕਾ ਦੀ ਤੇਜ਼ੀ ਨਾਲ ਵਧਦੀ ਸਭ ਤੋਂ ਵੱਡੀ ਹਥਿਆਰ ਸੁਰੱਖਿਆ ਸਮੱਸਿਆ ਦੱਸ ਰਹੇ ਹਨ। ਇਸ ਹਥਿਆਰ ਦੀ ਵਰਤੋਂ ਹਾਈ-ਪ੍ਰੋਫਾਈਲ ਸ਼ੂਟਿੰਗ ਵਿੱਚ ਵੱਧਦੀ ਜਾ ਰਹੀ ਹੈ।
ਬਿਓਰੋ ਆਫ ਅਲਕੋਹਲ ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ (ਏਟੀਐੱਫ) ਦੇ ਅਕੰੜਿਆਂ ਅਨੁਸਾਰ, 2022 ਵਿੱਚ ਕੀਤੀ ਗਈ ਜਾਂਚ ਵਿੱਚ 20,000 ਸ਼ੱਕੀ ਗੋਸਟ ਹਥਿਆਰ ਮਿਲੇ, ਜੋ ਕਿ 2016 ਤੋਂ ਦਸ ਗੁਣਾ ਵੱਧ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਸਟ ਹਥਿਆਰਾਂ ਦੇ ਫਰੇਮਾਂ 'ਤੇ ਸੀਰੀਅਲ ਨੰਬਰ ਨਹੀਂ ਹਨ। ਇਸ ਲਈ ਬਿਨਾਂ ਲਾਇਸੈਂਸ ਦੇ ਨਾਬਾਲਗ਼ਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਜਿਹੀਆਂ ਹਥਿਆਰਾਂ ਨੂੰ ਵੇਚਣ ਵਾਲੇ ਡੀਲਰਾਂ ਨੂੰ ਫੜਨਾ ਜ਼ਾਹਰ ਤੌਰ 'ਤੇ ਅਸੰਭਵ ਹੋ ਜਾਂਦਾ ਹੈ।
ਇੱਕ ਸਾਬਕਾ ਸਰਕਾਰੀ ਅਧਿਕਾਰੀ ਨੇ ਸਵਾਲ ਕੀਤਾ ਕਿ ਕੀ ਥੌਮਸਨ ਦਾ ਕਤਲ ਲੋਕਾਂ ਦੀ ਮਾਨਸਿਕਤਾ ਨੂੰ ਬਦਲੇਗਾ।
ਜੂਲੀਅਟ ਕਾਯਮ ਨੇ ਬੀਬੀਸੀ ਰੇਡੀਓ 4 ਪ੍ਰੋਗਰਾਮ ਨੂੰ ਦੱਸਿਆ, "ਗੋਸਟ ਹਥਿਆਰ ਇੱਕ ਬਹੁਤ ਹੀ ਗੁੰਝਲਦਾਰ ਅਤੇ ਹਿੰਸਕ ਦੇਸ਼ ਵਿੱਚ ਇੱਕ ਨਵਾਂ ਕਾਰਕ ਹਨ।"
ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੀ ਨੀਤੀ ਲਈ ਸਾਬਕਾ ਸਹਾਇਕ ਸਕੱਤਰ ਜੂਲੀਅਟ ਕਾਯਮ ਨੇ ਕਿਹਾ ਕਿ ਹਥਿਆਰਾਂ 'ਤੇ ਪਾਬੰਦੀ ਲਗਾਉਣਾ ਅਮਰੀਕਾ ਲਈ "ਹਮੇਸ਼ਾ ਮੁਸ਼ਕਲ" ਰਿਹਾ ਹੈ।
ਸੈਂਟਰ ਫਾਰ ਡਿਸੀਜ਼ ਐਂਡ ਪ੍ਰੀਵੈਂਸ਼ਨ (ਸੀਡੀਸੀ) ਅਨੁਸਾਰ, 2022 ਵਿੱਚ ਸੰਯੁਕਤ ਰਾਜ ਵਿੱਚ ਹਥਿਆਰਾਂ ਨਾਲ 48,000 ਤੋਂ ਵੱਧ ਲੋਕ ਮਾਰੇ ਜਾਣਗੇ।

ਤਸਵੀਰ ਸਰੋਤ, Getty Images
ਕੀ ਗੋਸਟ ਹਥਿਆਰਾਂ ʼਤੇ ਕਾਬੂ ਪਾਇਆ ਜਾ ਸਕਦਾ ਹੈ
ਥੌਮਸਨ ਦੇ ਕਤਲ ਨੇ ਗੋਸਟ ਹਥਿਆਰਾਂ ਦੀ ਜਾਂਚ ਨੂੰ ਨਵੇਂ ਸਿਰਿਓਂ ਸ਼ੁਰੂ ਕਰ ਦਿੱਤਾ ਹੈ।
ਬਾਈਡਨ ਪ੍ਰਸ਼ਾਸਨ ਨੇ ਗੋਸਟ ਹਥਿਆਰਾਂ ਨੂੰ ਇਹ ਕਹਿ ਕੇ ਨਿਯਮਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨਾਲ ਵਪਾਰਕ ਤੌਰ 'ਤੇ ਉਪਲਬਧ ਹਥਿਆਰਾਂ ਵਾਂਗ ਹੀ ਵਿਹਾਰ ਕੀਤਾ ਜਾਣਾ ਚਾਹੀਦਾ ਹੈ।
ਗੋਸਟ ਹਥਿਆਰਾਂ ਦੀਆਂ ਕਿੱਟਾਂ ਦੇ ਨਿਰਮਾਤਾਵਾਂ ਨੂੰ ਹੁਣ ਆਪਣੇ ਉਤਪਾਦਾਂ 'ਤੇ ਸੀਰੀਅਲ ਨੰਬਰ ਲਿਖਣ ਅਤੇ ਗੋਸਟ ਹਥਿਆਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਗਾਹਕਾਂ ਦੀ ਪਿਛੋਕੜ ਦੀ ਜਾਂਚ ਕਰਨ ਦੀ ਲੋੜ ਹੈ।
ਅਕਤੂਬਰ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਆਪਣੀ ਇੱਛਾ ਦਾ ਸੰਕੇਤ ਦਿੱਤਾ ਸੀ, ਜਿਸ ਨੂੰ ਹਥਿਆਰ ਅਧਿਕਾਰ ਸਮੂਹਾਂ ਨੇ ਇਹ ਕਹਿੰਦਿਆਂ ਚੁਣੌਤੀ ਦਿੱਤੀ ਸੀ ਕਿ ਅਧਿਕਾਰੀਆਂ ਨੇ ਪਹਿਲਾਂ ਤੋਂ ਮੌਜੂਦ ਕਾਨੂੰਨ ਦੀਆਂ ਸੀਮਾਵਾਂ ਦੀ ਉਲੰਘਣਾ ਕੀਤੀ ਹੈ।
ਏਟੀਐੱਫ ਦੇ ਨਵੇਂ ਨਿਯਮ ਨੂੰ ਬਰਕਰਾਰ ਰੱਖਣ ਵਾਲਾ ਫ਼ੈਸਲਾ ਸੁਪਰੀਮ ਕੋਰਟ ਦੇ ਰੁਖ਼ ਵਿੱਚ ਬਦਲਾਅ ਦਾ ਸੰਕੇਤ ਦਿੰਦਾ ਹੈ।
ਇਸ ਵਿੱਚ ਵੱਡੇ ਪੱਧਰ 'ਤੇ ਰੂੜੀਵਾਦੀ ਬਹੁਮਤ ਹੈ, ਜੋ ਕਿ ਹਥਿਆਰ ਦੇ ਨਿਯੰਤਰਣ ਲਈ ਵੱਡੇ ਪੱਧਰ 'ਤੇ ਖਦਸ਼ੇ ਵਿੱਚ ਹੈ।
ਹਥਿਆਰਾਂ ਦੇ ਮਾਮਲੇ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਖ਼ੁਦ ਨੂੰ ਦੂਜੀ ਸੋਧ ਦੇ ਕੱਟੜ ਰੱਖਿਅਕ ਵਜੋਂ ਸਥਾਪਿਤ ਕੀਤਾ ਹੈ, ਜੋ ਹਥਿਆਰ ਰੱਖਣ ਦਾ ਅਧਿਕਾਰ ਦਿੰਦਾ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਨੈਸ਼ਨਲ ਰਾਈਫਲ ਐਸੋਸੀਏਸ਼ਨ (ਐੱਨਆਰਏ) ਨੂੰ ਕਿਹਾ ਕਿ ਉਹ ਸਮੂਹ ਦੇ ਸਭ ਤੋਂ ਚੰਗੇ ਦੋਸਤ ਹਨ।

ਤਸਵੀਰ ਸਰੋਤ, Getty Images
ਅਮਰੀਕਾ ਦਾ ʻਗਨ ਕਲਚਰʼ
ਅਮਰੀਕਾ 'ਚ ਕਿਸੇ ਨਾ ਕਿਸੇ ਪਾਸਿਓਂ ਹਥਿਆਰ ਨਾਲ ਹਮਲੇ ਦੀਆਂ ਖ਼ਬਰਾਂ ਆਉਣਾ ਆਮ ਗੱਲ ਹੈ।
ਅਜਿਹੀਆਂ ਵਾਰਦਾਤਾਂ ਲਈ ਅਮਰੀਕਾ ਦੇ ਬੰਦੂਕ ਸੱਭਿਆਚਾਰ (ਗਨ ਕਲਚਰ) ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਦੇਸ 'ਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਵਜੂਦ ਹਥਿਆਰਾਂ 'ਤੇ ਕੰਟਰੋਲ ਕਰਨ ਲਈ ਸਰਕਾਰ ਨੂੰ ਸੰਘਰਸ਼ ਕਰਨਾ ਪਿਆ ਪੈ ਰਿਹਾ ਹੈ।
ਇਸ ਲਈ ਅਕਸਰ ਨੈਸ਼ਨਲ ਰਾਇਫ਼ਲ ਐਸੋਸੀਏਸ਼ਨ (ਐੱਨਆਰਏ) ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
1871 'ਚ ਗ੍ਰਹਿ ਯੁੱਧ ਦੇ ਤੁਰੰਤ ਬਾਅਦ ਨੈਸ਼ਨਲ ਰਾਇਫ਼ਲ ਐਸੋਸੀਏਸ਼ਨ ਬਣੀ ਸੀ।
20ਵੀਂ ਸਦੀ ਦੇ ਅੱਧ ਤੱਕ ਇਸ ਨੂੰ ਸਿਰਫ਼ ਨਿਸ਼ਾਨੇਬਾਜ਼ਾਂ ਦਾ ਸੰਗਠਨ ਮੰਨਿਆ ਜਾਂਦਾ ਰਿਹਾ।
ਪਹਿਲਾਂ ਜੈਕ ਕੈਨੇਡੀ, ਫਿਰ ਮਾਰਟਿਨ ਲੂਥਰ ਕਿੰਗ ਤੇ ਬੌਬੀ ਕੈਨੇਡੀ ਦੇ ਕਤਲ ਤੋਂ ਬਾਅਦ ਅਮਰੀਕਾ 'ਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ।
ਜਿਸ ਤੋਂ ਬਾਅਦ ਸਚਮੁੱਚ ਇੱਕ ਸਿਆਸੀ ਅੰਦੋਲਨ ਦੀ ਸ਼ੁਰੂਆਤ ਹੋ ਗਈ।
1968 ਦੇ ਬੰਦੂਕ ਕੰਟਰੋਲ ਕਾਨੂੰਨ ਦੇ ਤਹਿਤ ਹਥਿਆਰ ਵੇਚਣ ਲਈ ਜ਼ਿਆਦਾ ਲਾਇਸੰਸੀ ਡੀਲਰਾਂ ਦੀ ਲੋੜ ਸੀ।
ਇਹ ਸੰਗਠਨ ਪਿਛਲੇ ਕਰੀਬ 50 ਸਾਲਾਂ ਤੋਂ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹੈ।
ਦੂਜੀ ਸੋਧ 'ਚ ਸਾਫ਼ ਕਿਹਾ ਗਿਆ ਕਿ ਇੱਕ ਰੈਗੂਲਰ ਨਾਗਰਿਕ ਫੌਜ ਸੁਤੰਤਰ ਸੂਬੇ ਦੀ ਸੁਰੱਖਿਆ ਲਈ ਜ਼ਰੂਰੀ ਹੈ।

ਲੋਕਾਂ ਦੇ ਹਥਿਆਰ ਰੱਖਣ ਸੰਬੰਧੀ ਅਧਿਕਾਰਾਂ ਦਾ ਉਲੰਘਣ ਨਹੀਂ ਹੋਣਾ ਚਾਹੀਦੀ।
ਕਹਿਣ ਦਾ ਮਤਲਬ ਹੈ ਕਿ ਜੇਕਰ ਸੰਘੀ ਸਰਕਾਰ ਨਾਗਰਿਕ ਸੈਨਾ ਨੂੰ ਹਥਿਆਰ ਨਹੀਂ ਦਿੰਦੀ ਤਾਂ ਲੋਕ ਇਹ ਕੰਮ ਕਰ ਸਕਦੇ ਹਨ।
ਦੂਜੀ ਸੋਧ 'ਚ ਸੁਪਰੀਮ ਕੋਰਟ ਨੇ ਸਿਰਫ਼ 3 ਕੇਸ ਦਰਜ ਕੀਤੇ।
ਇਹ ਮੰਨਿਆ ਗਿਆ ਕਿ ਦੂਜੀ ਸੋਧ ਨਾਗਰਿਕ ਫੌਜ ਨਾਲ ਜੁੜੀ ਹੋਈ ਹੈ। ਇਹ ਸਮੂਹਿਕ ਅਧਿਕਾਰ ਦਿੰਦਾ ਹੈ ਨਾ ਕਿ ਵਿਅਕਤੀਗਤ।
1960 ਤੱਕ ਮੰਨਿਆ ਜਾਂਦਾ ਰਿਹਾ ਕਿ ਮਾਮਲਾ ਸੁਲਝ ਗਿਆ ਹੈ।
ਐੱਨਆਰਏ ਨੇ ਇਸ ਨੂੰ ਬਦਲਣ ਲਈ ਵੱਡੀ ਮੁਹਿੰਮ ਵਿੱਢੀ। ਅਮਰੀਕਾ ਦੀਆਂ ਕਾਨੂੰਨ ਸਮੀਖਿਆਵਾਂ ਵਿੱਚ ਉਨ੍ਹਾਂ ਨੇ ਕਈ ਲੇਖ ਲਿਖਵਾਏ।
ਇਸ 'ਚ ਕਿਹਾ ਗਿਆ ਕਿ ਇਸ ਸੋਧ ਨੂੰ ਵਿਅਕਤੀਗਤ ਤੌਰ 'ਤੇ ਹਥਿਆਰ ਰੱਖਣ ਦੇ ਅਧਿਕਾਰ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ 2008 'ਚ ਉਦੋਂ ਵੱਡੀ ਜੰਗ ਜਿੱਤ ਲਈ ਜਦੋਂ ਦਿ ਡਿਸਟ੍ਰਿਕਟ ਆਫ਼ ਕੋਲੰਬੀਆ ਬਨਾਮ ਹੇਲਰ ਕੇਸ 'ਚ ਸੁਪਰੀਮ ਕੋਰਟ ਨੇ ਪਹਿਲੀ ਵਾਰ ਕਿਹਾ ਕਿ ਦੂਜੀ ਸੋਧ ਵਿਅਕਤੀਗਤ ਅਧਿਕਾਰ ਦੀ ਮਨਜ਼ੂਰੀ ਦਿੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












