You’re viewing a text-only version of this website that uses less data. View the main version of the website including all images and videos.
ਪੁਲਿਸ ਮੁਤਾਬਕ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਕੀ ਰੋਲ ਹੈ
ਪਿਛਲੇ ਸਾਲ ਮੁਹਾਲੀ ਦੇ ਸੈਕਟਰ 71 ਵਿਚ ਗੋਲ਼ੀਆਂ ਮਾਰਕੇ ਕਤਲ ਕੀਤੇ ਗਏ ਵਿਕਰਮਜੀਤ ਸਿੰਘ ਮਿੱਡੂਖੇੜਾ ਕਤਲ ਕੇਸ ਵਿਚ ਪੰਜਾਬ ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ।
ਮਿੱਡੂਖੇੜਾ ਸ਼੍ਰੋਮਣੀ ਅਕਾਲੀ ਦੇ ਯੂਥ ਵਿੰਗ ਦਾ ਆਗੂ ਸੀ ਅਤੇ ਉਸ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ('ਐੱਸਓਈ') ਤੋਂ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕੀਤੀਆਂ ਸਨ।
ਮਿੱਡੂਖੇੜਾ ਕਤਲ ਕੇਸ ਵਿਚ ਹੁਣ ਸਾਲ ਬਾਅਦ ਮੁਹਾਲੀ ਪੁਲਿਸ ਨੇ ਕਥਿਤ ਗੈਂਗਸਟਰ ਭੂਪੀ ਰਾਣਾ ਸਣੇ ਪੰਜ ਹੋਰਾਂ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਹੈ।
ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਜੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨਾ ਹੈ, ਜਿਨ੍ਹਾਂ ਵਿੱਚ ਸ਼ਗਨਪ੍ਰੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ।
ਸ਼ਗਨਪ੍ਰੀਤ ਸਿੰਘ, 29 ਮਈ ਨੂੰ ਕਤਲ ਕੀਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ ਅਤੇ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਵਸਨੀਕ ਹੈ।
ਸ਼ਗਨਪ੍ਰੀਤ ਸਿੰਘ ਕਈ ਮਹੀਨਿਆਂ ਤੋਂ ਆਸਟ੍ਰੇਲੀਆ ਗਿਆ ਹੋਇਆ ਹੈ ਅਤੇ ਉਹ ਅਜੇ ਤੱਕ ਵਾਪਸ ਨਹੀਂ ਆਇਆ ਹੈ।
ਪੁਲਿਸ ਨੇ ਮੁਲਜ਼ਮਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ), 120-ਬੀ (ਅਪਰਾਧਿਕ ਸਾਜ਼ਿਸ਼) ਅਤੇ 34 (ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤੇ ਕੰਮ) ਅਤੇ ਅਸਲਾ ਐਕਟ ਦੇ ਤਹਿਤ ਦੋਸ਼ ਲਗਾਏ ਹਨ।
ਮੁਹਾਲੀ ਦੀ ਅਦਾਲਤ ਵਿਚ ਦਾਇਰ ਚਲਾਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਚਾਰ ਮੁਲਜ਼ਮਾਂ ਦਾ ਚਲਾਨ ਨਹੀਂ ਕੀਤਾ ਹੈ। ਇਨ੍ਹਾਂ ਚਾਰਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਜਿਨ੍ਹਾਂ ਸ਼ੱਕੀ ਮੁਲਜ਼ਮਾਂ ਦਾ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ, ਉਨ੍ਹਾਂ ਵਿਚ ਲੱਕੀ ਪਟਿਆਲ, ਸ਼ਗਨਪ੍ਰੀਤ ਸਿੰਘ, ਰਵਿੰਦਰ ਚੌਹਾਨ ਅਤੇ ਧਰਮਿੰਦਰ ਗਗਨੀ ਦਾ ਨਾਂ ਸ਼ਾਮਲ ਹੈ।
ਚਾਰਜਸ਼ੀਟ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਕਥਿਤ ਸ਼ੂਟਰ ਸੱਜਣ ਉਰਫ਼ ਭੋਲੂ, ਦਿੱਲੀ ਦੇ ਅਨਿਲ ਲੱਠ ਦੇ ਹਨ।
ਇਨ੍ਹਾਂ ਦੇ ਨਾਲ ਕੁਰੂਕਸ਼ੇਤਰ ਜ਼ਿਲ੍ਹੇ ਦੇ ਅਜੈ ਉਰਫ਼ ਸੰਨੀ ਸਮੇਤ ਕਥਿਤ ਗੈਂਗਸਟਰ ਅਨਿਲ ਡਾਗਰ, ਮੁਹਾਲੀ ਦੇ ਭੂਪੀ ਰਾਣਾ ਅਤੇ ਗੁੜਗਾਉਂ ਜ਼ਿਲ੍ਹੇ ਦੇ ਕੌਸ਼ਲ ਦੇ ਨਾਂ ਵੀ ਸ਼ਾਮਲ ਹਨ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦਵਿੰਦਰ ਬੰਬੀਹਾ ਗੈਂਗ ਚਲਾਉਣ ਵਾਲਾ ਪਟਿਆਲ ਹਾਲ ਹੀ ਵਿੱਚ ਅਰਮੇਨੀਆ ਦੀ ਜੇਲ੍ਹ ਵਿੱਚ ਬੰਦ ਸੀ।
ਮੂਸੇਵਾਲਾ ਦਾ ਮੈਨੇਜਰ ਸ਼ਗਨ ਪ੍ਰੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ਦੇ ਖ਼ਿਲਾਫ਼ ਲੁੱਕ ਆਊਟ ਕਾਰਨਰ ਨੋਟਿਸ (LOC) ਵੀ ਜਾਰੀ ਕੀਤਾ ਸੀ।
ਵਿੱਕੀ ਮਿੱਡੂਖੇੜਾ ਦਾ ਮੁਹਾਲੀ ਦੇ ਸੈਕਟਰ 71 ਦੀ ਇੱਕ ਮਾਰਕੀਟ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਰਿਪੋਰਟ- ਅਰਵਿੰਦ ਛਾਬੜਾ
ਐਡਿਟ- ਗੁਲਸ਼ਨ ਕੁਮਾਰ