You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਰੂਸ ਜੰਗ: ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖ਼ਿਲਾਫ਼ ਮਤਾ ਪਾਸ, ਭਾਰਤ ਨੇ ਨਹੀਂ ਕੀਤਾ ਵੋਟ

ਯੂਕਰੇਨ ਅਤੇ ਰੂਸ ਵਿਚਾਲੇ ਸਤਵੇਂ ਦਿਨ ਵੀ ਜੰਗ ਜਾਰੀ ਹੈ। ਯੂਕਰੇਨ ਵਿੱਚੋਂ ਹੁਣ ਤੱਕ ਸੈਂਕੜੇ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ ਹੈ ਪਰ ਅਜੇ ਵੀ ਕੁਝ ਥਾਵਾਂ 'ਤੇ ਵਿਦਿਆਰਥੀ ਫਸੇ ਹੋਏ ਹਨ।

ਲਾਈਵ ਕਵਰੇਜ

  1. ਰੂਸ-ਯੂਕਰੇਨ ਜੰਗ: ਸੱਤਵੇਂ ਦਿਨ ਦੇ ਕੀ ਹਨ ਹਾਲਾਤ

    ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਬੁੱਧਵਾਰ ਨੂੰ ਇਸ ਜੰਗ ਦੌਰਾਨ ਇਹ ਖਾਸ ਰਿਹਾ:

    • ਯੂਕਰੇਨ ਵਿੱਚ ਇਲਾਜ ਅਧੀਨ ਇੱਕ ਭਾਰਤੀ ਵਿਦਿਆਰਥੀ ਚੰਦਨ ਜਿੰਦਲ ਦੀ ਮੌਤ ਹੋ ਗਈ। ਚੰਦਨ ਪੰਜਾਬ ਦੇ ਬਰਨਾਲਾ ਦੇ ਵਸਨੀਕ ਸਨ।
    • ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖ਼ਿਲਾਫ਼ ਮਤਾ ਪਾਸ, ਭਾਰਤ ਨੇ ਨਹੀਂ ਕੀਤਾ ਵੋਟ।
    • ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਫੋਨ 'ਤੇ ਗੱਲ ਹੋਈ ਹੈ। ਖਾਰਕੀਵ ਵਰਗੇ ਇਲਾਕਿਆਂ 'ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਵੀ ਕੀਤੀ ਗਈ।
    • ਯੂਕਰੇਨ ਦੇ ਦੱਖਣੀ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਜੰਗ ਜਾਰੀ ਹੈ। ਰੂਸੀ ਫ਼ੌਜਾਂ ਖਾਰਕੀਵ ਅਤੇ ਖੇਰਸਨ ਸ਼ਹਿਰਾਂ ਉੱਤੇ ਹਮਲੇ ਕਰ ਰਹੀਆਂ ਹਨ।
    • ਸੰਯੁਕਤ ਰਾਸ਼ਟਰ ਮੁਤਾਬਕ ਤਕਰੀਬਨ ਸੱਤ ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।
    • ਰੂਸੀ ਮੀਡੀਆ ਮੁਤਾਬਕ ਉਨ੍ਹਾਂ ਦਾ ਦੇਸ਼ ਬੈਠਕ ਅਤੇ ਗੱਲਬਾਤ ਲਈ ਤਿਆਰ ਹੈ।
    • ਭਾਰਤ ਸਰਕਾਰ ਮੁਤਾਬਕ ਅਗਲੇ 24 ਘੰਟਿਆਂ ਦੌਰਾਨ 15 ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤਕ 3000 ਤੋਂ ਵੱਧ ਨਾਗਰਿਕ ਭਾਰਤ ਆ ਚੁੱਕੇ ਹਨ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਬੈਠਕ ਵੀ ਕੀਤੀ ਗਈ ਹੈ।
  2. ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖ਼ਿਲਾਫ਼ ਮਤਾ ਪਾਸ, ਭਾਰਤ ਨੇ ਨਹੀਂ ਕੀਤਾ ਵੋਟ

    ਸੰਯੁਕਤ ਰਾਸ਼ਟਰ ਮਹਾਸਭਾ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਖ਼ਿਲਾਫ਼ ਲਿਆਂਦੇ ਗਏ ਨਿੰਦਾ ਮਤੇ ਦੇ ਸਮਰਥਨ 'ਚ ਵੋਟ ਕੀਤਾ ਹੈ।

    ਭਾਰਤ ਨੇ ਇਸ ਮਤਦਾਨ ਵਿੱਚ ਵੋਟ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਰੂਸ ਦੇ ਖਿਲਾਫ ਪ੍ਰਸਤਾਵ ਦੇ ਦੌਰਾਨ ਭਾਰਤ ਨੇ ਵੋਟ ਨਹੀਂ ਕੀਤਾ।

    ਸੰਯੁਕਤ ਰਾਸ਼ਟਰ ਨੇ ਰੂਸ ਨੂੰ ਫੌਰਨ ਆਪਣੀ ਫੌਜ ਨੂੰ ਯੂਕਰੇਨ ਤੋਂ ਵਾਪਿਸ ਬੁਲਾਉਣ ਲਈ ਵੀ ਆਖਿਆ ਹੈ।

    ਵੋਟਿੰਗ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਦੇ ਰਾਜਦੂਤ ਨੇ ਆਖਿਆ ਕਿ ਰੂਸ ਯੂਕਰੇਨ ਦੇ ਅਧਿਕਾਰਾਂ ਦਾ ਹਨਨ ਕਰਨਾ ਚਾਹੁੰਦਾ ਹੈ।

    ਰੂਸ ਦੇ ਰਾਜਦੂਤ ਨੇ ਆਖਿਆ ਕਿ ਰੂਸ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਵੱਖਵਾਦੀਆਂ ਦੇ ਸੰਘਰਸ਼ ਨੂੰ ਖ਼ਤਮ ਕਰਨਾ ਚਾਹੁੰਦਾ ਹੈ।

  3. ਮਾਪਿਆਂ ਨਾਲ ਸੰਪਰਕ ਵਿੱਚ ਨਹੀਂ ਕਈ ਵਿਦਿਆਰਥੀ, ਸੰਸਦ ਮੈਂਬਰਾਂ ਨੇ ਕੀਤੀ ਕੇਂਦਰ ਸਰਕਾਰ ਨੂੰ ਅਪੀਲ

    ਬੁੱਧਵਾਰ ਨੂੰ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨਾਲ ਮੁਲਾਕਾਤ ਕੀਤੀ।

    ਇਸ ਬੈਠਕ ਵਿੱਚ ਸੰਸਦ ਮੈਂਬਰਾਂ ਨੇ ਮੰਤਰੀ ਨੂੰ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਅਪੀਲ ਕੀਤੀ।

    ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਨਾਮ ਵੀ ਮੀਨਾਕਸ਼ੀ ਲੇਖੀ ਨੂੰ ਸੌਂਪੇ ਗਏ ਜਿਨ੍ਹਾਂ ਨਾਲੋਂ ਪਰਿਵਾਰ ਦਾ ਸੰਪਰਕ ਟੁੱਟ ਗਿਆ ਹੈ।

    ਜਸਬੀਰ ਸਿੰਘ ਗਿੱਲ, ਮਨੀਸ਼ ਤਿਵਾੜੀ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ, ਰਵਨੀਤ ਬਿੱਟੂ ਅਤੇ ਸੰਤੋਖ ਚੌਧਰੀ ਇਸ ਬੈਠਕ ਵਿੱਚ ਮੌਜੂਦ ਸਨ।

  4. ਤਕਰੀਬਨ 500 ਰੂਸੀ ਫ਼ੌਜੀ ਹਲਾਕ, ਰੂਸ ਨੇ ਪਹਿਲੀ ਵਾਰ ਜਾਰੀ ਕੀਤੇ ਅੰਕੜੇ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਵਿੱਚ ਪਹਿਲੀ ਵਾਰ ਰੂਸ ਦੇ ਰੱਖਿਆ ਮੰਤਰਾਲੇ ਨੇ ਆਪਣੇ ਫ਼ੌਜੀਆਂ ਦੇ ਹਲਾਕ ਹੋਣ ਦੀ ਗਿਣਤੀ ਜਾਰੀ ਕੀਤੀ ਹੈ। ਰੂਸੀ ਮੀਡੀਆ ਉਪਰ ਇਹ ਖ਼ਬਰਾਂ ਚੱਲ ਰਹੀਆਂ ਹਨ।

    ਰੂਸ ਨੇ ਆਖਿਆ ਕਿ 498 ਫ਼ੌਜੀ ਇੱਕ ਹਫ਼ਤੇ ਵਿੱਚ ਮਾਰੇ ਗਏ ਹਨ ਅਤੇ ਹੁਣ ਤੱਕ 1597 ਫ਼ੌਜੀ ਫੱਟੜ ਹਨ।

    ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹੁਣ ਤਕ 5000 ਤੋਂ ਵੱਧ ਰੂਸੀ ਫੌਜੀ ਮਾਰੇ ਗਏ ਹਨ।

    ਬੀਬੀਸੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਪਰ ਯੂਕੇ ਦੇ ਰੱਖਿਆ ਮੰਤਰਾਲੇ ਮੁਤਾਬਕ ਰੂਸ ਦੀਆਂ ਫ਼ੌਜਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

  5. ਯੂਕਰੇਨ -ਰੂਸ ਜੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਵਲਾਦੀਮੀਰ ਪੁਤਿਨ ਨਾਲ ਗੱਲ

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸ਼ਾਮ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲ ਕੀਤੀ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਦੋਹਾਂ ਆਗੂਆਂ ਨੇ ਯੂਕਰੇਨ ਦੇ ਤਾਜ਼ਾ ਹਾਲਾਤਾਂ ਬਾਰੇ ਚਰਚਾ ਕੀਤੀ ਹੈ।

    ਜ਼ਿਕਰਯੋਗ ਹੈ ਕਿ ਯੂਕਰੇਨ ਦੇ ਦੂਸਰੇ ਵੱਡੇ ਸ਼ਹਿਰ ਖਾਰਕੀਵ ਵਿਖੇ ਹਜ਼ਾਰਾਂ ਭਾਰਤੀ ਵਿਦਿਆਰਥੀ ਪੜ੍ਹਦੇ ਹਨ।

    ਜੰਗ ਵਾਲੇ ਇਲਾਕਿਆਂ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਦੋਹਾਂ ਆਗੂਆਂ ਦਰਮਿਆਨ ਚਰਚਾ ਹੋਈ ਹੈ।

    ਇਸ ਤੋਂ ਪਹਿਲਾਂ ਵੀ ਦੋਹਾਂ ਆਗੂਆਂ ਦਰਮਿਆਨ ਫੋਨ 'ਤੇ ਗੱਲ ਹੋਈ ਸੀ ਅਤੇ ਅੱਜ ਸ਼ਾਮ ਪ੍ਰਧਾਨ ਮੰਤਰੀ ਨੇ ਇੱਕ ਉੱਚ ਪੱਧਰੀ ਬੈਠਕ ਵੀ ਜਾਇਜ਼ਾ ਲੈਣ ਲਈ ਕੀਤੀ ਹੈ।

  6. ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਘਰ ਭੇਜਣਾ ਸਾਡੀ ਜ਼ਿੰਮੇਵਾਰੀ- ਜੋਤੀਰਾਦਿੱਤਿਆ ਸਿੰਧਿਆ

    ਕੇਂਦਰੀ ਹਵਾਬਾਜ਼ੀ ਮੰਤਰੀ ਜੋਤਿਰਆਦਿੱਤਿਆ ਸਿੰਧੀਆ ਨੇ ਬੁੱਧਵਾਰ ਦੇਰ ਸ਼ਾਮ ਮੀਡੀਆ ਨਾਲ ਗੱਲ ਕਰਦੇ ਹੋਏ ਆਖਿਆ ਕਿ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚ ਲੈ ਕੇ ਆਉਣ ਦਾ ਕੰਮ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।

    ਇਸ ਵਿੱਚ ਨਾਗਰਿਕਾਂ ਨੂੰ ਯੂਕਰੇਨ ਤੋਂ ਦੂਜੇ ਦੇਸ਼ਾਂ ਦੀ ਸਰਹੱਦ ਤੱਕ ਲੈ ਕੇ ਆਉਣਾ, ਸਰਹੱਦ ਪਾਰ ਕਰਵਾਉਣਾ, ਸਰਹੱਦ ਤੋਂ ਹਵਾਈ ਅੱਡੇ ਤੱਕ ਲੈ ਕੇ ਆਉਣਾ ਅਤੇ ਫਿਰ ਹਵਾਈ ਅੱਡੇ ਤੋਂ ਭਾਰਤ ਭੇਜਣਾ ਸ਼ਾਮਲ ਹੈ।

    ਉਨ੍ਹਾਂ ਆਖਿਆ ਕਿ ਹਰ ਭਾਰਤੀ ਨਾਗਰਿਕ ਨੂੰ ਸੁਰੱਖਿਅਤ ਭਾਰਤ ਭੇਜਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

    ਇਸ ਤਹਿਤ ਚਲਾਇਆ ਗਿਆ 'ਆਪ੍ਰੇਸ਼ਨ ਗੰਗਾ' ਨਾਗਰਿਕਾਂ ਨੂੰ ਦੇਸ਼ ਭੇਜ ਰਿਹਾ ਹੈ।

    ਬੁੱਧਵਾਰ ਨੂੰ ਵੀ ਛੇ ਉਡਾਣਾਂ ਰਾਹੀਂ 1300 ਵਿਦਿਆਰਥੀ ਭਾਰਤ ਭੇਜੇ ਗਏ ਹਨ। ਇਹ ਉਡਾਣਾਂ ਰੋਮਾਨੀਆ ਤੋਂ ਭਾਰਤ ਆਈਆਂ ਹਨ।

  7. ਵਿਦਿਆਰਥੀਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ,ਪੰਜਾਬ ਦੇ ਸਾਂਸਦ ਦਾ ਇਲਜ਼ਾਮ

    ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਟਵਿੱਟਰ 'ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਆਖਿਆ ਹੈ ਕਿ ਵਿਦਿਆਰਥੀ ਦੂਤਾਵਾਸ ਦੇ ਕਹੇ ਮੁਤਾਬਕ ਖਾਰਖੀਵ ਛੱਡ ਰਹੇ ਹਨ ਪਰ ਉਨ੍ਹਾਂ ਦੀ ਕੋਈ ਨਹੀਂ ਸੁਣ ਰਿਹਾ।

    ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਕੇਵਲ ਖਾਲੀ ਰੇਲਵੇ ਸਟੇਸ਼ਨ ਮਿਲ ਰਹੇ ਹਨ ਅਤੇ ਕੋਈ ਭਾਰਤੀ ਅਧਿਕਾਰੀ ਉੱਥੇ ਮੌਜੂਦ ਨਹੀਂ ਹੈ।

    ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਛੇਤੀ ਤੋਂ ਛੇਤੀ ਖਾਰਕੀਵ ਛੱਡਣ ਲਈ ਆਖਿਆ ਸੀ।

  8. ਰੂਸ ਯੂਕਰੇਨ ਜੰਗ: ਟੁੱਟੇ ਦਿਲ ਨਾਲ ਇੱਕ ਦੂਜੇ ਨੂੰ ਅਲਵਿਦਾ ਆਖਦੇ ਪਰਿਵਾਰ, ਵੇਖੋ ਤਸਵੀਰਾਂ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਸੱਤ ਦਿਨ ਹੋ ਚੁੱਕੇ ਹਨ ਅਤੇ ਯੂਕਰੇਨ ਦੇ ਦਨਿਪ੍ਰੋ ਤੋਂ ਬੀਬੀਸੀ ਪੱਤਰਕਾਰ ਸਾਰਾ ਰੇਂਨਫੋਰਡਨੇ ਰੇਲਵੇ ਸਟੇਸ਼ਨ ਦੇ ਹਾਲਾਤ ਬਿਆਨ ਕਰਦੀਆਂ ਕੁਝ ਤਸਵੀਰਾਂ ਭੇਜੀਆਂ ਹਨ।

    ਸਟੇਸ਼ਨ 'ਤੇ ਭੀੜ ਲੱਗੀ ਹੈ ਅਤੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਲਵਿਦਾ ਆਖ ਰਹੇ ਹਨ।

    ਕੁਝ ਲੋਕ ਆਪਣੇ ਨਾਲ ਆਪਣੇ ਪਾਲਤੂ ਜਾਨਵਰ ਵੀ ਲੈ ਕੇ ਆਏ ਹਨ ਪਰ ਜ਼ਿਆਦਾਤਰ ਲੋਕਾਂ ਕੋਲ ਛੋਟੇ ਬਕਸੇ ਜਾਂ ਪਲਾਸਟਿਕ ਦੇ ਬੈਗ ਹੀ ਹਨ।

  9. 2000 ਤੋਂ ਵੱਧ ਯੂਕਰੇਨੀ ਨਾਗਰਿਕਾਂ ਦੀ ਮੌਤ - ਯੂਕਰੇਨੀ ਅਧਿਕਾਰੀ

    ਪਿਛਲੇ ਇੱਕ ਹਫ਼ਤੇ ਤੋਂ ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਵਿੱਚ ਯੂਕਰੇਨ ਦੇ ਦੋ ਹਜ਼ਾਰ ਤੋਂ ਵੱਧ ਨਾਗਰਿਕਾਂ ਦੀ ਮੌਤ ਹੋਈ ਹੈ।

    ਇਹ ਦਾਅਵਾ ਯੂਕਰੇਨੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ।

    ਅਧਿਕਾਰੀਆਂ ਮੁਤਾਬਕ ਇਨ੍ਹਾਂ ਹਾਲਾਤਾਂ ਨਾਲ ਨਜਿੱਠ ਰਹੇ ਬਚਾਅ ਦਲ ਦੇ 10 ਮੈਂਬਰ ਦੀ ਵੀ ਮੌਤ ਹੋਈ ਹੈ।

    ਉਨ੍ਹਾਂ ਨੇ 416 ਧਮਾਕੇਦਾਰ ਵਸਤੂਆਂ ਨੂੰ ਨਸ਼ਟ ਕੀਤਾ ਗਿਆ ਹੈ ਅਤੇ ਅੱਗ ਲਗਾਉਣ ਦੀਆਂ ਚਾਰ ਸੌ ਤੋਂ ਵੱਧ ਘਟਨਾਵਾਂ ਤੇ ਕਾਬੂ ਕੀਤਾ ਗਿਆ ਹੈ।

    ਯੂਕਰੇਨ ਐਮਰਜੈਂਸੀ ਸਰਵਿਸ ਮੁਤਾਬਕ ਆਖਿਆ ਗਿਆ ਹੈ ਕਿ ਜੰਗ ਦੇ ਇੱਕ ਹਫ਼ਤੇ ਦੌਰਾਨ ਹਸਪਤਾਲ, ਬੱਚਿਆਂ ਦੇ ਸਕੂਲ ਘਰ ਅਤੇ ਵਾਹਨਾਂ ਨੂੰ ਰੂਸ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ।

  10. ਵਾਹਨ ਨਹੀਂ ਤਾਂ ਪੈਦਲ ਨਿਕਲੋ ਪਰ ਛੱਡੋ ਖਾਰਖੀਵ: ਭਾਰਤੀ ਦੂਤਾਵਾਸ

    ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਭਾਰਤੀ ਦੂਤਾਵਾਸ ਨੇ ਦੂਜੀ ਐਡਵਾਇਜ਼ਰੀ ਜਾਰੀ ਕੀਤੀ ਹੈ।

    ਦੂਤਾਵਾਸ ਵੱਲੋਂ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਖਾਰਕੀਵ ਛੱਡਣ ਬਾਰੇ ਆਖਿਆ ਗਿਆ ਹੈ।

    ਸ਼ਹਿਰ ਛੱਡਣ ਉਪਰ ਜ਼ੋਰ ਦਿੰਦੇ ਹੋਏ ਦੂਤਾਵਾਸ ਨੇ ਆਖਿਆ ਹੈ ਕਿ ਜੇਕਰ ਨਾਗਰਿਕਾਂ ਨੂੰ ਵਾਹਨ ਨਹੀਂ ਮਿਲ ਰਹੇ ਤਾਂ ਉਹ ਪੈਦਲ ਹੀ ਪੈਸੋਚਿੰਨ, ਬਬਾਏ ਅਤੇ ਬਿਜ਼ਲਯੂਦੋਵਕਾ ਨਿਕਲ ਜਾਣ।

  11. ਯੂਕਰੇਨ ਵਿੱਚ ਬਰਨਾਲਾ ਦੇ ਨੌਜਵਾਨ ਦੀ ਮੌਤ, ਉੱਥੇ ਗਏ ਪਿਤਾ ਵੀ ਫਸੇ

  12. ਕੁਦਰਤੀ ਕਾਰਨਾਂ ਕਰਕੇ ਭਾਰਤ ਦੇ ਇੱਕ ਹੋਰ ਵਿਦਿਆਰਥੀ ਦੀ ਯੂਕਰੇਨ ਵਿੱਚ ਮੌਤ

    ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਦੇ ਇੱਕ ਹੋਰ ਵਿਦਿਆਰਥੀ ਚੰਦਨ ਜਿੰਦਲ ਦੀ ਯੂਕਰੇਨ ਵਿਖੇ ਮੌਤ ਹੋਈ ਹੈ।

    ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਖਿਆ ਹੈ ਕਿ ਮੌਤ ਦੇ ਕਾਰਨ ਕੁਦਰਤੀ ਹਨ। ਉਨ੍ਹਾਂ ਦਾ ਪਰਿਵਾਰ ਯੂਕਰੇਨ ਵਿਖੇ ਮੌਜੂਦ ਹੈ।

    ਚੰਦਨ ਜਿੰਦਲ ਪੰਜਾਬ ਦੇ ਬਰਨਾਲਾ ਤੋਂ ਸਨ।

    ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਭਾਰਤੀ ਏਅਰ ਫੋਰਸ ਦਾ ਇੱਕ ਜਹਾਜ਼ ਅੱਜ ਰਾਤ ਰੋਮਾਨੀਆ ਤੋਂ ਦਿੱਲੀ ਪਹੁੰਚੇਗਾ। ਹੰਗਰੀ, ਰੋਮਾਨੀਆ ਅਤੇ ਪੋਲੈਂਡ ਤੋਂ ਵੀ ਤਿੰਨ ਉਡਾਣਾਂ ਅੱਜ ਉੱਡਣਗੀਆਂ।

    ਪਿਛਲੇ ਚੌਵੀ ਘੰਟਿਆਂ ਵਿੱਚ ਛੇ ਉਡਾਣਾਂ ਭਾਰਤ ਪੁੱਜੀਆਂ ਹਨ ਅਤੇ ਹੁਣ ਤੱਕ ਕੁੱਲ 3352 ਭਾਰਤੀ ਵਾਪਸ ਆ ਚੁੱਕੇ ਹਨ।

  13. ਰੂਸ ਯੂਕਰੇਨ ਜੰਗ: ਕਿਹੜੇ ਮੁਲਕ ਕੋਲ ਕਿੰਨੇ ਪਰਮਾਣੂ ਹਥਿਆਰ, ਪਾਕਿਸਤਾਨ ਭਾਰਤ ਤੋਂ ਅੱਗੇ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫੌਜ ਨੂੰ ਵਿਸ਼ੇਸ਼ ਅਲਰਟ 'ਤੇ ਰਹਿਣ ਦੇ ਆਦੇਸ਼ ਦਿੱਤੇ ਹਨ।

    ਇਨ੍ਹਾਂ ਆਦੇਸ਼ਾਂ ਤੋਂ ਬਾਅਦ ਪਰਮਾਣੂ ਹਥਿਆਰਾਂ ਬਾਰੇ ਚਰਚਾ ਛਿੜ ਗਈ ਹੈ। ਭਾਰਤ ਸਮੇਤ ਕਿਹੜੇ ਦੇਸ਼ਾਂ ਕੋਲ ਕਿੰਨੇ ਪ੍ਰਮਾਣੂ ਹਥਿਆਰ ਹਨ, ਜਾਣਨ ਲਈ ਪੜ੍ਹੋ ਬੀਬੀਸੀ ਦੀ ਰਿਪੋਰਟ।

  14. ਸਾਰੇ ਭਾਰਤੀ ਤੁਰੰਤ ਖਾਰਕੀਵ ਛੱਡ ਦੇਣ: ਭਾਰਤੀ ਦੂਤਾਵਾਸ

    ਯੂਕਰੇਨ ਵਿਖੇ ਭਾਰਤ ਦੇ ਦੂਤਾਵਾਸ ਨੇ ਆਖਿਆ ਹੈ ਕਿ ਭਾਰਤ ਦੇ ਸਾਰੇ ਨਾਗਰਿਕ ਤੁਰੰਤ ਖਾਰਕੀਵ ਛੱਡ ਦੇਣ।

    ਇੱਕ ਟਵੀਟ ਰਾਹੀਂ ਦੂਤਾਵਾਸ ਨੇ ਆਖਿਆ ਹੈ ਕਿ ਇਹ ਨਾਗਰਿਕਾਂ ਦੀ ਸੁਰੱਖਿਆ ਲਈ ਹੈ ਅਤੇ ਇਲਾਕੇ ਵਿੱਚ ਹਾਲਾਤ ਵਿਗੜ ਰਹੇ ਹਨ।

    ਦੂਤਾਵਾਸ ਦੇ ਭਾਰਤੀ ਨਾਗਰਿਕਾਂ ਨੂੰ ਪੈਸੋਚਿੰਨ, ਬਬਾਏ ਅਤੇ ਬਿਜ਼ਲਯੂਦੋਵਕਾ ਵੱਲ ਜਾਣ ਦੀ ਸਲਾਹ ਦਿੱਤੀ ਹੈ।

    ਦੂਤਾਵਾਸ ਨੇ ਆਖਿਆ ਹੈ ਕਿ ਸਾਰੇ ਨਾਗਰਿਕ ਯੂਕਰੇਨੀ ਸਮੇਂ ਦੇ ਸ਼ਾਮ ਦੇ ਛੇ ਵਜੇ ਤੱਕ ਇਨ੍ਹਾਂ ਸ਼ਹਿਰਾਂ ਵਿੱਚ ਪਹੁੰਚਣ।

    ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਖਾਰਕੀਵ ਵਿਖੇ ਹੋਏ ਹਮਲੇ ਤੋਂ ਬਾਅਦ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਸੀ।

  15. ਰੂਸ-ਯੂਕਰੇਨ ਜੰਗ: ਬੋਇੰਗ,ਏਅਰਬਸ ਅਤੇ ਐਗਜ਼ੌਨ ਮੋਬਿਲ ਨੇ ਰੂਸ ਤੋਂ ਕੀਤਾ ਕਿਨਾਰਾ

    ਯੂਕਰੇਨ ਉੱਪਰ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ ਦੀਆਂ ਕੰਪਨੀਆਂ ਅਤੇ ਦੇਸ਼ ਰੂਸ ਉਪਰ ਪਾਬੰਦੀਆਂ ਲਗਾ ਰਹੇ ਹਨ।

    ਇਸੇ ਤਹਿਤ ਬੋਇੰਗ, ਏਅਰਬਸ ਅਤੇ ਐਗਜ਼ੌਨ ਮੋਬਿਲ ਨੇ ਰੂਸ ਨਾਲ ਵਪਾਰਕ ਰਿਸ਼ਤੇ ਖਤਮ ਕੀਤੇ ਹਨ।

    ਏਅਰਬੱਸ ਨੇ ਰੂਸ ਨੂੰ ਹਵਾਈ ਉਦਯੋਗ ਨਾਲ ਸਬੰਧਿਤ ਮਸ਼ੀਨਰੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

    ਇਸ ਤੋਂ ਪਹਿਲਾਂ ਬੋਇੰਗ ਅਤੇ ਐਗਜ਼ੌਨ ਮੋਬਿਲ ਨੇ ਵੀ ਅਰਬਾਂ ਡਾਲਰ ਦਾ ਵਪਾਰ ਰੂਸੀ ਕੰਪਨੀ ਰੋਸਨੈੱਫਟ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

  16. ਤੀਜਾ ਵਿਸ਼ਵ ਯੁੱਧ ਤਬਾਹਕੁੰਨ ਅਤੇ ਪ੍ਰਮਾਣੂ ਯੁੱਧ ਹੋਵੇਗਾ: ਰੂਸੀ ਵਿਦੇਸ਼ ਮੰਤਰੀ

    ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਫ ਨੇ ਆਖਿਆ ਹੈ ਕਿ ਰੂਸ ਯੂਕਰੇਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵੇਗਾ।

    ਰੂਸੀ ਵਿਦੇਸ਼ ਮੰਤਰੀ ਨੇ ਆਖਿਆ ਕਿ ਤੀਜਾ ਵਿਸ਼ਵ ਯੁੱਧ ਪਰਮਾਣੂ ਯੁੱਧ ਹੋਵੇਗਾ ਅਤੇ ਇਹ ਬੇਹੱਦ ਤਬਾਹੀ ਕਰੇਗਾ।

    ਰੂਸੀ ਮੀਡੀਆ ਸਪੂਤਨਿਕ ਨੇ ਇਹ ਜਾਣਕਾਰੀ ਦਿੱਤੀ ਹੈ।

    ਯੂਕਰੇਨ ਨਾਲ ਗੱਲਬਾਤ ਦੇ ਮੁੱਦੇ 'ਤੇ ਉਨ੍ਹਾਂ ਆਖਿਆ ਕਿ ਰੂਸ ਯੂਕਰੇਨ ਨਾਲ ਦੂਜੇ ਦੌਰ ਦੀ ਬੈਠਕ ਲਈ ਤਿਆਰ ਹੈ ਪਰ ਯੂਕਰੇਨ ਅਮਰੀਕਾ ਦੇ ਇਸ਼ਾਰਿਆਂ 'ਤੇ ਚੱਲ ਰਿਹਾ ਹੈ।

    ਰੂਸ ਦੇ ਵਿਦੇਸ਼ ਮੰਤਰੀ ਨੇ ਪਹਿਲਾਂ ਵੀ ਬਿਆਨ ਦਿੱਤੇ ਸਨ ਕਿ ਯੂਰਕੇਨ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਅਤੇ ਇਸ ਨੂੰ ਰੋਕਣ ਦੀ ਲੋੜ ਹੈ।

    "ਯੂਕਰੇਨ ਕੋਲ ਹੁਣ ਵੀ ਸੋਵੀਅਤ ਪ੍ਰਮਾਣੂ ਤਕਨੀਕ ਹੈ, ਰੂਸ ਨੂੰ ਇਸ ਖ਼ਤਰੇ ਦਾ ਜਵਾਬ ਦੇਣਾ ਪਵੇਗਾ।

  17. ਯੂਕਰੇਨ 'ਤੇ ਰੂਸ ਦੇ ਹਮਲੇ ਲਈ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਠਹਿਰਾਇਆ ਜ਼ਿੰਮੇਦਾਰ

    ਸੰਯੁਕਤ ਰਾਸ਼ਟਰ ਵਿੱਚ ਉੱਤਰੀ ਕੋਰੀਆ ਦੇ ਰਾਜਦੂਤ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਦਾਰ ਠਹਿਰਾਇਆ ਹੈ।

    ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਵਾਸ਼ਿੰਗਟਨ ਦੀ ‘ਪ੍ਰਭੂਸੱਤਾ ਨੀਤੀ’ ਦੂਜੇ ਦੇਸ਼ਾਂ ਦੀ ਸੁਰੱਖਿਆ ਨੂੰ ਵੀ ਖਤਰਾ ਪੈਦਾ ਕਰ ਰਹੀ ਹੈ।

    ਦੱਖਣੀ ਕੋਰੀਆ ਦੀ ਸਮਾਚਾਰ ਏਜੰਸੀ ਯੋਨਹਾਪ ਨੇ ਜਾਣਕਾਰੀ ਦਿੱਤੀ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ 'ਚ ਹੋਏ ਐਮਰਜੈਂਸੀ ਸੈਸ਼ਨ ਦੌਰਾਨ ਕਿਮ ਸਾਂਗ ਨੇ ਇਹ ਗੱਲ ਕਹੀ ਹੈ।

    ਮੰਗਲਵਾਰ ਨੂੰ ਇਸ ਸੈਸ਼ਨ ਦੌਰਾਨ ਸਾਂਗ ਨੇ ਕਿਹਾ, ''ਅਮਰੀਕਾ ਅਤੇ ਪੱਛਮ ਨੇ ਰੂਸ ਦੀ ਸੁਰੱਖਿਆ ਦੀ ਗਾਰੰਟੀ ਦੀ ਮੰਗ ਨੂੰ ਨਜ਼ਰਅੰਦਾਜ਼ ਕੀਤਾ ਹੈ। ਪੂਰਬ ਵਿੱਚ ਨਾਟੋ ਦਾ ਵਿਸਤਾਰ ਕਰਨ ਲਈ ਹਥਿਆਰ ਪ੍ਰਣਾਲੀਆਂ ਨੂੰ ਤੈਨਾਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ, ਯੂਰਪ ਦੇ ਸੁਰੱਖਿਆ ਵਾਤਾਵਰਣ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕੀਤਾ ਗਿਆ।''

    ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ 'ਚ ਦੱਖਣੀ ਕੋਰੀਆ ਦੇ ਰਾਜਦੂਤ ਚੋ ਹਿਊਨ ਨੇ ਕਿਹਾ ਹੈ ਕਿ ਯੂਕਰੇਨ ਸੰਘਰਸ਼ ਰੂਸ ਦਾ 'ਸਵੈ-ਚੁਣਿਆ ਯੁੱਧ' ਹੈ।

  18. ਰੂਸ-ਯੂਕਰੇਨ ਜੰਗ: ਸੱਤ ਦਿਨ,ਸੱਤ ਤਸਵੀਰਾਂ

    ਰੂਸ ਯੂਕਰੇਨ ਜੰਗ ਦਾ ਅੱਜ ਸੱਤਵਾਂ ਦਿਨ ਹੈ। ਇਸ ਇੱਕ ਹਫ਼ਤੇ ਵਿੱਚ ਸਾਹਮਣੇ ਆਈਆਂ ਤਸਵੀਰਾਂ ਯੂਕਰੇਨ ਦੇ ਹਾਲਾਤਾਂ ਨੂੰ ਬਿਆਨ ਕਰ ਰਹੀਆਂ ਹਨ।

  19. ਹਮਲੇ ਲਈ "ਇਕੱਲੇ ਵਲਾਦੀਮੀਰ ਪੁਤਿਨ" ਜ਼ਿੰਮੇਵਾਰ ਹਨ: ਬਾਇਡਨ

  20. ਯੂਕਰੇਨ ਦੇ ਖਾਰਕੀਵ ਵਿੱਚ ਹੋਏ ਹਮਲੇ ਵਿੱਚ 21 ਲੋਕਾਂ ਦੀ ਮੌਤ, 112 ਜ਼ਖ਼ਮੀ

    ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਦੇ ਮੇਅਰ ਮੁਤਾਬਕ ਰੂਸੀ ਹਮਲੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ ਤੇ 112 ਲੋਕ ਜ਼ਖ਼ਮੀ ਹੋਏ ਹਨ।

    ਹਾਲਾਂਕਿ ਖਾਰਕੀਵ ਰੀਜ਼ਨਲ ਸਟੇਟ ਐਡਮਿਨਿਸਟ੍ਰੇਸ਼ਨ ਦੇ ਗਵਰਨਰ ਨੇ ਕਿਹਾ ਕਿ ਖਾਰਕੀਵ ’ਤੇ ਮੰਗਲਵਾਰ ਨੂੰ ਅਤੇ ਪੂਰੀ ਰਾਤ ਹੋਏ ਬੰਬਾਰੀ ਦੇ ਬਾਵਜੂਦ ਸਾਰੇ ਰੂਸੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਤੇ ਵਾਪਿਸ ਪਕੜ ਬਣਾ ਲਈ ਗਈ ਹੈ।

    ਗਵਰਨਰ ਓਲੇਗ ਸਿਨੇਗੁਬੋਵਨੇ ਨੇ ਕਿਹਾ,’’ਰੂਸੀ ਦੁਸ਼ਮਣਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ।‘’