ਹਰਿਆਣਾ ਸਕੂਲ ਬੱਸ ਹਾਦਸਾ : 7 ਬੱਚਿਆਂ ਦੀ ਜਾਨ ਲੈਣ ਵਾਲੇ ਹਾਦਸੇ ਦੇ ਕਾਰਨਾਂ ਬਾਰੇ ਹੁਣ ਤੱਕ ਕੀ ਪਤਾ ਲੱਗਿਆ
ਹਰਿਆਣਾ ਦੇ ਕਨੀਨਾ ਖੇਤਰ ਦੇ ਪਿੰਡ ਉਨਹਾਨੀ ਵਿੱਚ ਸਥਿਤ ਮਹਿਲਾ ਕਾਲਜ ਦੇ ਕੋਲ ਵੀਰਵਾਰ ਸਵੇਰੇ ਇੱਕ ਸਕੂਲੀ ਬੱਸ ਪਲਟ ਜਾਣ ਕਾਰਨ ਛੇ ਬੱਚਿਆਂ ਦੀ ਮੌਤ ਹੋ ਗਈ। ਹਾਦਸੇ 'ਚ 35 ਤੋਂ ਵੱਧ ਬੱਚੇ ਜ਼ਖਮੀ ਹੋਏ ਹਨ।
ਪੁਲਿਸ ਅਤੇ ਚਸ਼ਮਦੀਦਾਂ ਅਨੁਸਾਰ ਬੱਸ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਬੱਸ ਡਰਾਈਵਰ ਨੇ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਬੱਸ ਦਰੱਖਤ ਨਾਲ ਟਕਰਾ ਕੇ ਪਲਟ ਗਈ।
ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਿਵੇਂ ਹੀ ਬੱਸ ਪਲਟ ਗਈ, ਸਕੂਲੀ ਬੱਚੇ ਬੱਸ ਦੇ ਅਗਲੇ ਸ਼ੀਸ਼ੇ ਨੂੰ ਜ਼ੋਰ ਨਾਲ ਟਕਰਾ ਕੇ ਬਾਹਰ ਡਿੱਗ ਪਏ।
ਬੱਸ ਵਿੱਚ ਕੁੱਲ 45 ਬੱਚੇ ਸਵਾਰ ਸਨ। ਦਸ ਦੇ ਕਰੀਬ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਤਸਵੀਰ ਸਰੋਤ, Sat Singh/BBC
ਜੀਐੱਲ ਪਬਲਿਕ ਸਕੂਲ ਕਨੀਨਾ ਦੀ ਇਹ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਸਹਿਲੰਗ, ਝਾਡਲੀ, ਧਨੌਂਦਾ ਤੋਂ ਕਨੀਨਾ ਵੱਲ ਆ ਰਹੀ ਸੀ। ਈਦ ਦੀ ਛੁੱਟੀ ਹੋਣ ਦੇ ਬਾਵਜੂਦ ਵੀਰਵਾਰ ਨੂੰ ਸਕੂਲ ਬੰਦ ਨਹੀਂ ਹੋਇਆ।
ਜ਼ਖ਼ਮੀਆਂ ਨੂੰ ਕਨੀਨਾ ਲਿਆਂਦਾ ਗਿਆ ਹੈ, ਜਿੱਥੇ ਕੁਝ ਨੂੰ ਨਾਰਨੌਲ, ਪੀਜੀਆਈਐੱਮਐੱਸ ਰੋਹਤਕ ਅਤੇ ਰੇਵਾੜੀ ਰੈਫਰ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਬੱਸ ਡਰਾਈਵਰ ਅਜੇ ਫਰਾਰ ਹੈ।
ਸਥਾਨਕ ਪੁਲਿਸ ਅਧਿਕਾਰੀ ਉਦੈ ਭਾਨ ਨੇ ਮੀਡੀਆ ਨੂੰ ਦੱਸਿਆ, "ਮੁਢਲੀ ਜਾਂਚ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਅਨੁਸਾਰ, ਇਹ ਸਾਹਮਣੇ ਆਇਆ ਹੈ ਕਿ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਬੱਸ ਚਲਾ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਆਦਾਤਰ ਮ੍ਰਿਤਕ ਬੱਚੇ ਪਿੰਡ ਧਨੌਂਦਾ ਦੇ ਰਹਿਣ ਵਾਲੇ ਹਨ।"

ਤਸਵੀਰ ਸਰੋਤ, Sat Singh/BBC
ਬੱਸ ਪਲਟਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਪੁਲਿਸ ਕੁਝ ਸਮੇਂ ਬਾਅਦ ਮੌਕੇ 'ਤੇ ਪਹੁੰਚੀ। ਬਾਅਦ 'ਚ ਬੱਸ ਨੂੰ ਅਰਥਮੂਅਰ ਮਸ਼ੀਨ ਦੀ ਮਦਦ ਨਾਲ ਚੁੱਕਿਆ ਗਿਆ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਮੇਰੀ ਸੰਵੇਦਨਾ ਉਨ੍ਹਾਂ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੇ ਆਪਣੇ ਮਾਸੂਮ ਬੱਚਿਆਂ ਨੂੰ ਗੁਆ ਦਿੱਤਾ ਹੈ। ਸਥਾਨਕ ਪ੍ਰਸ਼ਾਸਨ ਜ਼ਖ਼ਮੀਆਂ ਦੀ ਮਦਦ ਲਈ ਮੁਸਤੈਦ ਹੈ।"
ਰਿਪੋਰਟ – ਏਐੱਨਆਈ, ਸਤ ਸਿੰਘ
ਐਡਿਟ – ਰਾਜਨ ਪਪਨੇਜਾ

ਤਸਵੀਰ ਸਰੋਤ, Nayab Saini/X



