ਅਸੀਂ ਇਹ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਦੇਸ-ਵਿਦੇਸ਼ ਦੀਆਂ ਖ਼ਬਰਾਂ ਲਈ ਤੁਸੀਂ ਬੀਬੀਸੀ ਪੰਜਾਬੀ ਨਾਲ ਜੁੜੇ ਰਹੋ
You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ : ਅਮਰੀਕਾ ਨੇ ਸ਼ੱਕੀ ਆਤਮਘਾਤੀ ਹਮਲਾਵਰ ਨੂੰ ਡਰੋਨ ਹਮਲੇ ਰਾਹੀਂ ਨਿਸ਼ਾਨਾ ਬਣਾਇਆ
ਕਾਬੁਲ ਹਮਲੇ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ, ਪਰ ਨਾਲ ਹੀ ਇੱਕ ਹੋਰ ਹਮਲੇ ਦੀ ਸ਼ੰਕਾ ਪ੍ਰਗਟਾਈ ਗਈ ਹੈ
ਲਾਈਵ ਕਵਰੇਜ
ਕਾਬੁਲ ਤੋਂ ਅੱਜ ਦੀਆਂ ਪੰਜ ਤਸਵੀਰਾਂ
ਅਮਰੀਕਾ ਵੱਲੋਂ ਆਈਐੱਸਐੱਸ – ਕੇ ਗਰੁੱਪ ਦੇ ਸ਼ੱਕੀ ਮੈਂਬਰਾਂ ਉੱਤੇ ਹਮਲਾ
ਅਮਰੀਕਾ ਵੱਲੋਂ ਆਈਐੱਸਐੱਸ – ਕੇ ਗਰੁੱਪ ਦੇ ਸ਼ੱਕੀ ਮੈਂਬਰਾਂ ਉੱਤੇ ਹਮਲਾ ਕਰਨ ਦੀ ਖ਼ਬਰ ਹੈ।
ਅਮਰੀਕੀ ਅਫ਼ਸਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਗੱਡੀ ਵਿੱਚ ਸਵਾਰ ਇੱਕ ਫਿਦਾਈਨ ਹਮਲਾਵਰ ਨੂੰ ਡਰੋਨ ਜ਼ਰੀਏ ਮਿਜ਼ਾਈਲ ਛੱਡ ਕੇ ਮਾਰਿਆ ਗਿਆ ਹੈ। ਉਨ੍ਹਾਂ ਮੁਤਾਬਕ ਇਹ ਹਮਲਾਵਰ ਕਾਬੁਲ ਏਅਰਪੋਰਟ ਉੱਤੇ ਹਮਲਾ ਕਰਨ ਜਾ ਰਿਹਾ ਸੀ।
ਬੀਬੀਸੀ ਦੇ ਅਮਰੀਕੀ ਪਾਰਟਨਰ ਸੀਬੀਐੱਸ ਨੂੰ ਇੱਕ ਅਫ਼ਸਰ ਨੇ ਦੱਸਿਆ, “ਅਸੀਂ ਪੂਰੀ ਤਰ੍ਹਾਂ ਪੱਕਿਆਂ ਕੀਤਾ ਹੈ ਕਿ ਅਸੀਂ ਜਿਸ ਨੂੰ ਟਾਰਗੇਟ ਕੀਤਾ ਸੀ ਉਸੇ ਨੂੰ ਨਿਸ਼ਾਨਾ ਬਣਾਇਆ ਹੈ।”
ਅਫ਼ਸਰ ਨੇ ਕਿਹਾ, “ਸ਼ੁਰੂਆਤੀ ਰਿਪੋਰਟਾਂ ਵਿੱਚ ਆਮ ਲੋਕਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਨਾਲ ਹੀ ਜਿਸ ਤਰੀਕੇ ਦਾ ਧਮਾਕਾ ਗੱਡੀ ਵਿੱਚ ਹੋਇਆ ਹੈ ਉਸ ਨਾਲ ਇਹ ਅੰਦਾਜ਼ਾ ਲਗ ਰਿਹਾ ਹੈ ਕਿ ਉਸ ਵਿੱਚ ਧਮਾਕਾਖੇਸ ਸਮੱਗਰੀ ਹੋ ਸਕਦੀ ਹੈ।”
ਖ਼ਬਰ ਏਜੰਸੀ ਏਪੀ ਅਨੁਸਾਰ ਤਾਲਿਬਾਨ ਨੇ ਬੁਲਾਰੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਖ਼ਬਰ ਕਾਬੁਲ ਏਅਰਪੋਰਟ ਨੇੜੇ ਰਾਕੇਟ ਹਮਲੇ ਦੀ ਖ਼ਬਰ ਮਗਰੋਂ ਆਈ ਹੈ। ਇਹ ਨਹੀਂ ਪਤਾ ਕਿ ਦੋਵੇਂ ਘਟਨਾਵਾਂ ਇੱਕ-ਦੂਜੇ ਨਾਲ ਜੁੜੀਆਂ ਹਨ ਜਾਂ ਨਹੀਂ।
ਕਾਬੁਲ ਏਅਰਪੋਰਟ ਨੇੜੇ ਇੱਕ ਹੋਰ ਧਮਾਕਾ
ਕਾਬੁਲ ਏਅਰਪੋਰਟ ਨੇੜੇ ਇੱਕ ਜ਼ੋਰਦਾਰ ਧਮਾਕਿਆਂ ਦੀਆਂ ਖ਼ਬਰਾਂ ਹਨ।
ਸੋਸ਼ਲ ਮੀਡੀਆ ਉੱਤੇ ਪੋਸਟ ਹੋਈਆਂ ਕੁਝ ਪੋਸਟਾਂ ਵਿੱਚ ਕਾਲਾ ਧੂੰਆਂ ਦੇਖਿਆ ਗਿਆ ਹੈ।
ਅਫ਼ਗਾਨਿਸਤਾਨ ਦੇ ਸਿਹਤ ਮੰਤਰਾਲੇ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ।
ਉਧਰ ਟਵਿੱਟਰ ਉੱਤੇ ਸਾਂਝੀ ਹੋਈ ਇੱਕ ਵੀਡੀਓ ਵਿੱਚ ਕਾਬੁਲ ਏਅਰਪੋਰਟ ਨੇੜੇ ਹੋਏ ਇੱਕ ਹੋਰ ਧਮਾਕੇ ਤੋਂ ਬਾਅਦ ਦੀਆਂ ਤਸਵੀਰਾਂ ਦਿੱਖ ਰਹੀਆਂ ਹਨ।
ਵੀਡੀਓ ਨੂੰ ਸੁਤੰਤਰ ਪੱਤਰਕਾਰ ਸ਼ਫ਼ੀ ਕਰੀਮੀ ਨੇ ਪੋਸਟ ਕੀਤਾ ਹੈ।
ਹਾਲਾਂਕਿ ਬੀਬੀਸੀ ਨੇ ਇਸ ਫੁਟੇਜ ਬਾਰੇ ਆਪਣੇ ਤੌਰ ਉੱਤੇ ਕੋਈ ਪੜਤਾਲ ਨਹੀਂ ਕੀਤੀ ਹੈ।
‘ਤਾਲਿਬਾਨ ਨਾਲ ਗੱਲਬਾਤ ਹੋ ਰਹੀ ਹੈ, ਸਰੰਡਰ ਦਾ ਸਵਾਲ ਪੈਦਾ ਨਹੀਂ ਹੁੰਦਾ’
ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਵਿਰੋਧੀ ਗੁਟ ਦੇ ਨੇਤਾ ਖਾਲਿਦ ਨੂਰ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਕਿਹਾ ਹੈ ਕਿ ਉਹ ਤਾਲਿਬਾਨ ਨਾਲ ਗੱਲਬਾਤ ਤਾਂ ਕਰਨਗੇ ਪਰ ਸਰੰਡਰ ਕਰਨ ਦਾ ਕੋਈ ਸਵਾਲ ਨਹੀਂ ਹੈ।
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਹਾਜ਼ਿਦ ਨੇ ਕਿਹਾ ਹੈ ਕਿ ਦੋਵਾਂ ਗੁਟਾਂ ਵਿਚਾਲੇ ਗੱਲਬਾਤ ਜਾਰੀ ਹੈ ਜਿਸ ਦੇ ਕਾਮਯਾਬ ਹੋਣ ਦੀ ਸੰਭਾਵਨਾ 60 ਫੀਸਦ ਤੱਕ ਹੈ।
ਅਫ਼ਗਾਨਿਸਤਾਨ : ਕਾਬੁਲ ਹਵਾਈ ਅੱਡੇ ਉਪਰ ਹਮਲਾ ਅਮਰੀਕਾ ਨਹੀਂ ਬਲਕਿ ਤਾਲਿਬਾਨ ਲਈ ਧੱਕਾ: ਰੂਸ
ਕਾਬੁਲ ਹਵਾਈ ਅੱਡੇ ਉਪਰ ਹੋਏ ਹਮਲੇ ਤੇ ਟਿੱਪਣੀ ਕਰਦਿਆਂ ਅਫ਼ਗਾਨਿਸਤਾਨ ਵਿੱਚ ਰੂਸ ਦੇ ਰਾਜਦੂਤ ਦਮਿੱਤਰੀ ਜ਼ਿਰਨੋਵ ਨੇ ਆਖਿਆ ਹੈ ਕਿ ਇਹ ਧਮਾਕਾ ਅਮਰੀਕਾ ਦੀ ਬਜਾਏ ਤਾਲਿਬਾਨ ਲਈ ਚੁਣੌਤੀ ਹੈ।
ਰੂਸੀ ਖ਼ਬਰ ਏਜੰਸੀ ਤਾਸ ਨੂੰ ਦਮਿੱਤਰੀ ਨੇ ਆਖਿਆ," ਇਸ ਲੜਾਈ ਦਾ ਕੋਈ ਨਤੀਜਾ ਨਹੀਂ ਨਿਕਲਣ ਜਾ ਰਿਹਾ।ਜੇਕਰ ਕਾਬੁਲ ਹਵਾਈ ਅੱਡੇ ਉਤੇ ਹਮਲੇ ਦੇ ਪਿੱਛੇ ਦਾਇਸ਼ ਦਾ ਹੱਥ ਸੀ ਤਾਂ ਤਾਲਿਬਾਨ ਦੇ ਲਈ ਇਹ ਚੁਣੌਤੀ ਹੈ।"
"ਕਾਬੁਲ ਹਵਾਈ ਅੱਡੇ 'ਤੇ ਜੋ ਹੋ ਰਿਹਾ ਹੈ ਉਸ ਲਈ ਪੂਰੀ ਤਰ੍ਹਾਂ ਤਾਲਿਬਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਜੋ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਛਵੀ ਨੂੰ ਵੀ ਹੋਇਆ ਹੈ।ਲੋਕ ਕਹਿਣਗੇ ਕਿ ਤਾਲਿਬਾਨ ਕਾਬੁਲ ਵਿੱਚ ਦਾਖਲ ਹੋਇਆ ਅਤੇ ਇਹ ਸਭ ਹੋ ਗਿਆ।"
"ਮੈਨੂੰ ਮਿਲੀ ਜਾਣਕਾਰੀ ਮੁਤਾਬਕ ਤਾਲਿਬਾਨ ਨੇ ਇਸਲਾਮਿਕ ਸਟੇਟ ਦੇ ਦੋ ਚਰਮਪੰਥੀਆਂ ਨੂੰ ਫੜਿਆ ਹੈ। ਕਥਿਤ ਰੂਪ ਵਿੱਚ ਉਹ ਮਲੇਸ਼ਿਆਈ ਨਾਗਰਿਕ ਹਨ। ਮੈਂ ਸਮਝਦਾ ਹਾਂ ਕਿ ਉਹ ਆਪਣੀ ਕਾਰਵਾਈ ਤੇਜ਼ ਕਰਨਗੇ ਅਤੇ ਦਾਇਸ਼ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਗੇ।"
ਅਫ਼ਗਾਨਿਸਤਾਨ: ਯੂਕੇ ਦੀ ਆਖ਼ਰੀ ਫ਼ੌਜੀ ਟੁਕੜੀ ਕਾਬੁਲ ਤੋਂ ਰਵਾਨਾ
ਯੂਕੇ ਨੇ ਪੁਸ਼ਟੀ ਕੀਤੀ ਹੈ ਕਿ ਅਫ਼ਗਾਨਿਸਤਾਨ ਤੋਂ ਉਨ੍ਹਾਂ ਦੀਆਂ ਆਖ਼ਰੀ ਫੌਜੀ ਟੁਕੜੀਆਂ, ਰਾਜਦੂਤ ਅਤੇ ਹੋਰ ਅਧਿਕਾਰੀ ਵਾਪਸ ਆ ਰਹੇ ਹਨ।
ਇਸ ਆਖਰੀ ਉਡਾਣ ਨੇ ਅਫ਼ਗਾਨਿਸਤਾਨ ਵਿੱਚ ਯੂਕੇ ਦੇ 20 ਸਾਲਾ ਫੌਜੀ ਅਭਿਆਨ ਦਾ ਵੀ ਅੰਤ ਕਰ ਦਿੱਤਾ ਹੈ।
14 ਅਗਸਤ ਤੋਂ ਹੁਣ ਤੱਕ ਯੂਕੇ ਨੇ ਪੰਦਰਾਂ ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਸੁਰੱਖਿਅਤ ਕੱਢਿਆ ਹੈ। ਇਨ੍ਹਾਂ ਵਿੱਚ ਦੋ ਹਜ਼ਾਰ ਤੋਂ ਵੱਧ ਬੱਚੇ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਫੌਜ ਦੇ ਨਾਮ ਇੱਕ ਚਿੱਠੀ ਵਿੱਚ ਆਖਿਆ ਹੈ ਕਿ ਕਾਬੁਲ ਨੂੰ ਤਾਲਿਬਾਨ ਦੇ ਹੱਥ ਜਾਂਦੇ ਹੋਏ ਦੇਖਣਾ ਉਨ੍ਹਾਂ ਲਈ ਕਾਫੀ ਦੁਖਦਾਈ ਰਿਹਾ ਹੋਵੇਗਾ।
ਜੌਹਨਸਨ ਅਨੁਸਾਰ ਇਹ ਖ਼ਾਸਕਰ ਉਨ੍ਹਾਂ ਪਰਿਵਾਰਾਂ ਲਈ ਹੋਰ ਵੀ ਦੁਖਦਾਈ ਹੋਵੇਗਾ ਜਿਨ੍ਹਾਂ ਨੇ ਇਸ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਇਆ ਹੈ। 20 ਸਾਲਾਂ ਵਿੱਚ ਯੂਕੇ ਦੇ 457 ਫੌਜੀ ਅਫ਼ਗਾਨਿਸਤਾਨ ਚ' ਮਾਰੇ ਗਏ ਹਨ।
ਯੂਕੇ ਦੇ ਪ੍ਰਧਾਨ ਮੰਤਰੀ ਨੇ ਵੀ ਆਖਿਆ ਹੈ ਕਿ ਅਫ਼ਗਾਨਿਸਤਾਨ ਵਿੱਚ ਯੂਕੇ ਦੀ ਮੌਜੂਦਗੀ ਨੇ ਦੋ ਦਹਾਕਿਆਂ ਤੱਕ ਅਲ-ਕਾਇਦਾ ਨੂੰ ਉਨ੍ਹਾਂ ਤੋਂ ਦੂਰ ਰੱਖਿਆ ਹੈ।
ਅਫ਼ਗਾਨਿਸਤਾਨ ਵਿੱਚ ਯੂਕੇ ਦੇ ਦੂਤਾਵਾਸ ਨੇ ਆਪਣੇ ਕੰਮ ਫਿਲਹਾਲ ਰੋਕ ਦਿੱਤੇ ਹਨ। ਸਰਕਾਰ ਨੇ ਆਖਿਆ ਹੈ ਕਿ ਦੂਤਾਵਾਸ ਹੁਣ ਕਤਰ ਵਿਖੇ ਮੌਜੂਦ ਰਹੇਗਾ।
ਅਫ਼ਗਾਨਿਸਤਾਨ ਸੰਕਟ: ਪਾਕਿਸਤਾਨ ਪੁੱਜੀ ਦੂਜੀ ਵਾਰ ਉੱਜੜੀ ਹਜ਼ਾਰਾ ਬੀਬੀ ਦੀ ਕਹਾਣੀ
ਜ਼ਿਰਕੂਨ ਬੀਬੀ, ਜਿਨ੍ਹਾਂ ਦਾ ਅਸਲ ਨਾਮ ਕੁਝ ਹੋਰ ਹੈ ਆਪਣੀ ਜ਼ਿੰਦਗੀ ਵਿੱਚ ਦੂਜੀ ਵਾਰ ਰਫਿਊਜ਼ੀ ਬਣੀ ਹੈ।
ਉਨ੍ਹਾਂ ਦਾ ਸਬੰਧ ਕਾਬੁਲ ਦੇ ਹਜ਼ਾਰਾ ਭਾਈਚਾਰੇ ਨਾਲ ਹੈ ਜਿਨ੍ਹਾਂ ਨੂੰ ਤਾਲਿਬਾਨ ਵੱਡੇ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਰਹੇ ਹਨ।
ਇੱਕ ਲੰਬੇ ਅਤੇ ਖ਼ਤਰਨਾਕ ਸਫ਼ਰ ਤੋਂ ਬਾਅਦ ਉਹ ਚਮਨ ਬਾਰਡਰ ਨੂੰ ਪਾਰ ਕਰਕੇ ਪਾਕਿਸਤਾਨ ਪਹੁੰਚੀ ਹੈ।
ਪਰ ਉਨ੍ਹਾਂ ਦਾ 27 ਸਾਲਾ ਪੁੱਤਰ ਜੋ ਬ੍ਰਿਟਿਸ਼ ਕੰਪਨੀ ਵਿੱਚ ਕੰਮ ਕਰਦਾ ਹੈ ਉਹ ਅਜੇ ਵੀ ਅਫਗਾਨਿਸਤਾਨ ਵਿੱਚ ਹੈ।
ਜ਼ਿਰਕੂਨ ਦੀ ਨੂੰਹ ਕੁਝ ਸਾਲ ਪਹਿਲਾਂ ਹਜ਼ਾਰਾ ਭਾਈਚਾਰੇ ’ਤੇ ਹੋਏ ਤਾਲਿਬਾਨ ਦੇ ਹਮਲੇ ਵਿੱਚ ਮਾਰੀ ਗਈ ਸੀ।
ਇਹ ਸਪਿਨ ਬੋਲਡਕ ਬਾਰਡਰ ਹੈ ਜਿੱਥੇ ਪਾਕਿਸਤਾਨ ਅਫਗਾਨਿਸਤਾਨ ਨਾਲ ਮਿਲਦਾ ਹੈ, ਇਹ ਉਹ ਲੋਕ ਹਨ ਜੋ ਕਾਬੁਲ ਏਅਰਪੋਰਟ ਨਹੀਂ ਪਹੁੰਚ ਸਕੇ ਤੇ ਹੁਣ ਇਸ ਰਸਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।
ਬਾਰਡਰ ਕਰੌਸਿੰਗ ’ਤੇ ਪਾਕਿਸਤਾਨ ਦੇ ਝੰਡੇ ਸਾਹਮਣੇ ਤਾਲਿਬਾਨ ਦੇ ਝੰਡੇ ਲਹਿਰਾ ਰਹੇ ਹਨ। ਕਈ ਰਫਿਊਜੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ਤਬਾਹ ਹੋ ਚੁੱਕੇ ਹਨ।
ਰਿਪੋਰਟ – ਸ਼ੁਮਾਇਲਾ ਜ਼ਾਫ਼ਰੀ, ਬੀਬੀਸੀ ਪੱਤਰਕਾਰ, ਪਾਕਿਸਤਾਨ
ਦਿੱਲੀ ਤੋਂ ਵਾਪਸ ਭੇਜੀ ਗਈ ਅਫ਼ਗਾਨਿਸਤਾਨ ਦੀ ਸਾਂਸਦ ਨੂੰ ਕੀ ਅਫ਼ਸੋਸ
ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜੀ ਗਈ ਅਫ਼ਗਾਨਿਸਤਾਨ ਦੀ ਸੰਸਦ ਮੈਂਬਰ ਰੰਗੀਨਾ ਕਰਗਰ ਨੇ ਕਿਹਾ ਹੈ ਕਿ ਹੁਣ ਉਹ ਮੁੜ ਭਾਰਤ ਨਹੀਂ ਆਵੇਗੀ।
ਇਸਤਾਂਬੁਲ ਤੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਰਗਰ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਦੀ ਇੱਕ ਚੁਣੀ ਹੋਈ ਪ੍ਰਤੀਨਿਧੀ ਹੈ ਅਤੇ ਉਸ ਨੂੰ ਭਾਰਤ ਤੋਂ ਬਿਹਤਰ ਸਲੂਕ ਦੀ ਉਮੀਦ ਸੀ।
ਰੰਗੀਨਾ ਕਰਗਰ ਮੂਲ ਤੌਰ 'ਤੇ ਅਫ਼ਗਾਨਿਸਤਾਨ ਦੇ ਫਰਿਆਬ ਸੂਬੇ ਦੀ ਵਸਨੀਕ ਹੈ ਅਤੇ ਉਨ੍ਹਾਂ ਦਾ ਪਰਿਵਾਰ ਇਨੀ ਦਿਨੀਂ ਰਾਜਧਾਨੀ ਕਾਬੁਲ 'ਚ ਹੈ। ਰੰਗੀਨਾ, ਉਸ ਦਾ ਇੱਕ ਸਾਲ ਦਾ ਬੱਚਾ ਅਤੇ ਉਸ ਦਾ ਪਤੀ ਇਸ ਸਮੇਂ ਇਸਤਾਂਬੁਲ ਵਿਖੇ ਹਨ।
ਕਾਬੁਲ ਵਿੱਚ ‘ਖੁਦਕੁਸ਼ ਹਮਲਾ ਕਰਨ ਵਾਲੇ’ ISIS-K ਬਾਰੇ ਜਾਣੋ, ਫਰੈਂਕ ਗਾਰਡਨਰ, ਬੀਬੀਸੀ ਦੇ ਸੁਰੱਖਿਆ ਮਾਮਲਿਆਂ ਦੇ ਪੱਤਰਕਾਰ
'ਆਈਐਸਆਈਐਸ-ਕੇ' ਜਾਂ ਇਸ ਨੂੰ ਹੋਰ ਵਿਸਥਾਰ ਨਾਲ ਕਹੀਏ ਤਾਂ, 'ਇਸਲਾਮਿਕ ਸਟੇਟ ਖੁਰਾਸਾਨ ਪ੍ਰਾਵਿੰਸ' (ਆਈਐਸਕੇਪੀ), ਆਪਣੇ ਆਪ ਨੂੰ 'ਇਸਲਾਮਿਕ ਸਟੇਟ' ਕਹਿਣ ਵਾਲੇ ਕੱਟੜਪੰਥੀ ਸੰਗਠਨ ਦਾ ਇੱਕ ਖੇਤਰੀ ਸਹਿਯੋਗੀ ਹੈ।
ਇਹ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਸਰਗਰਮ ਹੈ।
ਇਹ ਅਫ਼ਗਾਨਿਸਤਾਨ ਦੇ ਸਾਰੇ ਜੇਹਾਦੀ ਕੱਟੜਪੰਥੀ ਸੰਗਠਨਾਂ ਵਿੱਚੋਂ ਸਭ ਤੋਂ ਖ਼ਤਰਨਾਕ ਅਤੇ ਹਿੰਸਕ ਮੰਨਿਆ ਜਾਂਦਾ ਹੈ।
ਅਫ਼ਗਾਨਿਸਤਾਨ: ਜੋਅ ਬਾਇਡਨ ਨੇ ਕਾਬੁਲ ਹਵਾਈ ਅੱਡੇ ਉੱਪਰ ਹੋਰ ਹਮਲੇ ਹੋਣ ਦਾ ਜਤਾਇਆ ਖਦਸ਼ਾ
ਕਾਬੁਲ ਦੇ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ ਉੱਪਰ ਹੋਰ ਹਮਲੇ ਹੋਣ ਦਾ ਖਤਰਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਜੋਅ ਬਾਇਡਨ ਨੇ ਕਿਹਾ ਹੈ ਕਿ ਕਮਾਂਡਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਹਮਲਾ ਐਤਵਾਰ ਨੂੰ ਵੀ ਹੋ ਸਕਦਾ ਹੈ।
ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਸਾਰੇ ਅਮਰੀਕੀ ਨਾਗਰਿਕਾਂ ਨੂੰ ਇਹ ਇਲਾਕਾ ਛੱਡਣ ਦੀ ਸਲਾਹ ਦਿੱਤੀ ਹੈ। ਵੀਰਵਾਰ ਨੂੰ ਹਵਾਈ ਅੱਡੇ ਕੋਲ ਹਵਾਈ ਅੱਡੇ ਕੋਲ ਹੋਏ ਧਮਾਕਿਆਂ ਤੋਂ ਬਾਅਦ ਲਗਭਗ 170 ਮੌਤਾਂ ਹੋਈਆਂ ਹਨ।
ਇਨ੍ਹਾਂ ਧਮਾਕਿਆਂ ਤੋਂ ਬਾਅਦ ਅਮਰੀਕਾ ਨੇ ਪੂਰਬੀ ਅਫ਼ਗਾਨਿਸਤਾਨ'ਤੇ ਡਰੋਨ ਨਾਲ ਹਮਲੇ ਕੀਤੇ ਸਨ ਅਤੇ ਇਸਲਾਮਿਕ ਸਟੇਟ-ਖੁਰਾਸਨ ਦੇ ਦੋ ਮੈਂਬਰ ਮਾਰਨ ਦਾ ਦਾਅਵਾ ਕੀਤਾ ਸੀ। ਹਵਾਈ ਅੱਡੇ ਉਪਰ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ- ਖੁਰਾਸਾਨ ਨੇ ਲਈ ਸੀ।
ਸ਼ਨੀਵਾਰ ਨੂੰ ਜੋਅ ਬਾਇਡਨ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ,” ਇਹ ਆਖ਼ਰੀ ਜਵਾਬੀ ਕਾਰਵਾਈ ਨਹੀਂ ਹੈ।ਇਸ ਭਿਆਨਕ ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।"
ਤਾਲਿਬਾਨ ਅਤੇ ਇਸਲਾਮਿਕ ਸਟੇਟ- ਖੁਰਾਸਾਨ ਵਿੱਚ ਕਾਫੀ ਮੱਤਭੇਦ ਹਨ।
ਤਾਲਿਬਾਨ ਨੇ ਅਮਰੀਕਾ ਦੇ ਡਰੋਨ ਹਮਲਿਆਂ ਦੀ ਨਿੰਦਿਆ ਕੀਤੀ ਹੈ ਅਤੇ ਆਖਿਆ ਹੈ ਕਿ ਅਮਰੀਕਾ ਨੂੰ ਹਮਲੇ ਤੋਂ ਪਹਿਲਾਂ ਤਾਲਿਬਾਨ ਨੂੰ ਜਾਣਕਾਰੀ ਦੇਣੀ ਚਾਹੀਦੀ ਸੀ।
ਅਮਰੀਕਾ ਵੱਲੋਂ ਆਪਣੀ ਫ਼ੌਜ ਨੂੰ ਅਫ਼ਗਾਨਿਸਤਾਨ ਤੋਂ ਕੱਢਣਾ ਲਗਾਤਾਰ ਜਾਰੀ ਹੈ ਅਤੇ ਹੁਣ ਤਕਰੀਬਨ ਚਾਰ ਹਜ਼ਾਰ ਉਥੇ ਫ਼ੌਜੀ ਮੌਜੂਦ ਹਨ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਅਨੁਸਾਰ ਅਗਲੇ ਕੁਝ ਦਿਨ ਸਭ ਤੋਂ ਖ਼ਤਰਨਾਕ ਹੋ ਸਕਦੇ ਹਨ।
ਤਾਲਿਬਾਨ ਕੌਣ ਹਨ ਤੇ ਇਨ੍ਹਾਂ ਦਾ ਉਭਾਰ ਕਿੱਥੋ ਹੋਇਆ
ਤਾਲਿਬਾਨ ਕਰੀਬ 2 ਦਹਾਕੇ ਬਾਅਦ ਅਫ਼ਗਾਨਿਸਤਾਨ ਦੀ ਸੱਤਾ ਉੱਤੇ ਮੁੜ ਕਾਬਜ਼ ਹੋ ਗਿਆ ਹੈ।
ਤਾਲਿਬਾਨ ਦੇ ਮੁਲਕ ਉੱਤੇ ਕਬਜ਼ੇ ਤੋਂ ਬਾਅਦ ਹਜ਼ਾਰਾਂ ਲੋਕ ਬਾਹਰ ਭੱਜ ਰਹੇ ਹਨ।
ਅਫਗਾਨਿਸਤਾਨ ਵਿੱਚ ਮਚੀ ਤਰਥੱਲੀ ਵਿਚਾਲੇ ਆਓ ਜਾਣਦੇ ਹਾਂ ਕਿ ਆਖਿਰ ਤਾਲਿਬਾਨ ਕੌਣ ਹਨ ਅਤੇ ਇਨ੍ਹਾਂ ਉਭਾਰ ਕਿੱਥੋਂ ਹੋਇਆ।
ਜੋ ਅਫ਼ਗਾਨ ਵਿਦੇਸ਼ ਜਾਣਾ ਚਾਹੁੰਦੇ ਹਨ, ਤਸੱਲੀ ਨਾ ਜਾ ਸਕਦੇ ਹਨ -ਤਾਲਿਬਾਨ
ਤਾਲਿਬਾਨ ਦੇ ਅਫ਼ਗਾਨਿਸਤਾਨ ਉੱਪਰ ਕਬਜ਼ੇ ਤੋਂ ਬਾਅਦ ਹਜ਼ਾਰਾਂ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਹੋਰ ਇਸ ਕੋਸ਼ਿਸ਼ ਵਿੱਚ ਲੱਗੇ ਹਨ ਕਿ ਉਹ ਕਿਸੇ ਤਰ੍ਹਾਂ ਇਸ ਵਿਪਤਾ ਮਾਰੀ ਧਰਤੀ ਤੋਂ ਬਾਹਰ ਨਿਕਲ ਸਕਣ।
ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਹਜ਼ਾਰਾਂ ਲੋਕ ਇਸ ਉਮੀਦ ਵਿੱਚ ਇਕੱਠੇ ਹੋਏ-ਹੋਏ ਹਨ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਅਤੇ ਸੁਹੇਲ ਸ਼ਾਹੀਨ ਨੇ ਵਿਦੇਸ਼ ਜਾਣ ਦੇ ਇੱਛੁਕ ਅਫ਼ਗਾਨਾਂ ਨੂੰ ਅਪੀਲ ਕੀਤੀ ਹੈ।
ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਟਵੀਟ ਕਰਕੇ ਕਿਹਾ ਹੈ,“ ਜੋ ਅਫ਼ਗਾਨ ਵਿਦੇਸ਼ ਜਾਣਾ ਚਾਹੁੰਦੇ ਹਨ ਉਹ ਅਜਿਹਾ ਕਨੂੰਨੀ ਦਸਤਾਵੇਜ਼ਾਂ ਜਿਵੇਂ ਪਾਸਪੋਰਟ ਅਤੇ ਵੀਜ਼ੇ ਲੈ ਕੇ ਦੇਸ਼ ਤੋਂ ਵਾਪਰਕ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਇੱਕ ਸਨਾਮਾਨਿਤ ਤਰੀਕੇ ਮਾਨਸਿਕ ਸ਼ਾਂਤੀ ਨਾਲ਼ ਕਰ ਸਕਦੇ ਹਨ।”
ਅਫ਼ਗਾਨਿਸਤਾਨ ਪ੍ਰਮੁੱਖ ਘਟਨਾਕ੍ਰਮ
- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕਾਬੁਲ ਹਵਾਈ ਅੱਡੇ ਉੱਪਰ ਜਲਦੀ ਹੀ ਇੱਕ ਹੋਰ ਹਮਲਾ ਹੋ ਸਕਦਾ ਹੈ।
- ਪੇਂਟਾਗਨ ਦੇ ਬੁਲਾਰੇ ਜੌਹਨ ਕਾਰਬੀ ਨੇ ਦੱਸਿਆ ਕਿ ਕਾਬੁਲ ਹਵਾਈ ਅੱਡੇ ਤੋਂ ਅਮਰੀਕੀ ਫ਼ੌਜੀਆਂ ਦਾ ਘਟਣਾ ਸ਼ੁਰੂ ਹੋ ਗਿਆ ਹੈ।
- ਤਾਲਿਬਾਨ ਨੇ ਅਫ਼ਗਾਨਿਸਤਾਨ ਦੀਆਂ ਮਹਿਲਾ ਸਿਹਤ ਵਰਕਰਾਂ ਨੂੰ ਕੰਮ ਉੱਪਰ ਵਾਪਸ ਆ ਜਾਣ ਨੂੰ ਕਿਹਾ ਹੈ ਅਤੇ ਭਰੋਸਾ ਦਵਾਇਆ ਹੈ ਕਿ ਉਨ੍ਹਾਂ ਦੇ ਕੰਮ ਵਿੱਚ ਕੋਈ ਦਖ਼ਲ ਨਹੀਂ ਦਿੱਤਾ ਜਾਵੇਗਾ।
- ਪੈਂਟਾਗਨ ਨੇ ਕਿਹਾ ਹੈ ਕਿ ਅਮਰੀਕੀ ਡਰੋਨ ਹਮਲੇ ਵਿੱਚ ਕਾਬੁਲ ਹਵਾਈ ਅੱਡੇ ਦੇ ਦੋ ਸਾਜਿਸ਼ਕਾਰ ਮਾਰੇ ਗਏ ਹਨ ਜਦਕਿ ਇੱਕ ਮਦਦਗਾਰ ਜ਼ਖਮੀ ਹੋ ਗਿਆ ਹੈ।
- ਅਫ਼ਗਾਨਿਸਤਾਨ ਵਿੱਚ ਬੈਂਕ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਦੇਸ਼ ਵਿੱਚ ਸੋਕੇ ਕਾਰਨ ਖਾਣੇ ਦੀ ਕਮੀ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ।
ਤੁਹਾਡਾ ਸਵਾਗਤ ਹੈ
ਅਫ਼ਗਾਨਿਸਤਾਨ ਨਾਲ ਜੁੜੇ ਤਾਜ਼ਾ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਇਸ ਪੰਨੇ ਉੱਤੇ ਅਸੀਂ ਤੁਹਾਨੂੰ ਅੱਜ ਦੀਆਂ ਅਹਿਮ ਘਟਨਾਵਾਂ ਬਾਰੇ ਜਾਣੂ ਕਰਵਾਂਗੇ।