ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਅਸੀਂ ਅੱਜ ਦੇ ਲਾਈਵ ਪੇਜ ਨੂੰ ਇੱਥੇ ਹੀ ਖ਼ਤਮ ਕਰ ਰਹੇ ਹਾਂ। ਕੱਲ ਮੁੜ ਤਾਜ਼ਾ ਅਤੇ ਅਹਿਮ ਖ਼ਬਰਾਂ ਲੈ ਕੇ ਹਾਜ਼ਰ ਹੋਵਾਂਗੇ।
You’re viewing a text-only version of this website that uses less data. View the main version of the website including all images and videos.
ਯੂਕਰੇਨ-ਰੂਸ ਜੰਗ: ਯੂਕਰੇਨ ਦੀ ਫੌਜ ਨੇ ਕਿਹਾ ਉਸਦੇ ਮਿਜ਼ਾਇਲ ਹਮਲਿਆਂ ਨਾਲ ਡੁੱਬ ਰਿਹਾ ਹੈ ਮੋਸਕੋਵਾ ਜੰਗੀ ਬੇੜਾ
ਬੀਬੀਸੀ ਨਿਊਜ਼ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਰੂਸ-ਯੂਕਰੇਨ ਜੰਗ ਸਣੇ ਭਾਰਤ ਤੇ ਪਾਕਿਸਤਾਨ ਬਾਰੇ ਅਹਿਮ ਅਪਡੇਟਸ ਦੇ ਰਹੇ ਹਾਂ।
ਲਾਈਵ ਕਵਰੇਜ
ਰੂਸ-ਯੂਕਰੇਨ ਜੰਗ: ਅੱਜ ਦੇ ਅਹਿਮ ਘਟਨਾਕ੍ਰਮ
ਰੂਸ ਯੂਕਰੇਨ ਦਰਮਿਆਨ ਯੁੱਧ 24 ਫਰਵਰੀ ਤੋਂ ਲਗਾਤਾਰ ਜਾਰੀ ਹੈ।
ਵੀਰਵਾਰ ਨੂੰ ਯੂਕਰੇਨ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਹੁਣ ਤੱਕ 197 ਬੱਚਿਆਂ ਦੀ ਇਸ ਜੰਗ ਵਿੱਚ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਹ ਰਿਹਾ ਅਹਿਮ ਘਟਨਾਕ੍ਰਮ:
- ਰੂਸ ਦੇ ਰੱਖਿਆ ਮੰਤਰਾਲੇ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਦਾ ਜੰਗੀ ਬੇੜਾ ਮਾਸਕੋਵਾ ਅੱਗ ਲੱਗਣ ਕਾਰਨ ਨੁਕਸਾਨਿਆ ਗਿਆ ਹੈ।
- ਯੂਕਰੇਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਦੋ ਮਿਜ਼ਾਈਲਾਂ ਦੁਆਰਾ ਹਮਲੇ ਤੋਂ ਬਾਅਦ ਇਸ ਬੇੜੇ ਨੂੰ ਨੁਕਸਾਨ ਪਹੁੰਚਿਆ ਹੈ।
- ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਅੰਤਰਰਾਸ਼ਟਰੀ ਆਗੂਆਂ ਦੇ ਕਈ ਦੌਰੇ ਹੋਏ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੋਂ ਬਾਅਦ ਆਇਰਲੈਂਡ ਦੇ ਰੱਖਿਆ ਮੰਤਰੀ ਵੀ ਕੀਵ ਆਉਣਗੇ।
- ਅਮਰੀਕਾ ਵੱਲੋਂ ਆਖਿਆ ਗਿਆ ਹੈ ਕਿ ਉਹ ਯੂਕਰੇਨ ਨੂੰ ਹੋਰ ਹੈਲੀਕਾਪਟਰ ਅਤੇ ਜੰਗੀ ਹਥਿਆਰ ਮੁਹੱਈਆ ਕਰਵਾਉਣਗੇ।
- ਰੂਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮਾਰੀਓਪੋਲ ਉੱਪਰ ਉਨ੍ਹਾਂ ਦੀਆਂ ਫੌਜਾਂ ਨੇ ਕਬਜ਼ਾ ਕਰ ਲਿਆ ਹੈ ਜਦੋਂ ਕਿ ਯੂਕਰੇਨ ਮੁਤਾਬਕ ਸ਼ਹਿਰ ਫ਼ਿਲਹਾਲ ਉਨ੍ਹਾਂ ਦੀ ਫ਼ੌਜ ਦੇ ਕਬਜ਼ੇ ਵਿੱਚ ਹੈ।
ਰੂਸ ਯੂਕਰੇਨ ਜੰਗ- ਹੁਣ ਤੱਕ 197 ਬੱਚਿਆਂ ਦੀ ਮੌਤ
ਰੂਸ ਅਤੇ ਯੂਕਰੇਨ ਦਰਮਿਆਨ ਯੁੱਧ 24 ਫਰਵਰੀ ਤੋਂ ਜਾਰੀ ਹੈ ਅਤੇ ਯੂਕਰੇਨ ਦੇ ਪ੍ਰਾਸੀਕਿਊਟਰ ਜਨਰਲ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਹੁਣ ਤੱਕ 197 ਬੱਚਿਆਂ ਦੀ ਮੌਤ ਹੋਈ ਹੈ।
ਯੂਕਰੇਨ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ 351 ਬੱਚੇ ਯੁੱਧ ਦੌਰਾਨ ਜ਼ਖ਼ਮੀ ਵੀ ਹੋਏ ਹਨ।
ਸਭ ਤੋਂ ਵੱਧ ਬੱਚੇ ਕੀਵ,ਖਾਰਕੀਵ ਅਤੇ ਪੂਰਬੀ ਯੂਕਰੇਨ ਵਿਖੇ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਇਹ ਅੰਕੜੇ ਆਉਣ ਵਾਲੇ ਦਿਨਾਂ ਵਿੱਚ ਵਧ ਸਕਦੇ ਹਨ।
ਰੂਸ ਦੇ ਜੰਗੀ ਬੇੜੇ ਵਿੱਚ ਲੱਗੀ ਅੱਗ, ਯੂਕਰੇਨ ਨੇ ਮਿਜ਼ਾਈਲ ਹਮਲੇ ਦਾ ਕੀਤਾ ਦਾਅਵਾ
ਰੂਸ ਅਤੇ ਯੂਕਰੇਨ ਦਰਮਿਆਨ ਯੁੱਧ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਵੀਰਵਾਰ ਨੂੰ ਰੂਸ ਵੱਲੋਂ ਆਪਣੇ ਜੰਗੀ ਬੇੜੇ ਮੋਸਕੋਵਾ ਦੇ ਨੁਕਸਾਨ ਬਾਰੇ ਖੁਲਾਸਾ ਕੀਤਾ ਗਿਆ ਹੈ।
ਰੂਸ ਵੱਲੋਂ ਆਖਿਆ ਗਿਆ ਹੈ ਕਿ ਇਸ ਜੰਗੀ ਬੇੜੇ ਵਿੱਚ ਅੱਗ ਲੱਗਣ ਕਾਰਨ ਨੁਕਸਾਨ ਹੋਇਆ ਹੈ ਪਰ ਇਹ ਹੁਣ ਵੀ ਸਮੁੰਦਰ ਵਿੱਚ ਤੈਰ ਰਿਹਾ ਹੈ। ਰੂਸ ਨੇ ਆਖਿਆ ਕਿ ਇਸ ਵਿੱਚ ਮੌਜੂਦ ਰੂਸੀ ਫ਼ੌਜੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
ਉੱਧਰ ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀਆਂ ਦੋ ਮਿਜ਼ਾਇਲਾਂ ਨੇ ਮੋਸਕੋਵਾ ਉੱਪਰ ਹਮਲਾ ਕੀਤਾ ਹੈ ਜਿਸ ਤੋਂ ਬਾਅਦ ਇਹ ਸਮੁੰਦਰ ਵਿੱਚ ਡੁੱਬ ਰਿਹਾ ਹੈ।
ਬੀਬੀਸੀ ਵੱਲੋਂ ਸੁਤੰਤਰ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਕੀਤੀ ਜਾਂਦੀ।
ਸਾਲ 2000 ਤੋਂ ਇਹ ਜੰਗੀ ਬੇੜਾ ਸਮੁੰਦਰ ਵਿੱਚ ਮੌਜੂਦ ਹੈ ਅਤੇ 1980 ਵਿੱਚ ਇਸ ਨੂੰ ਯੂਕਰੇਨ ਵਿੱਚ ਹੀ ਬਣਾਇਆ ਗਿਆ ਸੀ ਜਦੋਂ ਯੂਕਰੇਨ ਸੋਵੀਅਤ ਸੰਘ ਦਾ ਹਿੱਸਾ ਸੀ।
ਮਾਹਰਾਂ ਮੁਤਾਬਕ ਇਸ ਜੰਗੀ ਬੇੜੇ ਦੇ ਨੁਕਸਾਨ ਨਾਲ ਸਮੁੰਦਰ ਵਿੱਚ ਰੂਸ ਦੀਆਂ ਸ਼ਕਤੀਆਂ ਤਾਂ ਪ੍ਰਭਾਵਿਤ ਹੋਣਗੀਆਂ ਹੀ ਪਰ ਇਸ ਨਾਲ ਯੂਕਰੇਨ ਦੀ ਫ਼ੌਜ ਦੇ ਮਨੋਬਲ ਵਿੱਚ ਵਾਧਾ ਹੋਵੇਗਾ।
ਈਡੀ ਦੇ ਸਵਾਲਾਂ ਦਾ ਦਿੱਤਾ ਜਵਾਬ, ਮਾਮਲਾ ਅਦਾਲਤ ਵਿੱਚ - ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਮਾਈਨਿੰਗ ਦੇ ਮਾਮਲੇ ਵਿੱਚ ਈਡੀ ਨੇ ਉਨ੍ਹਾਂ ਨੂੰ ਸੰਮਨ ਕੀਤਾ ਸੀ ਅਤੇ ਉਨ੍ਹਾਂ ਨੂੰ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ।
ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਇਸ ਮਾਮਲੇ ਵਿੱਚ ਈਡੀ ਵੱਲੋਂ ਅਦਾਲਤ ਵਿੱਚ ਚਲਾਨ ਵੀ ਪੇਸ਼ ਕੀਤਾ ਗਿਆ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਇਹ ਮਾਮਲਾ ਅਦਾਲਤ ਵਿੱਚ ਹੈ ਅਤੇ ਉਨ੍ਹਾਂ ਨੇ ਇਸ ਤੋਂ ਇਲਾਵਾ ਟਿੱਪਣੀ ਨਹੀਂ ਕੀਤੀ।
ਮਾਈਨਿੰਗ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਭੇਜਿਆ ਗਿਆ ਸੀ।
ਰੂਸ ਦੇ ਜਹਾਜ਼ ਦੀ ਘਟਨਾ ਯੂਕਰੇਨੀ ਮਨੋਬਲ ਲਈ 'ਵੱਡਾ ਹੁਲਾਰਾ' ਹੈ - ਵਿਸ਼ਲੇਸ਼ਕ
ਰੂਸ ਦਾ ਕਹਿਣਾ ਹੈ ਕਿ ਉਸ ਦਾ ਕਾਲਾ ਸਾਗਰ ਮਿਜ਼ਾਈਲ ਕਰੂਜ਼ਰ, ਮੋਸਕਵਾ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਜਿਸ ਕਾਰਨ ਇਸਦਾ ਗੋਲਾ ਬਾਰੂਦ ਵੀ ਫੱਟ ਗਿਆ ਹੈ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਮਿਜ਼ਾਇਲਾਂ ਨੇ ਇਸ ਜਹਾਜ਼ 'ਤੇ ਹਮਲਾ ਕੀਤਾ ਹੈ, ਪਰ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਹੋਈ ਹੈ।
ਇਸ ਦੌਰਾਨ, ਕੀਵ ਵਿੱਚ ਯੂਕਰੇਨ ਦੇ ਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟਿਜਿਕ ਸਟੱਡੀਜ਼ ਵਿੱਚ ਰਿਸਰਚਰ ਫੈਲੋ ਮਾਈਕੋਲਾ ਬੀਲੀਸਕੋਵ ਕਹਿੰਦੇ ਹਨ ਕਿ ਇਹ ਘਟਨਾ "ਮਨੋਬਲ ਨੂੰ ਵਧਾਉਣ ਲਈ ਇੱਕ ਬਹੁਤ ਸ਼ਕਤੀਸ਼ਾਲੀ ਮਨੋਵਿਗਿਆਨਕ ਸਾਧਨ" ਹੈ।
ਹਾਲਾਂਕਿ, ਉਹ ਇਹ ਮੰਨਦੇ ਹਨ ਹੈ ਕਿ ਮੋਸਕਵਾ "ਇੱਕ ਪੁਰਾਣਾ ਜਹਾਜ਼ ਹੈ" ਅਤੇ ਰੂਸ ਦੇ ਨਵੇਂ ਜਹਾਜ਼ "ਕਾਲੀਬਰ ਕਰੂਜ਼ ਮਿਜ਼ਾਈਲਾਂ" ਨਾਲ ਯੂਕਰੇਨ 'ਤੇ ਹਮਲੇ ਕਰ ਰਹੇ ਹਨ।
ਪਰ ਫਿਰ ਵੀ ਉਹ ਕਹਿੰਦੇ ਹਨ ਕਿ ਨਿਸ਼ਚਤ ਤੌਰ 'ਤੇ ਇਹ ਵੱਡਾ ਨੁਕਸਾਨ ਹੈ - ਨਾ ਸਿਰਫ ਪਦਾਰਥਕ ਤੌਰ 'ਤੇ ਬਲਕਿ ਮਨੋਬਲ ਲਈ ਵੀ।
"ਅਤੇ ਦੂਜੇ ਪਾਸੇ ਇਹ ਯੂਕਰੇਨੀ ਮਨੋਬਲ ਲਈ ਬਹੁਤ ਵੱਡਾ ਹੁਲਾਰਾ ਹੈ।"
ਸ਼ਰਾਬ ਪੀ ਕੇ ਦਮਦਮਾ ਸਾਹਿਬ ਆਏ ਭਗਵੰਤ ਮਾਨ-ਸੁਖਬੀਰ ਸਿੰਘ ਬਾਦਲ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਤਖਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।
ਉਸ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ।
ਉਨ੍ਹਾਂ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਦਮਦਮਾ ਸਾਹਿਬ ਆਉਣ ਅਤੇ ਸ਼ਰਾਬ ਪੀਤੀ ਹੋਵੇ ਇਹ ਬਹੁਤ ਮਾੜੀ ਗੱਲ ਹੈ। ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ ਕਿ ਗੁਰੂ ਘਰ ਦੀ ਮਰਿਆਦਾ ਨੂੰ ਖ਼ਰਾਬ ਕੀਤਾ ਜਾਵੇ।''
''ਮੁੱਖ ਮੰਤਰੀ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਪੂਰਾ ਪੰਜਾਬ ਅਤੇ ਦੁਨੀਆਂ ਦੇਖ ਰਹੀ ਹੈ।"
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਭਗਵੰਤ ਮਾਨ ਅੱਜ ਸਵੇਰੇ ਜਦੋਂ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਚੁੱਕੇ ਹਨ।
'16 ਤਰੀਕ ਨੂੰ ਪੰਜਾਬ ਵਾਸੀਆਂ ਨੂੰ ਦੇਵਾਂਗੇ ਵੱਡੀ ਖ਼ੁਸ਼ਖ਼ਬਰੀ' - ਮੁੱਖ ਮੰਤਰੀ ਭਗਵੰਤ ਮਾਨ
ਅੱਜ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਮੁਫ਼ਤ ਬਿਜਲੀ ਦੇ ਸਵਾਲ 'ਤੇ ਜਵਾਬ ਦਿੰਦਿਆਂ ਕਿਹਾ ਕਿ 16 ਤਰੀਕ ਨੂੰ ਤੁਹਾਨੂੰ ਬਹੁਤ ਵੱਡੀ ਖੁਸ਼ਖ਼ਬਰੀ ਮਿਲ ਜਾਵੇਗੀ।
ਇਸਦਾ ਵੀਡੀਓ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਸ਼ੇਅਰ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਡਾ. ਭੀਮਰਾਓ ਅੰਬੇਡਕਰ ਦੀ ਜਯੰਤੀ ਦੇ ਸਮਾਗਮ ਮੌਕੇ ਸੰਬੋਧਨ ਦੌਰਾਨ ਕਿਹਾ ਕਿ ''ਉਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਕਿ ਕੋਈ ਵੀ ਬੰਦਾ ਵੋਟਾਂ 'ਚ ਖੜ੍ਹਾ ਹੋ ਸਕਦਾ ਹੈ। ਕੋਈ ਵੀ ਬੰਦਾ, ਕੋਈ ਵੀ ਕੁੜੀ ਐੱਮਐੱਲਏ ਬਣ ਸਕਦੀ ਹੈ। ਕੋਈ ਵੀ ਮੁੰਡਾ, ਕੋਈ ਵੀ ਇਨਸਾਨ ਮੁੱਖ ਮੰਤਰੀ ਚੁਣਿਆ ਜਾ ਸਕਦਾ ਹੈ।''
''ਲੱਗਦਾ ਹੈ ਅੱਜ ਉਨ੍ਹਾਂ ਦੀ ਆਤਮਾ ਨੂੰ ਥੋੜ੍ਹਾ ਸਕੂਨ ਮਿਲਦਾ ਹੋਵੇਗਾ ਕਿ ਮੇਰੇ ਲਿਖੇ ਸੰਵਿਧਾਨ ਦੁਆਰਾ ਕੋਈ ਵੀ ਮੁੰਡਾ, ਕੋਈ ਵੀ ਕੁੜੀ ਐੱਮਐੱਲਏ ਤੇ ਮੁਖ ਮੰਤਰੀ ਬਣੇ ਨੇ।''
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ''ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜੋ ਕਰਨਾ ਪਿਆ ਕਰਾਂਗੇ। ਉਨ੍ਹਾਂ ਦੇ ਨਾਂਅ 'ਤੇ ਯੂਨੀਵਰਸਿਟੀ, ਕੋਰਸ ਸ਼ੁਰੂ ਕੀਤੇ ਜਾਣਗੇ।''
ਵਿਸਾਖੀ ਅਤੇ ਖ਼ਾਲਸਾ ਪੰਥ ਸਾਜਨਾ ਦਿਵਸ ਮੌਕੇ ਤਖ਼ਤ ਦਮਦਮਾ ਸਾਹਿਬ ਨਤਮਸਤਕ ਹੋਏ ਸੀਐੱਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਸਾਖੀ ਅਤੇ ਖ਼ਾਲਸਾ ਪੰਥ ਸਾਜਨਾ ਦਿਵਸ ਦੇ ਮੌਕੇ 'ਤੇ ਤਖ਼ਤ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ।
ਇਸਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਉਨ੍ਹਾਂ ਨੇ ਪੰਜਾਬ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ।
ਤਸਵੀਰਾਂ ਵਿੱਚ: ਮਾਰੀਓਪੋਲ ਦੀ ਤਬਾਹੀ
ਬੁੱਧਵਾਰ ਨੂੰ ਮਾਰੀਓਪੋਲ ਵਿੱਚ ਤਬਾਹੀ ਦੀਆਂ ਨਵੀਆਂ ਫੋਟੋਆਂ ਸਾਹਮਣੇ ਆਈਆਂ।
ਰੂਸ ਦਾ ਦਾਅਵਾ ਹੈ ਕਿ ਸ਼ਹਿਰ 'ਤੇ ਉਨ੍ਹਾਂ ਦਾ ਕੰਟਰੋਲ ਹੈ, ਪਰ ਯੂਕਰੇਨ ਦਾ ਕਹਿਣਾ ਹੈ ਕਿ ਅਜੇ ਵੀ ਉਸ ਦੀ ਫੌਜ ਹੀ ਇਸ ਰਣਨੀਤਕ ਬੰਦਰਗਾਹ ਵਾਲੇ ਸ਼ਹਿਰ ਨੂੰ ਕੰਟਰੋਲ ਕਰ ਰਹੀ ਹੈ।
ਜ਼ਹਿਰੀਲੇ ਮਸ਼ਰੂਮ ਖਾਣ ਨਾਲ ਅਸਮ 'ਚ 35 ਲੋਕ ਬਿਮਾਰ, 13 ਦੀ ਮੌਤ
ਦਿਲੀਪ ਕੁਮਾਰ ਸ਼ਰਮਾ
ਜੋਰਹਾਟ ਤੋਂ, ਬੀਬੀਸੀ ਹਿੰਦੀ
ਅਸਮ 'ਚ ਜ਼ਹਿਰੀਲੀਆਂ ਖੁੰਭਾਂ ਖਾਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ। ਅਸਮ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੁਪਰੀਟੇਂਡੇਂਟ ਡਾਕਟਰ ਪ੍ਰਸ਼ਾਂਤ ਦਿਹਿੰਗੀਆ ਨੇ ਦੱਸਿਆ ਕਿ ਉੱਪਰੀ ਅਸਮ ਦੇ ਚਾਰ ਜ਼ਿਲ੍ਹਿਆਂ ਵਿੱਚ ਜ਼ਹਿਰੀਲੇ ਮਸ਼ਰੂਮ ਖਾਣ ਨਾਲ ਪਿਛਲੇ ਦੋ ਦਿਨਾਂ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ, “ਪਿਛਲੇ ਪੰਜ ਦਿਨਾਂ ਵਿੱਚ, ਉੱਪਰੀ ਅਸਮ ਦੇ ਚਰਾਈਦੇਵ, ਡਿਬਰੂਗੜ੍ਹ, ਸਿਵਸਾਗਰ ਅਤੇ ਤਿਨਸੁਕੀਆ ਜ਼ਿਲ੍ਹਿਆਂ ਤੋਂ ਜ਼ਹਿਰੀਲੇ ਮਸ਼ਰੂਮ ਖਾਣ ਤੋਂ ਬਾਅਦ ਬਿਮਾਰ ਹੋਏ 35 ਮਰੀਜ਼ਾਂ ਨੂੰ ਏਐੱਮਸੀਐੱਚ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 13 ਮਰੀਜ਼ਾਂ ਦੀ ਮੌਤ ਹੋ ਗਈ ਹੈ।"
ਉਨ੍ਹਾਂ ਦੱਸਿਆ, “ਚਾਰ ਮੌਤਾਂ ਸੋਮਵਾਰ ਨੂੰ ਹੋਈਆਂ, ਜਦਕਿ ਮੰਗਲਵਾਰ ਨੂੰ ਨੌਂ ਹੋਰ ਲੋਕਾਂ ਦੀ ਮੌਤ ਹੋਈ। ਸਾਰੇ ਪੀੜਤਾਂ ਨੇ ਆਪਣੇ ਘਰਾਂ ਵਿੱਚ ਜ਼ਹਿਰੀਲੀਆਂ ਖੁੰਬਾਂ ਨੂੰ ਸਾਧਾਰਨ ਮਸ਼ਰੂਮ ਸਮਝ ਕੇ ਖਾ ਲਿਆ ਸੀ। ਜਿਸ ਤੋਂ ਬਾਅਦ ਸਾਰਿਆਂ ਨੂੰ ਮਤਲੀ, ਉਲਟੀਆਂ ਅਤੇ ਪੇਟ ਵਿੱਚ ਮਰੋੜ ਦੀ ਸ਼ਿਕਾਇਤ ਹੋਈ। ਜਦੋਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਤਾਂ ਉਨ੍ਹਾਂ ਨੂੰ ਇਲਾਜ ਲਈ ਏਐੱਮਸੀਐੱਚ ਲਿਆਂਦਾ ਗਿਆ।''
ਪਿਛਲੇ ਪੰਜ ਦਿਨਾਂ ਵਿੱਚ 31 ਬਾਲਗ ਅਤੇ ਚਾਰ ਬੱਚੇ ਜ਼ਹਿਰੀਲੇ ਮਸ਼ਰੂਮ ਕਾਰਨ ਇੱਥੇ ਦਾਖਲ ਹੋਏ ਹਨ। ਮਰਨ ਵਾਲੇ 13 ਮਰੀਜ਼ਾਂ ਵਿੱਚੋਂ 12 ਬਾਲਗ ਸਨ ਅਤੇ ਇੱਕ ਨਾਬਾਲਗ ਸੀ। ਜਦਕਿ 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਭਾਰਤ ਦੇ ਉੱਤਰ-ਪੂਰਬੀ ਖੇਤਰ ਵਿੱਚ ਮਸ਼ਰੂਮ ਬਹੁਤ ਪ੍ਰਚਲਿਤ ਹੈ। ਪਰ ਮੰਨਿਆ ਜਾਂਦਾ ਹੈ ਕਿ ਅਸਮ ਵਿੱਚ ਖਾਧੇ ਜਾਣ ਵਾਲੇ ਇਸ ਮਸ਼ਰੂਮ ਬਾਰੇ ਸੂਬੇ ਦੇ ਕੁਝ ਕਬੀਲੇ ਹੀ ਜਾਣਦੇ ਹਨ।
ਅਜਿਹੇ 'ਚ ਅਸਮ 'ਚ ਹਰ ਸਾਲ ਜ਼ਹਿਰੀਲੇ ਮਸ਼ਰੂਮ ਖਾਣ ਨਾਲ ਬੀਮਾਰ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਆਂਧਰਾ ਪ੍ਰਦੇਸ਼ ਦੀ ਕੈਮੀਕਲ ਫੈਕਟਰੀ 'ਚ ਹਾਦਸਾ, 6 ਦੀ ਮੌਤ, 40 ਜ਼ਖਮੀ
ਸੰਕਰ ਵਦੀਸੇਤੀ
ਬੀਬੀਸੀ ਤੇਲੁਗੂ ਲਈ
ਆਂਧਰਾ ਪ੍ਰਦੇਸ਼ ਦੇ ਏਲੁਰੂ ਜ਼ਿਲੇ ਦੇ ਅੱਕੀਰੈੱਡੀਪਾਲੇਮ ਨੇੜੇ ਪੋਰਸ ਕੰਪਨੀ ਦੀ ਕੈਮੀਕਲ ਫੈਕਟਰੀ ਵਿੱਚ ਇੱਕ ਹਾਦਸੇ 'ਚ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਹਾਦਸਾ 13 ਅਪ੍ਰੈਲ, ਬੁੱਧਵਾਰ ਰਾਤ ਕਰੀਬ 10:30 ਵਜੇ ਵਾਪਰਿਆ।
ਬੀਬੀਸੀ ਤੇਲੁਗੂ ਨੂੰ ਨੁਜ਼ੀਵਿਡ ਸਰਕਲ ਇੰਸਪੈਕਟਰ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਯੂਨਿਟ-4 ਵਿੱਚ ਸ਼ਾਇਦ ਹਾਈ ਪ੍ਰੈਸ਼ਰ ਕਾਰਨ ਓਵਰਹੀਟਿੰਗ ਹੋਣ ਕਾਰਨ ਇੱਕ ਰਿਐਕਟਰ ਵਿੱਚ ਧਮਾਕਾ ਹੋਇਆ ਤੇ ਅੱਗ ਫੈਲ ਗਈ।
ਕੁਝ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕੁਝ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ ਵਿੱਚ ਮਰਨ ਵਾਲੇ ਮਜ਼ਦੂਰਾਂ ਵਿੱਚੋਂ ਕੁਝ ਬਿਹਾਰ ਦੇ ਹਨ ਅਤੇ ਬਾਕੀ ਸਥਾਨਕ ਹਨ।
ਵਿਜੇਵਾੜਾ ਦੇ ਸਰਕਾਰੀ ਹਸਪਤਾਲ ਦੀ ਸੁਪਰੀਟੇਂਡੇਂਟ ਭਾਗਲਕਸ਼ਮੀ ਨੇ ਦੱਸਿਆ ਕਿ ਹਸਪਤਾਲ 'ਚ 12 ਪੀੜਤਾਂ ਦਾ ਇਲਾਜ ਚੱਲ ਰਿਹਾ ਹੈ। “ਇੱਕ ਜਾਂ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਹਾਲਤ ਨਾਜ਼ੁਕ ਹੈ। ਸੜਨ ਕਾਰਨ ਹੋਣ ਵਾਲੇ ਜ਼ਖਮ 70 ਪ੍ਰਤੀਸ਼ਤ ਤੋਂ ਵੱਧ ਹਨ।''
ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਫੈਕਟਰੀ ਵਿੱਚ ਕਰੀਬ 150 ਕਰਮਚਾਰੀ ਮੌਜੂਦ ਸਨ।
ਪੁਲਿਸ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ ਅਤੇ ਸਥਿਤੀ ਹੁਣ ਕਾਬੂ ਹੇਠ ਹੈ।
ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਅਤੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਰੂਸੀ ਕਰੂਜ਼ਰ 'ਤੇ ਕੀਤਾ ਗਿਆ ਮਿਜ਼ਾਈਲ ਹਮਲਾ - ਯੂਕਰੇਨ
ਰੂਸ ਦੇ ਮੋਸਕਵਾ ਮਿਜ਼ਾਈਲ ਕਰੂਜ਼ਰ ਬਾਰੇ ਮਾਸਕੋ ਦਾ ਕਹਿਣਾ ਹੈ ਕਿ ਇਸਨੂੰ ਅੱਗ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।
ਇਸਤੋਂ ਪਹਿਲਾਂ, ਯੂਕਰੇਨ ਨੇ ਦਾਅਵਾ ਕੀਤਾ ਸੀ ਕਿ ਇਸ ਜੰਗੀ ਬੇੜੇ 'ਤੇ ਯੂਕਰੇਨ ਦੁਆਰਾ ਬਣਾਈਆਂ ਗਈਆਂ ਨੈਪਚਿਊਨ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਸੀ।
ਯੂਕਰੇਨੀ ਰਾਸ਼ਟਰਪਤੀ ਦੇ ਸਹਿਯੋਗੀ ਓਲੇਕਸੀ ਅਰੇਸਟੋਵਿਚ ਨੇ ਕਿਹਾ ਕਿ ਰੂਸੀ ਬਚਾਅਕਰਤਾ ਜਹਾਜ਼ ਤੱਕ ਪਹੁੰਚਣ ਵਿੱਚ ਅਸਮਰੱਥ ਸਨ ਅਤੇ ਇਸ ਬੇੜੇ ਵਿੱਚ ਚਾਲਕ ਦਲ ਦੇ ਲਗਭਗ 510 ਮੈਂਬਰ ਸਵਾਰ ਹੋਣ ਦਾ ਅੰਦੇਸ਼ਾ ਸੀ।
ਓਡੇਸਾ ਦੇ ਖੇਤਰੀ ਗਵਰਨਰ ਮੈਕਸਿਮ ਮਾਰਚੇਂਕੋ ਨੇ ਆਪਣੀ ਟੈਲੀਗ੍ਰਾਮ ਪੋਸਟ ਵਿੱਚ ਲਿਖਿਆ, "ਇਹ ਪੁਸ਼ਟੀ ਕੀਤੀ ਗਈ ਹੈ ਕਿ ਕਿ ਅੱਜ ਸਨੇਕ ਆਈਲੈਂਡ ਤੋਂ ਸਾਡੇ ਗਾਰਡਾਂ ਦੁਆਰਾ ਦਾਗੀ ਗਈ ਮਿਜ਼ਾਈਲ ਕਰੂਜ਼ਰ ਮੋਸਕਵਾ ਬਿਲਕੁਲ ਉਸੇ ਥਾਂ ਗਈ ਹੈ ਜਿਥੇ ਇਸਨੂੰ ਭੇਜਿਆ ਗਿਆ ਸੀ।''
ਯੂਕਰੇਨ 'ਤੇ ਧਿਆਨ ਸਿਆਹਫਾਮ ਜੀਵਨ ਪ੍ਰਤੀ ਪੱਖਪਾਤ ਦਰਸਾਉਂਦਾ ਹੈ - ਡਬਲਯੂਐੱਚਓ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਗੈਬਰੇਏਸਸ ਦਾ ਕਹਿਣਾ ਹੈ ਕਿ ਦੁਨੀਆ ਸਿਆਹਫਾਮ ਅਤੇ ਗੋਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਐਮਰਜੈਂਸੀਆਂ ਵੱਲ ਬਰਾਬਰੀ ਨਾਲ ਧਿਆਨ ਨਹੀਂ ਦਿੰਦੀ।
ਟੇਡਰੋਸ ਨੇ ਕਿਹਾ ਕਿ ਯੂਕਰੇਨ ਨੂੰ ਦਿੱਤੀ ਗਈ ਸਹਾਇਤਾ ਦਾ ਸਿਰਫ ਇੱਕ ਹਿੱਸਾ ਹੀ ਹੋਰ ਮਨੁੱਖਤਾ ਸਬੰਧੀ ਸੰਕਟਾਂ ਵਿੱਚ ਗਿਆ ਹੈ।
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਯੂਕਰੇਨ ਦੀ ਸਹਾਇਤਾ ਕਰਨਾ "ਬਹੁਤ ਮਹੱਤਵਪੂਰਨ" ਹੈ ਕਿਉਂਕਿ ਇਹ "ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ''।
ਉਨ੍ਹਾਂ ਅੱਗੇ ਕਿਹਾ, ਪਰ ਇਥੋਪੀਆ ਦੇ ਟਾਈਗਰੇ ਪ੍ਰਾਂਤ ਜਾਂ ਯਮਨ, ਅਫਗਾਨਿਸਤਾਨ ਅਤੇ ਸੀਰੀਆ 'ਤੇ ਇਸ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਟੇਡਰੋਸ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਕੀ ਦੁਨੀਆ ਵਾਕਈ ਸਿਆਹਫਾਮ ਅਤੇ ਗੋਰੇ ਲੋਕਾਂ 'ਤੇ ਬਰਾਬਰ ਧਿਆਨ ਦਿੰਦੀ ਹੈ।''
ਹੁਣ ਤੱਕ ਦਾ ਅਹਿਮ ਘਟਨਾਕ੍ਰਮ
- ਮਾਰੀਓਪੋਲ ਦੇ ਮੇਅਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 21000 ਨਾਗਰਿਕਾਂ ਦੀ ਮੌਤ ਹੋਈ ਹੈ।
- ਰੂਸ ਵੱਲੋਂ ਦਾਅਵਾ ਕੀਤਾ ਗਿਆ ਕਿ ਵਿਖੇ ਇੱਕ ਹਜ਼ਾਰ ਤੋਂ ਵੱਧ ਯੂਕਰੇਨੀ ਫ਼ੌਜੀਆਂ ਨੇ ਆਤਮ ਸਮਰਪਣ ਕੀਤਾ ਹੈ। ਯੂਕਰੇਨ ਵੱਲੋਂ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਗਿਆ ਹੈ।
- ਪੋਲੈਂਡ, ਲਾਤਵੀਆ ਅਤੇ ਐਸਟੋਨੀਆ ਦੇ ਰਾਸ਼ਟਰਪਤੀ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਯੂਕੇ ਦੇ ਪ੍ਰਧਾਨ ਮੰਤਰੀ ਵੀ ਕੀਵ ਪਹੁੰਚੇ ਸਨ।
- ਯੂਕਰੇਨ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਰੂਸੀ ਸਮਰਥਕ ਨੇਤਾ ਵਿਕਟਰ ਮੇਡਵਿਡਚਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਮੁਤਾਬਕ ਯੂਕਰੇਨ ਵਿੱਚ ਵਿਕਟਰ ਪੁਤਿਨ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਹਨ।
- ਯੂਕਰੇਨ ਦੀ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ ਨੇ ਰਿਪੋਰਟ ਦਿੱਤੀ ਹੈ ਕਿ 24 ਫਰਵਰੀ ਨੂੰ ਸ਼ੁਰੂ ਹੋਏ ਰੂਸੀ ਹਮਲੇ 'ਚ ਹੁਣ ਤੱਕ ਯੂਕਰੇਨ ਵਿੱਚ ਘੱਟੋ-ਘੱਟ 20 ਪੱਤਰਕਾਰ ਮਾਰੇ ਗਏ ਹਨ।
ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ
ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ।
ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੇ ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਦੀਆਂ ਅਹਿਮ ਘਟਨਾਵਾਂ ਬਾਰੇ ਹੈ।
13 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।