You’re viewing a text-only version of this website that uses less data. View the main version of the website including all images and videos.
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ
ਬਾਬਾ ਫਰੀਦ ਜੀ ਦੀ ਬਾਣੀ ਨੂੰ ਪ੍ਰੋਫੈਸਰ ਮਦਨ ਗੋਪਾਲ ਸਿੰਘ ਨੇ ਬੀਬੀਸੀ ਪੰਜਾਬੀ ਲਈ ਖ਼ਾਸ ਤੌਰ ’ਤੇ ਕੰਪੋਜ਼ ਕੀਤਾ ਹੈ ਤੇ ਉਨ੍ਹਾਂ ਨੇ ਆਪਣੀ ਅਵਾਜ਼ ਦਿੱਤੀ ਹੈ। ਮਦਨ ਗੋਪਾਲ ਸਿੰਘ ਮਿਊਜ਼ਿਕ ਕੰਪੋਜ਼ਰ, ਗਾਇਕ, ਲੇਖਕ, ਅਦਾਕਾਰ, ਪ੍ਰੋਫ਼ੈਸਰ ਤੇ ਐਡੀਟਰ ਹਨ।
ਮਦਨ ਗੋਪਾਲ ਸਿੰਘ ਦਾ ਇਸ ਖ਼ਾਸ ਪੇਸ਼ਕਸ਼ ਬਾਰੇ ਇੱਕ ਨੋਟ:
ਦੋਸਤੋ ਬੀਬੀਸੀ ਪੰਜਾਬੀ ਦੇ ਤਮਾਮ ਸੁਣਨ ਵਾਲਿਆਂ ਨੂੰ ਮੇਰਾ, ਮਦਨ ਗੋਪਾਲ ਸਿੰਘ, ਦਾ ਪਿਆਰ ਭਰਿਆ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ. ਮੈਂ ਆਪ ਸਭਨਾਂ ਨਾਲ ਅੱਜ ਤੋਂ ਇਨਾਂ ਨਿੱਕੇ-ਨਿੱਕੇ ਐਪੀਸੋਡਜ਼ ਰਾਹੀਂ ਪੁਰਾਤਨ ਪੰਜਾਬੀ ਸ਼ਾਇਰੀ ਦੇ ਮੁਕ਼ੱਦਸ ਅਤੇ ਹਰਮਨ ਪਿਆਰੇ ਕਲਾਮ ਸਾਂਝੇ ਕਰਾਂਗਾ।
ਅਸੀਂ ਇਸ ਸੀਰੀਜ਼ ਦਾ ਆਗਾਜ਼ ਬਾਬਾ ਸ਼ੇਖ਼ ਫ਼ਰੀਦ, ਯਾਨਿ ਕਿ ਫ਼ਰੀਦ-ਅਲ-ਦੀਨ ਮਸਊਦ ਗੰਜ-ਇ-ਸ਼ਕਰ, ਹੁਰਾਂ ਦੇ ਇਕ ਸ਼ਬਦ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ” ਨਾਲ ਕਰਨ ਜਾ ਰਹੇ ਹਾਂ ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਸਿਰਜੇ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਇਕ ਅਨਮੋਲ ਰਚਨਾ ਹੈ।
ਸ਼ੇਖ਼ ਫਰੀਦ ਪੰਜਾਬੀ ਸੂਫ਼ੀ ਸ਼ਾਇਰੀ ਦੇ ਬਾਨੀ ਮਿਥੇ ਜਾਂਦੇ ਹਨ ਅਤੇ ਆਮ ਫ਼ਹਿਮ ਲੋਕ ਮੁਹਾਵਰੇ ‘ਚ ਨਿਰੋਲ ਪੰਜਾਬੀ ਜ਼ਬਾਨ ਵਿਚ ਸ਼ਾਇਰੀ ਕਰਨ ਵਾਲੇ ਆਦਿ-ਕਵੀ ਵਜੋਂ ਤਸਲੀਮ ਕੀਤੇ ਜਾਂਦੇ ਹਨ।
ਬਾਬਾ ਸ਼ੇਖ਼ ਫਰੀਦ ਬਾਰੇ ਕੁਝ ਜਾਣਕਾਰੀ
ਬਾਬਾ ਜੀ ਦਾ ਜਨਮ ਸੰਨ 1175 ਵਿੱਚ ਜ਼ਿਲ੍ਹਾ ਮੁਲਤਾਨ ਦੇ ਪਿੰਡ ਕੋਠੇਵਾਲ ਵਿਖੇ ਇੱਕ ਸਾਧਾਰਨ ਸੁੰਨੀ ਪਰਿਵਾਰ ‘ ਚ ਹੋਇਆ। ਫਰੀਦ ਜੀ ਮੁੱਢਲੀ ਤਾਲੀਮ ਮੁਲਤਾਨ ਵਿੱਚ ਹੀ ਹੋਈ ਜਿੱਥੇ ਇਨ੍ਹਾਂ ਦੀ ਮੁਲਾਕ਼ਾਤ ਚਿਸ਼ਤੀਆ ਸਿਲਸਿਲੇ ਦੇ ਦੂਜੇ ਰੂਹਾਨੀ ਮੁਖੀ ਖ਼ਵਾਜਾ ਕ਼ੁਤੁਬੂੱਦੀਨ ਬਖ਼ਤਿਆਰ ਕਾਕੀ ਹੁਰਾਂ ਨਾਲ ਹੋਈ।
ਖ਼ਵਾਜਾ ਜੀ ਬਾਬਾ ਫ਼ਰੀਦ ਹੁਰਾਂ ਦੀ ਲਗਨ ਅਤੇ ਸਿਰੜ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਫਰੀਦ ਜੀ ਨੂੰ ਨਾਲ ਲੈ ਕੇ ਕਈ ਮੁਕ਼ੱਦਸ ਸ਼ਹਿਰਾਂ ਅਤੇ ਦਰਗਾਹਾਂ ਦੀ ਜ਼ਿਆਰਤ ਨੂੰ ਲੰਮੇ ਸਫ਼ਰ ਤੇ ਨਿਕਲ ਪਏ। ਇਨ੍ਹਾਂ ਦੀ ਤਾਲੀਮ ਦਾ ਰੂਹਾਨੀ ਸਿਲਸਿਲਾ ਇਨਾਂ ਯਾਤ੍ਰਾਵਾਂ ਤੋਂ ਸ਼ੁਰੂ ਹੋ ਕੇ ਦਿੱਲੀ ਤਕ ਕ਼ਾਇਮ ਰਿਹਾ।
ਕਾਕੀ ਹੁਰਾਂ ਦੇ ਅਕਾਲ ਚਲਾਣੇ ਮਗਰੋਂ, ਚਿਸ਼ਤੀਆ ਸਿਲਸਿਲੇ ਦੀ ਬਾਗਡੋਰ ਆਪ ਜੀ ਨੂੰ ਸੌਂਪੀ ਗਈ. ਪਰ ਫਰੀਦ ਜੀ ਨੇ ਦਿੱਲੀ ਦੇ ਤਮਾਮ ਸਿਆਸੀ ਰੌਣਕ ਮੇਲੇ ਤੋਂ ਦੂਰ ਅਪਣੀ ਖ਼ਾਨਕ਼ਾਹ ਨੂੰ ਮੁਲਤਾਨ ਵਿਖੇ ਅਜੋਧਨ ਵਿਚ ਆਮ ਲੋਕਾਈ ਅਤੇ ਕਿਰਸਾਨੀ ਦਰਮਿਆਨ ਸਥਾਪਿਤ ਕਰਨ ਨੂੰ ਤਰਜੀਹ ਦਿੱਤੀ।
ਇੱਥੇ ਫਰੀਦ ਜੀ ਨੇ ਅਪਨਾ ਪੂਰਾ ਜੀਵਨ ਲੋਕਾਂ ਦੀ ਰੂਹਾਨੀ ਬਿਹਤਰੀ, ਸਾਦਾ ਜੀਵਨ, ਸਾਂਝੀਵਾਲਤਾ, ਪੰਜਾਬੀ ਜ਼ਬਾਨ ਅਤੇ ਲੰਗਰ ਦੀ ਮੁਢਲੀ ਸੰਕਲਪਨਾ ਨੂੰ ਸਮਰਪਿਤ ਕੀਤਾ।