ਦੋਵੇਂ ਕਿਸਾਨ ਭਰਾਵਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਪਰ ਫਿਰ ਕਿਵੇਂ ਮੁੜ ਦੋਵਾਂ ਨੇ ਦੇਖਣਾ ਸ਼ੁਰੂ ਕੀਤਾ

ਮਲਕੀਤ ਸਿੰਘ ਅਤੇ ਚਰਨਜੀਤ ਸਿੰਘ
ਤਸਵੀਰ ਕੈਪਸ਼ਨ, ਮਲਕੀਤ ਸਿੰਘ ਅਤੇ ਚਰਨਜੀਤ ਸਿੰਘ ਇੱਕ ਬਿਮਾਰੀ ਕਾਰਨ ਜੋਤਹੀਣ ਹੋ ਗਏ ਸਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

"ਹੁਣ ਮੇਰਾ ਦੁਬਾਰਾ ਜਨਮ ਹੋ ਗਿਆ ਹੈ।"

ਰੰਗਲੀ ਦੁਨੀਆਂ ਦੇਖਣ ਤੋਂ 25 ਸਾਲ ਸੱਖ਼ਣੇ ਰਹੇ 60 ਸਾਲਾ ਚਰਨਜੀਤ ਸਿੰਘ ਹੁਣ ਮੁੜ ਦੇਖ ਸਕਣ ਦੇ ਸਮਰੱਥ ਹੋ ਗਏ ਹਨ। ਪਿਛਲੇ ਢਾਈ ਦਹਾਕੇ ਉਨ੍ਹਾਂ ਦੀ ਜ਼ਿੰਦਗੀ ਜੋਤਹੀਣ ਹੋਣ ਕਾਰਨ ਹਨੇਰੇ ਵਿੱਚ ਲੰਘੀ।

ਉਨ੍ਹਾਂ ਦੀਆਂ ਅੱਖਾਂ ਸਿਰਫ਼ ਧੁੱਪ-ਛਾਂ ਦਾ ਫ਼ਰਕ ਕਰਨ ਦੀ ਬਜਾਇ ਕੁਝ ਨਹੀਂ ਦੇਖ ਸਕਦੀਆਂ ਸਨ। ਉਹ ਅੱਖਾਂ ਦੇ ਫੁਕਸ ਡਿਸਟ੍ਰੋਫੀ ਨਾਮ ਦੇ ਰੋਗ ਤੋਂ ਪੀੜਤ ਸਨ।

ਇਹ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਇਨਸਾਨ ਨੂੰ ਹੋਲੀ-ਹੋਲੀ ਦਿੱਖਣਾ ਬੰਦ ਹੋ ਜਾਂਦਾ ਹੈ ਅਤੇ ਉਹ ਜੋਤਹੀਣ ਹੋ ਜਾਂਦੇ ਹਨ।

ਚਰਨਜੀਤ ਸਿੰਘ ਨੂੰ 45 ਸਾਲ ਦੀ ਉਮਰ ਵਿੱਚ ਦਿਖਣਾ ਬੰਦ ਹੋ ਗਿਆ ਸੀ ਅਤੇ ਹੁਣ 25 ਸਾਲਾਂ ਬਾਅਦ ਅੱਖਾਂ ਦਾਨ ਵਿੱਚ ਮਿਲਣ ਕਾਰਨ ਉਹ ਪੂਰੀ ਤਰ੍ਹਾਂ ਦੇਖਣ ਦੇ ਕਾਬਲ ਹੋਏ ਹਨ।

ਤਿੰਨ ਮਹੀਨੇ ਪਹਿਲਾਂ ਇੱਕ ਸਵੈਸੇਵੀ ਸੰਸਥਾ ਦੇ ਯਤਨਾਂ ਸਦਕਾ ਉਨ੍ਹਾਂ ਦੀਆਂ ਅੱਖਾਂ ਨੂੰ ਟਰਾਂਸਪਲਾਟ ਕਰਨ ਦਾ ਸਫ਼ਲ ਆਪਰੇਸ਼ਨ ਹੋਇਆ ਹੈ।

ਮਲਕੀਤ ਦੀ ਵੀ ਇਹੀ ਕਹਾਣੀ

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਇਹੀ ਕਹਾਣੀ ਚਰਨਜੀਤ ਸਿੰਘ ਦੇ ਭਰਾ ਮਲਕੀਤ ਸਿੰਘ ਦੀ ਵੀ ਹੈ। ਉਨ੍ਹਾਂ ਨੂੰ ਵੀ 23 ਸਾਲਾਂ ਦੀ ਉਮਰ ਵਿੱਚ ਦਿਖਣਾ ਬੰਦ ਹੋ ਗਿਆ ਸੀ। ਉਹ 10 ਸਾਲ ਹਨੇਰੇ ਵਿੱਚ ਰਹੇ।

ਅੱਖਾਂ ਦੀ ਰੌਸ਼ਨੀ ਜਾਣ ਕਾਰਨ ਉਹ ਵੀ ਮੰਜੇ ਉੱਤੇ ਆ ਗਏ ਸਨ। ਇਲਾਜ ਤੇ ਆਰਥਿਕ ਮੰਦੀ ਕਾਰਨ ਉਨ੍ਹਾਂ ਦੀ ਜ਼ਮੀਨ ਵੀ ਵਿਕ ਗਈ ਸੀ।

ਇਹ ਦੋਵੇਂ ਭਰਾ ਪੰਜਾਬ ਦੇ ਮਲੇਰਕੋਟਲੇ ਪਿੰਡ ਦੇ ਦਸੌਂਧਾਂ ਸਿੰਘ ਵਾਲਾ ਦੇ ਵਸਨੀਕ ਅਤੇ ਛੋਟੇ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ।

ਸਵੈ ਸੇਵੀ ਸੰਸਥਾ ਜੋ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਜਾਗਰੂਕ ਕਰਕੇ ਅੱਖਾਂ ਦਾਨ ਕਰਵਾਉਂਦੀ ਹੈ, ਉਸ ਦੇ ਯਤਨਾਂ ਨਾਲ ਇਨ੍ਹਾਂ ਦੋਵਾਂ ਭਰਾਵਾਂ ਦੀ ਜ਼ਿੰਦਗੀ ਵਿੱਚ ਮੁੜ ਬਹਾਰ ਪਰਤੀ ਅਤੇ ਉਹ ਮੁੜ ਦੇਖਣ ਦੇ ਸਮਰੱਥ ਹੋਏ ਹਨ।

ਵੀਡੀਓ ਕੈਪਸ਼ਨ, ਮਲੇਰਕੋਟਲਾ ਦੇ ਦੋ ਕਿਸਾਨ ਭਰਾਵਾਂ ਨੂੰ ਇਓਂ ਮਿਲੀ ਕਈ ਸਾਲਾਂ ਬਾਅਦ ਅੱਖਾਂ ਦੀ ਜੋਤ

ਜ਼ਿੰਦਗੀ ਹੁਣ ਅਤੇ ਪਹਿਲਾਂ

ਮਲਕੀਤ ਸਿੰਘ
ਤਸਵੀਰ ਕੈਪਸ਼ਨ, ਮਲਕੀਤ ਸਿੰਘ ਨੇ ਕਈ ਧੰਦਿਆਂ ਵਿੱਚ ਹੱਥ ਅਜ਼ਮਾ ਕੇ ਆਪਣੀ ਆਰਥਿਕ ਸਥਿਤੀ ਵਿੱਚ ਸੁਧਾਰੀ

60 ਸਾਲਾ ਚਰਨਜੀਤ ਕਹਿੰਦੇ ਹਨ, ''ਮੈਂ ਆਪਣੇ ਜ਼ਿੰਦਗੀ ਦੇ 25 ਸਾਲ ਮੰਜੇ ਉੱਤੇ ਲੰਘਾਏ। ਮੈਂ ਆਪਣੀ ਪਤਨੀ ਉੱਤੇ ਪੂਰੀ ਤਰ੍ਹਾਂ ਨਿਰਭਰ ਰਿਹਾ। ਇਸੇ ਦੌਰਾਨ ਮੇਰੇ ਪੁੱਤਰ ਦੀ ਮੌਤ ਹੋ ਗਈ। ਖੇਤੀਬਾੜੀ ਵੀ ਛੱਡੀ ਗਈ। ਮੈਂ ਘਰੋਂ ਬਾਹਰ ਪੈਰ ਪੁੱਟਣ ਦੇ ਕਾਬਲ ਨਹੀਂ ਸੀ।''

ਉਹ ਦੱਸਦੇ ਹਨ ਕਿ ਪਹਿਲਾਂ ਹਰ ਚੀਜ਼ ਕਾਲੀ ਨਜ਼ਰ ਆਉਂਦੀ ਸੀ। ਲੋਕਾਂ ਦੇ ਚਿਹਰੇ ਨਜ਼ਰ ਨਹੀਂ ਆਉਂਦੇ ਸਨ।

ਹੁਣ ਉਹ ਚਿਹਰਿਆਂ ਦੀ ਪਛਾਣ ਵੀ ਕਰ ਲੈਂਦੇ ਹਨ ਅਤੇ ਸਾਰੇ ਰੰਗ ਵੀ ਪਛਾਣੇ ਜਾਂਦੇ ਹਨ। ਉਹ ਖੁਦ ਪਿੰਡ ਵਿੱਚ ਗੇੜਾ ਲਾਉਣ ਜਾਂਦੇ ਹਨ ਅਤੇ ਬੱਸਾਂ ਦੀ ਸਵਾਰੀ ਕਰਦੇ ਹਨ।

ਚਰਨਜੀਤ ਨੇ ਦੱਸਿਆ , "25 ਸਾਲ ਬਾਅਦ ਮੈਨੂੰ ਅੱਖਾਂ ਮਿਲੀਆਂ। ਹੁਣ ਤੰਦਰੁਸਤ ਹੋਇਆ ਹਾਂ। ਪਹਿਲਾਂ ਤਾਂ ਹਨੇਰਾ ਹੀ ਸੀ। ਹਨੇਰੇ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਨਹੀਂ ਹੁੰਦੀ। ਬੰਦਾ ਘਰ ਤੋਂ ਬਾਹਰ ਨਹੀਂ ਜਾ ਸਕਦਾ।"

"ਅੱਖਾਂ ਦਾ ਦਾਨ ਵੱਡੀ ਸੇਵਾ ਹੈ। ਮੰਜੇ ਉੱਤੇ ਬੈਠਾ ਬੰਦਾ ਤੁਰਨ ਜੋਗਾ ਹੋ ਜਾਂਦਾ ਹੈ। ਮੈਨੂੰ ਇਸਦਾ ਅਹਿਸਾਸ ਹੈ। ਇਹ ਮੇਰੀ ਹੱਡਬੀਤੀ ਹੈ।"

ਉਨ੍ਹਾਂ ਦੱਸਿਆ, "ਜਦੋਂ ਨਜ਼ਰ ਨਹੀਂ ਆਉਂਦਾ ਸੀ ਤਾਂ ਜ਼ਿੰਦਗੀ ਧੱਕੇ ਨਾਲ ਚੱਲਦੀ ਸੀ। ਬੱਸ ਸਮਾਂ ਹੀ ਗੁਜ਼ਰ ਰਿਹਾ ਸੀ। ਹੁਣ ਦੁਬਾਰਾ ਜਨਮ ਹੋ ਗਿਆ।"

ਨਜ਼ਰ ਪਰਤਣ ਨਾਲ ਜੀਵਨ ਲੀਹ ਉੱਤੇ ਕਿਵੇਂ ਆਇਆ

ਮਲਕੀਤ ਸਿੰਘ
ਤਸਵੀਰ ਕੈਪਸ਼ਨ, ਮਲਕੀਤ ਸਿੰਘ 10 ਸਾਲਾਂ ਤੱਕ ਹਨੇਰੇ ਵਿੱਚ ਰਹੇ ਸਨ

ਅੱਖਾਂ ਦਾਨ ਵਿੱਚ ਮਿਲਣ ਤੋਂ ਬਾਅਦ ਮਲਕੀਤ ਆਪਣੀ ਵੇਚੀ ਹੋਈ ਜ਼ਮੀਨ ਨੂੰ ਤਾਂ ਦੁਬਾਰਾ ਹਾਸਲ ਨਹੀਂ ਕਰ ਸਕਿਆ। ਪਰ ਉਸ ਨੇ ਕਈ ਧੰਦਿਆਂ ਵਿੱਚ ਹੱਥ ਅਜ਼ਮਾ ਕੇ ਆਪਣੀ ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ।

ਮਲਕੀਤ ਨੇ ਆਪਣੇ ਦੋਸਤ ਨਾਲ ਸਾਂਝੇ ਤੌਰ 'ਤੇ ਟਰਾਂਸਪੋਰਟੇਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਸੀ। ਇਸ ਧੰਦੇ ਤੋਂ ਉਨ੍ਹਾਂ ਨੇ ਵਧੀਆ ਮੁਨਾਫ਼ਾ ਕਮਾਇਆ ਹੈ।

ਇਸ ਮਗਰੋਂ ਮਲਕੀਤ ਨੇ ਡੇਅਰੀ ਫ਼ਾਰਮਿੰਗ ਦਾ ਕੰਮ ਵੀ ਸ਼ੁਰੂ ਕੀਤਾ ਸੀ। ਹੁਣ ਵੀ ਉਨ੍ਹਾਂ ਨੇ ਘਰ ਵਿੱਚ ਦੁਧਾਰੂ ਪਸ਼ੂ ਰੱਖੇ ਹੋਏ ਹਨ ਅਤੇ ਖੁਦ ਹੀ ਉਨ੍ਹਾਂ ਦੀ ਸੰਭਾਲ ਕਰਦਾ ਹੈ। ਇਨ੍ਹਾਂ ਪਸ਼ੂਆਂ ਦੇ ਦੁੱਧ ਤੋਂ ਹੁੰਦੀ ਕਮਾਈ ਵੀ ਉਨ੍ਹਾਂ ਦੀ ਕੁੱਲ ਆਮਦਨ ਦਾ ਹਿੱਸਾ ਹੈ।

ਮਲਕੀਤ ਪਿੰਡ ਵਿੱਚ ਆਪਣੀ ਕਰਿਆਨੇ ਦੀ ਦੁਕਾਨ ਵੀ ਚਲਾ ਰਹੇ ਹਨ, ਜਿੱਥੇ ਉਹ ਰਾਸ਼ਨ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਨੂੰ ਵੇਚਦੇ ਹਨ।

ਮਲਕੀਤ ਨੇ ਦੱਸਿਆ ਕਿ ਉਹ ਆਪਣੀ ਢਾਈ ਕਿੱਲੇ ਜ਼ਮੀਨ ਉੱਤੇ ਖੇਤੀ ਕਰਨ ਤੋਂ ਇਲਾਵਾ ਜ਼ਮੀਨ ਠੇਕੇ ਉੱਤੇ ਲੈ ਕੇ ਵੀ ਵਾਹੀ ਕਰਦੇ ਹਨ।

ਉਡੀਕ ਕਿੰਨੀ ਲੰਬੀ ਰਹੀ

ਮਲਕੀਤ ਦੱਸਦੇ ਹਨ ਕਿ ਉਨ੍ਹਾਂ ਨੂੰ 10 ਸਾਲ ਦਰੁਸਤ ਨਜ਼ਰ ਤੋਂ ਬਿਨਾਂ ਕੱਟਣੇ ਪਏ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਇੰਨੀ ਧੁੰਦਲੀ ਸੀ ਕਿ ਉਹ ਸਿਰਫ਼ ਧੁੱਪ ਛਾਂ ਦਾ ਫ਼ਰਕ ਹੀ ਕਰ ਸਕਦੇ ਸੀ।

ਲਗਭਗ 22 ਸਾਲ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਦਾ ਕੌਰਨੀਆਂ ਬਦਲਣ ਨਾਲ ਉਨ੍ਹਾਂ ਦੀ ਨਜ਼ਰ ਠੀਕ ਹੋ ਸਕੀ।

ਉਹ ਦੱਸਦੇ ਹਨ ਕਿ ਕੌਰਨੀਆਂ ਬਦਲਣ ਦੇ ਤੁਰੰਤ ਬਾਅਦ ਉਨ੍ਹਾਂ ਦੀ ਨਜ਼ਰ ਠੀਕ ਹੋ ਗਈ ਸੀ ਪਰ ਨਜ਼ਰ ਪੂਰੀ ਤਰ੍ਹਾਂ ਦਰੁਸਤ 3 ਸਾਲਾਂ ਮਗਰੋਂ ਹੋਈ।

60 ਸਾਲਾ ਚਰਨਜੀਤ ਸਿੰਘ ਨੂੰ 25 ਸਾਲ ਇਸੇ ਸਮੱਸਿਆ ਵਿੱਚੋਂ ਲੰਘਣਾ ਪਿਆ। ਉਨ੍ਹਾਂ ਦੀਆਂ ਅੱਖਾਂ ਦਾ ਕੌਰਨੀਆਂ ਤਿੰਨ ਮਹੀਨੇ ਪਹਿਲਾਂ ਬਦਲਿਆ ਗਿਆ।

ਹੁਣ ਉਹ ਦੇਖਣ ਦੇ ਕਾਬਲ ਹੋ ਗਏ ਹਨ। ਉਨ੍ਹਾਂ ਦੀ ਨਜ਼ਰ ਵਿੱਚ ਅਗਲੇ ਤਿੰਨ ਸਾਲਾਂ ਤੱਕ ਵਾਧਾ ਹੁੰਦਾ ਰਹੇਗਾ।

ਅੱਖਾਂ ਕਿਵੇਂ ਖਰਾਬ ਹੋਈਆਂ

ਚਰਨਜੀਤ ਸਿੰਘ
ਤਸਵੀਰ ਕੈਪਸ਼ਨ, ਚਰਨਜੀਤ ਸਿੰਘ 25 ਸਾਲਾਂ ਤੱਕ ਆਪਣੀ ਪਤਨੀ ਉੱਤੇ ਨਿਰਭਰ ਰਹੇ ਹਨ

ਦੋਵੇਂ ਭਰਾਵਾਂ ਨੂੰ ਅੱਖਾਂ ਦਾਨ ਵਿੱਚ ਦਵਾਉਣ ਵਾਲੇ ਡਾ. ਰਾਮੇਸ਼ ਚੰਦ ਦੱਸਦੇ ਹਨ ਕਿ ਦੋਵੇਂ ਭਰਾ ਫੁਕਸ ਡਿਸਟ੍ਰੋਫੀ, ਜਿਸਨੂੰ ਫੁਕਸ ਐਂਡੋਥੈਲੀਅਲ ਕੋਰਨੀਅਲ ਡਿਸਟ੍ਰੋਫੀ (FED) ਵੀ ਕਿਹਾ ਜਾਂਦਾ ਹੈ, ਨਾਲ ਪੀੜਤ ਸਨ।

ਇਸ ਬੀਮਾਰੀ ਵਿੱਚ ਪੀੜਤ ਦੀ ਅੱਖ ਦੇ ਕੌਰਨੀਆਂ ਵਿੱਚ ਬੱਦਲੀ ਛਾ ਜਾਂਦੀ ਹੈ, ਉਹ ਬਿਲਕੁਲ ਚਿੱਟਾ ਹੋ ਜਾਂਦਾ ਹੈ।

ਕਈ ਕੇਸਾਂ ਵਿੱਚ ਅਜਿਹੇ ਮਰੀਜ਼ ਦੀ ਨਜ਼ਰ ਨਾਂ ਦੇ ਬਰਾਬਰ ਹੋ ਜਾਂਦੀ ਹੈ। ਚਰਨਜੀਤ ਅਤੇ ਮਲਕੀਤ ਇਸੇ ਬੀਮਾਰੀ ਤੋਂ ਪੀੜਤ ਸਨ।

ਅੱਖ ਦਾਨ ਵਿੱਚ ਚੁਣੌਤੀਆਂ

 ਡਾਕਟਰ ਰਾਮੇਸ਼ ਚੰਦ
ਤਸਵੀਰ ਕੈਪਸ਼ਨ, ਡਾ. ਰਾਮੇਸ਼ ਚੰਦ ਮੁਤਾਬਕ ਦੋਵੇਂ ਭਰਾ ਫੁਚਸ ਡਿਸਟ੍ਰੋਫੀ (FED) ਨਾਲ ਪੀੜਤ ਸਨ

ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਸੰਸਥਾਪਕ ਡਾ. ਰਾਮੇਸ਼ ਚੰਦ ਪਿਛਲੇ 32 ਸਾਲਾਂ ਤੋਂ ਲੋਕਾਂ ਨੂੰ ਅੱਖ ਦਾਨ ਕਰਨ ਲਈ ਜਾਗਰੂਕ ਕਰ ਰਹੇ ਹਨ।

ਉਹ ਕਹਿੰਦੇ ਹਨ, "ਬਹੁਤ ਨਾ ਮਾਤਰ ਲੋਕ ਅੱਖਾਂ ਦਾਨ ਕਰਦੇ ਹਨ ਜਦਕਿ ਅੱਖਾਂ ਦੀ ਲੋੜ ਲੱਖਾਂ ਵਿਅਕਤੀਆਂ ਨੂੰ ਹੈ। ਹਰ ਮਹੀਨੇ ਮੌਤਾਂ ਹੋਣ ਨਾਲ ਲੱਖਾਂ ਅੱਖਾਂ ਸੜ੍ਹ ਕੇ ਸੁਆਹ ਹੋ ਜਾਂਦੀਆਂ ਹਨ। ਲੋਕ ਅੱਖਾਂ ਦਾਨ ਕਰਨ ਤੋਂ ਕਤਰਾਉਂਦੇ ਹਨ। ਇਸ ਦਾ ਵੱਡਾ ਕਾਰਨ ਵਹਿਮ-ਭਰਮ ਹਨ।"

"ਲੋਕ ਸੋਚਦੇ ਹਨ ਕਿ ਜੇਕਰ ਉਨ੍ਹਾਂ ਨੇ ਅੱਖਾਂ ਦਾਨ ਕਰ ਦਿੱਤੀਆਂ ਤਾਂ ਅਗਲੇ ਜਨਮ ਵਿੱਚ ਉਹ ਅੰਨ੍ਹੇ ਪੈਦਾ ਹੋਣਗੇ। ਪਰ ਫਿਰ ਵੀ ਕਈ ਲੋਕ ਅਜਿਹੇ ਹਨ, ਜੋ ਆਪਣੀਆਂ ਅੱਖਾਂ ਦਾਨ ਕਰਦੇ ਹਨ।"

ਉਨ੍ਹਾਂ ਕਿਹਾ, "ਇਕ ਵਿਅਕਤੀ ਦੀ ਮੌਤ ਦੇ ਕਈ ਘੰਟਿਆਂ ਬਾਅਦ ਤੱਕ ਅੱਖਾਂ ਜਿਊਂਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਦਾਨ ਕਰਕੇ ਲੋਕਾਂ ਦੀ ਜ਼ਿੰਦਗੀ ਬਦਲੀ ਜਾ ਸਕਦੀ ਹੈ। ਜਿਵੇਂ ਚਰਨਜੀਤ ਅਤੇ ਮਲਕੀਤ ਸਿੰਘ ਦੀ ਬਦਲ ਗਈ ਹੈ। "

ਅੱਖਾਂ ਦਾਨ

ਅੱਖਾਂ ਦੀ ਲੋੜ ਤੇ ਉਪਲੱਬਧਤਾ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਸਾਲ 25 ਅਗਸਤ 2024 ਨੂੰ 39ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਦੇਸ ਵਿੱਚ ਅੱਖਾਂ ਦੇ ਦਾਨ ਅਤੇ ਅੱਖਾਂ ਦੀ ਲੋੜ ਦੇ ਫ਼ਰਕ ਸਬੰਧੀ ਅੰਕੜੇ ਸਾਂਝੇ ਕੀਤੇ ਸਨ।

ਪੰਜਾਬ ਦੇ ਸਿਹਤ ਮੰਤਰੀ ਨੇ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਭਾਰਤ ਵਿੱਚ ਲਗਭਗ 11 ਲੱਖ ਲੋਕ ਕੌਰਨੀਅਲ ਅੰਨ੍ਹੇਪਣ ਤੋਂ ਪੀੜਤ ਹਨ ਅਤੇ ਹਰ ਸਾਲ 25,000 ਨਵੇਂ ਕੇਸ ਆ ਰਹੇ ਹਨ। ਪਰ ਭਾਰਤ ਵਿੱਚ ਹਰ ਸਾਲ ਸਿਰਫ਼ 25000 ਕੌਰਨੀਅਲ ਟ੍ਰਾਂਸਪਲਾਂਟ ਹੀ ਕੀਤੇ ਜਾਂਦੇ ਹਨ।

ਉਨ੍ਹਾਂ ਨੇ ਇਸ ਬਿਆਨ ਵਿੱਚ ਕਿਹਾ ਸੀ ਕਿ ਅੱਖਾਂ ਦੇ ਦਾਨ ਅਤੇ ਕੌਰਨੀਅਲ ਅੰਨ੍ਹੇਪਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਇੱਕ ਵੱਡਾ ਪਾੜਾ ਹੈ। ਇਸ ਲਈ ਸਾਰਿਆਂ ਨੂੰ ਇਸ ਪਾੜੇ ਨੂੰ ਭਰਨ ਲਈ ਅੱਗੇ ਆਉਣ ਦੀ ਲੋੜ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)