ਚੈਂਪੀਅਨਜ਼ ਟਰਾਫ਼ੀ: ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ, ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਨੇ ਦੁਆਈ ਜਿੱਤ

ਤਸਵੀਰ ਸਰੋਤ, Getty Images
ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਐਤਵਾਰ ਦੇਰ ਸ਼ਾਮ ਨੂੰ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਕਾਰਨ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। 242 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਿਲ ਕਰ ਲਿਆ।
ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ ਅਤੇ ਅੰਤ ਤੱਕ ਨਾਬਾਦ ਰਹੇ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 56 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਪਹਿਲਾਂ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 46 ਦੌੜਾਂ ਬਣਾ ਕੇ ਅਬਰਾਰ ਅਹਿਮਦ ਦੀ ਗੇਂਦ ਉੱਤੇ ਅਤੇ ਕਪਤਾਨ ਰੋਹਿਤ ਸ਼ਰਮਾ 15 ਗੇਂਦਾਂ 'ਤੇ 20 ਦੌੜਾਂ ਬਣਾ ਕੇ ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ ਉੱਤੇ ਆਊਟ ਹੋ ਗਏ।
ਪਰ ਇਸ ਤੋਂ ਬਾਅਦ ਕੋਹਲੀ ਅਤੇ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਹਾਲਾਂਕਿ, ਇਸ ਸਮੇਂ ਦੌਰਾਨ ਪਾਕਿਸਤਾਨੀ ਫੀਲਡਰਾਂ ਨੇ ਉਨ੍ਹਾਂ ਦੇ ਕੁਝ ਕੈਚ ਵੀ ਛੱਡ ਦਿੱਤੇ।

ਤਸਵੀਰ ਸਰੋਤ, Getty Images
ਵਿਰਾਟ ਕੋਹਲੀ ਦਾ 51ਵਾਂ ਸੈਂਕੜਾ
ਵਿਰਾਟ ਕੋਹਲੀ ਨੇ ਨਾ ਸਿਰਫ਼ ਇੱਕ ਰੋਜ਼ਾ ਕ੍ਰਿਕਟ ਵਿੱਚ ਆਪਣਾ 51ਵਾਂ ਸੈਂਕੜਾ ਪੂਰਾ ਕੀਤਾ ਸਗੋਂ ਭਾਰਤ ਨੂੰ ਛੇ ਵਿਕਟਾਂ ਨਾਲ ਜਿੱਤ ਵੀ ਦੁਆਈ।
ਹਾਲਾਂਕਿ, ਟੀਮ ਇੰਡੀਆ ਲਈ ਦੋ ਵੱਡੇ ਸਕਾਰਾਤਮਕ ਪਹਿਲੂ ਸਨ। ਇਸ ਮੈਚ ਰਾਹੀਂ, ਵਿਰਾਟ ਕੋਹਲੀ ਨੇ ਨਾ ਸਿਰਫ਼ ਫਾਰਮ ਵਿੱਚ ਜ਼ਬਰਦਸਤ ਵਾਪਸੀ ਕੀਤੀ ਸਗੋਂ ਆਈਸੀਸੀ ਟੂਰਨਾਮੈਂਟਾਂ ਵਿੱਚ ਪਾਕਿਸਤਾਨ ਵਿਰੁੱਧ ਆਪਣੇ ਰਿਕਾਰਡ ਵਿੱਚ ਵੀ ਸੁਧਾਰ ਕੀਤਾ।
ਇਸ ਨਾਲ ਭਾਰਤ ਨੇ ਸੈਮੀਫਾਈਨਲ ਵਿੱਚ ਪਹੁੰਚਣ ਦੇ ਆਪਣੇ ਦਾਅਵੇ ਨੂੰ ਹੋਰ ਮਜ਼ਬੂਤ ਕਰ ਲਿਆ ਹੈ।

ਤਸਵੀਰ ਸਰੋਤ, Getty Images
ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਜੋੜੀ ਨੇ ਇੱਕ ਵਾਰ ਫਿਰ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ।
ਰੋਹਿਤ ਸ਼ਰਮਾ ਵੱਡੀ ਪਾਰੀ ਨਹੀਂ ਖੇਡ ਸਕੇ ਪਰ ਉਨ੍ਹਾਂ ਨੇ ਸ਼ਾਹੀਨ ਅਫਰੀਦੀ ਦੇ ਯਾਰਕਰ ʼਤੇ ਬੋਲਡ ਹੋਣ ਤੋਂ ਪਹਿਲਾਂ 15 ਗੇਂਦਾਂ ਵਿੱਚ 20 ਦੌੜਾਂ ਬਣਾਈਆਂ।
ਪਹਿਲੇ ਪਾਵਰਪਲੇਅ ਤੋਂ ਬਾਅਦ, ਟੀਮ ਇੰਡੀਆ ਦਾ ਸਕੋਰ 10 ਵਿਕਟਾਂ ਦੇ ਨੁਕਸਾਨ 'ਤੇ 64 ਦੌੜਾਂ ਸੀ।
ਸਿਰਫ਼ 17.1 ਓਵਰਾਂ ਵਿੱਚ, ਟੀਮ ਇੰਡੀਆ ਨੇ ਇੱਕ ਵਿਕਟ ਦੇ ਨੁਕਸਾਨ 'ਤੇ 100 ਦਾ ਅੰਕੜਾ ਪਾਰ ਕਰ ਲਿਆ। ਹਾਲਾਂਕਿ, ਅਬਰਾਰ ਅਹਿਮਦ ਨੇ ਸ਼ਾਨਦਾਰ ਲੈੱਗ ਸਪਿਨ ਨਾਲ ਸ਼ੁਭਮਨ ਗਿੱਲ ਨੂੰ ਬੋਲਡ ਕੀਤਾ ਅਤੇ ਗਿੱਲ 46 ਦੌੜਾਂ ਬਣਾ ਕੇ ਆਊਟ ਹੋ ਗਿਆ।
ਦੂਜੇ ਸਿਰੇ 'ਤੇ ਵਿਰਾਟ ਕੋਹਲੀ ਮਜ਼ਬੂਤੀ ਨਾਲ ਡਟੇ ਰਹੇ ਅਤੇ 111 ਗੇਂਦਾਂ 'ਤੇ ਨਾਬਾਦ 100 ਦੌੜਾਂ ਬਣਾਈਆਂ। ਵਿਰਾਟ ਕੋਹਲੀ ਦੀ ਪਾਰੀ ਵਿੱਚ ਸੱਤ ਚੌਕੇ ਸ਼ਾਮਲ ਸਨ। ਵਿਰਾਟ ਕੋਹਲੀ ਟੀਮ ਇੰਡੀਆ ਨੂੰ ਜਿੱਤ ਦਿਵਾ ਕੇ ਹੀ ਪੈਵੇਲੀਅਨ ਪਰਤੇ।
ਪਾਕਿਸਤਾਨ ਦੇ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਦੇ ਸਾਹਮਣੇ ਬੇਅਸਰ ਸਾਬਤ ਹੋਏ। ਸ਼ਾਹੀਨ ਅਫਰੀਦੀ ਨੇ ਦੋ ਵਿਕਟਾਂ ਲਈਆਂ, ਪਰ ਉਨ੍ਹਾਂ ਨੇ 8 ਓਵਰਾਂ ਵਿੱਚ 9 ਤੋਂ ਵੱਧ ਦੀ ਇਕੋਨਮੀ ਰੇਟ ਨਾਲ 9 ਦੌੜਾਂ ਦਿੱਤੀਆਂ।
ਪਾਕਿਸਤਾਨ ਦੀ ਟੀਮ ਦਾ ਪ੍ਰਦਰਸ਼ਨ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਪਹਿਲੇ 10 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ 52 ਦੌੜਾਂ ਬਣਾਈਆਂ।
ਪਰ ਬਾਅਦ ਵਿੱਚ ਪਾਕਿਸਤਾਨ ਦੀਆਂ ਦੌੜਾਂ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਗਈ। ਪਾਕਿਸਤਾਨ ਨੇ ਪਹਿਲੇ 20 ਓਵਰਾਂ ਵਿੱਚ 80 ਡਾਟ ਗੇਂਦਾਂ ਖੇਡੀਆਂ। ਇਸ ਤੋਂ ਬਾਅਦ ਰਿਜ਼ਵਾਨ ਅਤੇ ਸਾਊਦ 'ਤੇ ਤੇਜ਼ੀ ਨਾਲ ਦੌੜਾਂ ਬਣਾਉਣ ਦਾ ਦਬਾਅ ਸੀ। ਸਾਊਦ ਨੇ 76 ਗੇਂਦਾਂ ਵਿੱਚ 62 ਦੌੜਾਂ ਅਤੇ ਰਿਜ਼ਵਾਨ ਨੇ 77 ਗੇਂਦਾਂ ਵਿੱਚ 46 ਦੌੜਾਂ ਬਣਾਈਆਂ।
ਰਿਜ਼ਵਾਨ ਅਤੇ ਸਾਊਦ ਵਿਚਕਾਰ ਤੀਜੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਹੋਈ।
ਰਿਜ਼ਵਾਨ ਅਤੇ ਸਾਊਦ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਲੜਖੜਾ ਗਈ। ਹਾਲਾਂਕਿ, ਖੁਸ਼ਦਿਲ ਸ਼ਾਹ ਨੇ 39 ਗੇਂਦਾਂ ਵਿੱਚ 38 ਦੌੜਾਂ ਬਣਾ ਕੇ ਪਾਕਿਸਤਾਨ ਦੀ ਪਾਰੀ ਨੂੰ 241 ਦੌੜਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਸਭ ਤੋਂ ਪਹਿਲਾਂ ਬਾਬਰ ਆਜ਼ਮ ਨੂੰ ਹਾਰਦਿਕ ਪਾਂਡਿਆ ਨੇ ਵਿਕੇਟਕੀਪਰ ਕੇ ਐੱਲ ਰਾਹੁਲ ਦੇ ਹੱਥੋਂ ਕੈਚ ਕਰਵਾ ਕੇ ਪਾਕਿਸਤਾਨ ਨੂੰ ਪਹਿਲਾ ਝਟਕਾ ਦਿੱਤਾ ਸੀ। ਬਾਬਰ ਨੇ 23 ਦੌੜਾਂ ਬਣਾਈਆਂ ਸਨ। ਉਸ ਤੋਂ ਬਾਅਦ ਇਮਾਮ ਉਲ ਹਕ 10 ਦੌੜਾਂ ਬਣਾ ਕੇ ਰਨ ਆਊਟ ਹੋ ਗਏ।
ਮੁਹੰਮਦ ਸ਼ਮੀ ਨੇ ਪਹਿਲੇ ਹੀ ਓਵਰ ਵਿੱਚ ਪੰਜ ਵਾਈਡ ਗੇਂਦਾਂ ਸੁੱਟੀਆਂ ਸਨ।

ਕੋਹਲੀ ਨੇ ਬਣਾਇਆ ਕੀਰਤੀਮਾਨ

ਤਸਵੀਰ ਸਰੋਤ, Getty Images
ਪਾਕਿਸਤਾਨ ਖਿਲਾਫ਼ ਖੇਡੇ ਗਏ ਇਸ ਮੁਕਾਬਲੇ ਵਿੱਚ ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ਕਰੀਅਰ ਵਿੱਚ 14000 ਦੌੜਾਂ ਪੂਰੀਆਂ ਕੀਤੀਆਂ।
ਵਿਰਾਟ ਕੋਹਲੀ ਇਸ ਮੁਕਾਮ ਨੂੰ ਹਾਸਲ ਕਰਨ ਵਾਲੇ ਦੁਨੀਆਂ ਦੇ ਤੀਜੇ ਅਤੇ ਭਾਰਤ ਦੇ ਦੂਜੇ ਬੱਲੇਬਾਜ਼ ਹਨ।
ਹਾਲਾਂਕਿ, ਵਿਰਾਟ ਕੋਹਲੀ ਨੇ ਇਹ ਉਪਲਬਧੀ ਸਭ ਤੋਂ ਘੱਟ ਮੈਚਾਂ ਵਿੱਚ ਹਾਸਲ ਕੀਤੀ ਹੈ। ਸਚਿਨ ਤੇਂਦੁਲਕਰ ਨੇ 14,000 ਦੌੜਾਂ ਪੂਰੀਆਂ ਕਰਨ ਲਈ 350 ਪਾਰੀਆਂ ਖੇਡੀਆਂ ਸਨ। ਪਰ ਵਿਰਾਟ ਕੋਹਲੀ ਨੇ ਸਿਰਫ਼ 287 ਪਾਰੀਆਂ ਵਿੱਚ 14,000 ਦੌੜਾਂ ਪੂਰੀਆਂ ਕੀਤੀਆਂ ਹਨ।
ਵਿਰਾਟ ਕੋਹਲੀ ਵਨਡੇ ਮੈਚਾਂ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲੇ ਭਾਰਤੀ ਖਿਡਾਰੀ ਵੀ ਬਣ ਗਏ ਹਨ। ਵਿਰਾਟ ਕੋਹਲੀ ਨੇ ਵਨਡੇ ਮੈਚਾਂ ਵਿੱਚ 157 ਕੈਚ ਪੂਰੇ ਕੀਤੇ ਅਤੇ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡਿਆ।
ਰੋਹਿਤ ਸ਼ਰਮਾ ਵਨਡੇ ਕ੍ਰਿਕਟ ਵਿੱਚ ਬਤੌਰ ਓਪਨਰ 9,000 ਦੌੜਾਂ ਪੂਰੀਆਂ ਕਰਨ ਵਿੱਚ ਵੀ ਕਾਮਯਾਬ ਰਹੇ। ਰੋਹਿਤ ਸ਼ਰਮਾ ਨੇ ਓਪਨਰ ਵਜੋਂ 183 ਮੈਚ ਖੇਡੇ ਹਨ ਅਤੇ 55 ਦੀ ਔਸਤ ਅਤੇ 96 ਦੇ ਔਸਤ ਨਾਲ ਦੌੜਾਂ ਬਣਾਈਆਂ ਹਨ।
ਭਾਰਤ ਤੇ ਪਾਕ ਵਿਚਾਲੇ ਹੋਏ ਹੁਣ ਤੱਕ ਦੇ ਵਨਡੇ ਮੈਚ

ਤਸਵੀਰ ਸਰੋਤ, Getty Images
ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਪਿਛਲੇ 135 ਵਨਡੇ ਮੈਚਾਂ ਵਿੱਚ ਭਾਰਤ ਨੇ 57 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ ਜਦਕਿ ਉਸ ਨੂੰ 73 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪਰ ਹਾਲ ਹੀ ਦੇ ਅੰਕੜੇ ਤੇ ਇਤਿਹਾਸ ਪਾਕਿਸਤਾਨ ਦੇ ਖ਼ਿਲਾਫ਼ ਜਾਂਦੇ ਦਿਖਾਈ ਦਿੰਦੇ ਹਨ, ਦੋਵਾਂ ਟੀਮਾਂ ਵਿਚਾਲੇ ਹੋਏ ਪਿਛਲੇ 11 ਵਨਡੇ ਮੈਚਾਂ ਵਿੱਚ 9 ਭਾਰਤ ਨੇ ਜਿੱਤੇ ਹਨ।
ਗੱਲ ਭਾਵੇਂ ਵਨਡੇ ਵਰਲਡ ਕੱਪ ਦੀ ਹੋਵੇ ਜਾਂ ਚੈਂਪੀਅਨਜ਼ ਟਰਾਫ਼ੀ ਦੀ ਜਾਂ ਫਿਰ ਟੀ-20 ਵਰਲਡ ਕੱਪ ਦੀ, ਪਾਕਿਸਤਾਨੀ ਟੀਮ ਨੂੰ ਭਾਰਤ ਦੇ ਖਿਲਾਫ਼ ਦੋ ਮੈਚਾਂ ਵਿੱਚ ਹੀ ਜਿੱਤ ਮਿਲੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












