You’re viewing a text-only version of this website that uses less data. View the main version of the website including all images and videos.

Take me to the main website

ਅਮ੍ਰਿਤਪਾਲ ਸਿੰਘ ਦੀਆਂ ਡਿਬਰੂਗੜ੍ਹ ਤੋਂ ਆਈਆਂ ਤਸਵੀਰਾਂ, ਆਈਬੀ ਤੇ ਰਾਅ ਕਰਨਗੇ ਪੁੱਛਗਿੱਛ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਲਾਈਵ ਕਵਰੇਜ

  1. ਤੁਹਾਡਾ ਧੰਨਵਾਦ!

    ਬੀਬੀਸੀ ਦੇ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਨਵੀਂਆਂ ਤੇ ਤਾਜ਼ਾ ਖ਼ਬਰਾਂ ਨਾਲ ਕੱਲ ਸਵੇਰੇ ਮੁੜ ਹਾਜ਼ਰ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ

    ਜਾਂਦੇ ਜਾਂਦੇ ਇੱਕ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਦੀ

    • ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ ਹੈ, ਜਿੱਥੇ ਆਈਬੀ ਤੇ ਰਾਅ ਉਨ੍ਹਾਂ ਤੋਂ ਪੁੱਛਗਿੱਛ ਕਰਨਗੇ
    • ਅਮ੍ਰਿਤਪਾਲ ਨੂੰ ਐਤਵਾਰ ਸਵੇਰੇ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
    • ਅਮ੍ਰਿਤਪਾਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਹ ਆਤਮ ਸਮਰਪਣ ਕਰਨ ਜਾ ਰਹੇ ਹਨ
    • ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਗਿੱਲ ਮੁਤਾਬਕ ਪੁਲਿਸ ਨੇ ਰੋਡੇ ਪਿੰਡ ਨੂੰ ਘੇਰ ਲਿਆ ਸੀ ਅਤੇ ਗੁਰਦੁਆਰੇ ਵਿੱਚੋਂ ਬਾਹਰ ਆਉਂਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ
    • ਕਾਂਗਰਸ ਆਗੂ ਰਵਨੀਤ ਬਿੱਟੂ ਨੇ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਉੱਤੇ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ ਅਤੇ ਚਰਨਜੀਤ ਚੰਨੀ ਨੇ ਕਿਹਾ ਇਨ੍ਹਾਂ ਨੂੰ ਉਹ ਨਹੀਂ ਲੱਭਿਆ, ਉਸ ਨੇ ਆਪ ਗ੍ਰਿਫ਼ਤਾਰੀ ਦਿੱਤੀ
    • ਅਕਾਲੀ ਦਲ ਆਗੂ ਦਲਜੀਤ ਚੀਮਾ ਨੇ ਆਸ ਪ੍ਰਗਟਾਈ ਕਿ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਨੌਜਵਾਨਾਂ ਦੀ ਫੜੋ-ਫੜੀ ਬੰਦ ਹੋਵੇਗੀ।
    • ਪ੍ਰਕਾਸ਼ ਸਿੰਘ ਬਾਦਲ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਹਨ, ਉਨ੍ਹਾਂ ਦੀ ਹਾਲਤ ਨਾਜ਼ੁਕ ਹੈ
    • ਭਾਰਤੀ ਭਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਕੁਸ਼ਤੀ ਫੈਡਰੇਸ਼ਨ ਖ਼ਿਲਾਫ਼ ਮੁੜ ਧਰਨੇ ਉੱਤੇ ਬੈਠ ਗਈਆਂ ਹਨ
  2. ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਜੱਲੂਪੁਰ ਖੇੜਾ ਅਤੇ ਰੋਡੇ ਤੋਂ ਪ੍ਰਤੀਕਰਮ

  3. ਅਮ੍ਰਿਤਪਾਲ ਸਰਕਾਰ ਨੂੰ ਨਹੀਂ ਲੱਭਿਆ, ਉਨ੍ਹਾਂ ਨੇ ਆਤਮ-ਸਮਰਪਣ ਕੀਤਾ – ਚੰਨੀ

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਖਾਲਿਸਤਾਨ ਹਮਾਇਤੀ ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਉੱਤੇ ਬੋਲਦਿਆਂ ਕਿਹਾ, "ਸਵਾ ਮਹੀਨਾ ਹੋ ਗਿਆ, ਕਦੇ ਰੌਲਾ ਪੈ ਜਾਂਦਾ ਫਲਾਣਾ ਪਿੰਡ ਘੇਰ ਲਿਆ, ਕਦੇ ਕੋਈ ਪਿੰਡ ਘੇਰ ਲਿਆ ਪਰ ਅੰਮ੍ਰਿਤਪਾਲ ਹੈ, ਨਹੀਂ ਲੱਭਿਆ। ਅੱਜ ਵੀ ਅੰਮ੍ਰਿਤਪਾਲ ਸਿੰਘ ਨੇ ਆਪ ਗੁਰਦਵਾਰੇ ਵਿੱਚ ਸਰੈਂਡਰ ਕੀਤਾ ਲੇਕਿਨ ਇਹਨਾਂ ਨੂੰ ਨਹੀਂ ਮਿਲਿਆ।’’

    ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਆਦਮਪੁਰ ਵਿੱਚ ਜਲੰਧਰ ਉਪ-ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।

    ਚੰਨੀ ਨੇ ਕਿਹਾ, ‘‘ਲੜਾਈ ਅੰਮ੍ਰਿਤਪਾਲ ਨਾਲ, ਰੋਕੀ ਉਸਦੀ ਘਰਵਾਲੀ ਨੂੰ ਜਾਂਦੇ ਨੇ, ਉਹ ਕੁੜੀ ਦਾ ਕਿਆ ਕਸੂਰ ਹੈ। ਜਿਸ ਨਾਲ ਪੰਗਾ ਹੈ, ਉਸ ਨਾਲ ਲਓ, ਉਹ ਤਾਂ ਤੁਹਾਡੇ ਤੋਂ ਫੜ੍ਹ ਨਹੀਂ ਹੋਇਆ ਤੇ ਉਹਨੇ ਤਾਂ ਆਪ ਸਰੈਂਡਰ ਕਰਿਆ।''

  4. ਪ੍ਰਕਾਸ਼ ਸਿੰਘ ਬਾਦਲ ਆਈਸੀਯੂ ਵਿੱਚ ਭਰਤੀ

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਆਈਸੀਯੂ ਵਿੱਚ ਰੱਖਿਆ ਗਿਆ ਹੈ।

    ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰ ਕੇ ਕਿਹਾ ਹੈ ਕਿ ਸਰਦਾਰ ਬਾਦਲ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

    ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਦੀ 95 ਸਾਲ ਉਮਰ ਦੀ ਹੈ।

  5. ਅਮ੍ਰਿਤਪਾਲ ਨੂੰ ਏਕਾਂਤ ਵਿੱਚ ਰੱਖਿਆ ਜਾਵੇਗਾ ਤੇ ਰਾਅ-ਆਈਬੀ ਕਰਨਗੀਆਂ ਪੁੱਛਗਿੱਛ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਇਕਾਂਤ ਸੈੱਲ (ਆਈਸੋਲੇਸ਼ਨ) ਵਿੱਚ ਰੱਖਿਆ ਜਾਵੇਗਾ।

    ਕੇਂਦਰੀ ਸੁਰੱਖਿਆ ਏਜੰਸੀਆਂ ਰਾਅ ਅਤੇ ਆਈਬੀ ਉਨ੍ਹਾਂ ਤੋਂ ਪੁੱਛਗਿੱਛ ਕਰਨਗੀਆਂ।

    ਅਮ੍ਰਿਤਪਾਲ ਸਿੰਘ ਨੂੰ ਐਤਵਾਰ ਸਵੇਰੇ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ।

  6. ਪੰਜਾਬ ਪੁਲਿਸ ਨੇ ਦੋ ਕਥਿਤ ਗੈਂਗਸਟਰ ਕਾਬੂ ਕਰਨ ਦਾ ਦਾਅਵਾ ਕੀਤਾ

    ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਅਰਸ਼ ਡਾਲਾ ਅਤੇ ਸੁੱਖਾ ਦੁਨੱਕੇ ਗੈਂਗ ਨਾਲ ਸਬੰਧਤ ਦੋ ਕਥਿਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਸ ਨਾਲ ਉੱਤਰਾਖੰਡ ਵਿੱਚ ਹੋਰ ਵਾਲੀ ਸੰਭਾਵੀ ਟਾਰਗੈੱਟ ਕਿਲਿੰਗ ਦੀ ਘਟਨਾ ਨੂੰ ਟਾਲ ਦਿੱਤਾ ਗਿਆ ਹੈ।

    ਪੰਜਾਬ ਸਰਕਾਰ ਦੇ ਇੱਕ ਪ੍ਰੈਸ ਬਿਆਨ ਮੁਤਾਬਕ ਪੁਲਿਸ ਨੇ ਮਾਨਸਾ ਦੇ ਪਿੰਡ ਗਰਾਂਘਣਾ ਪਿੰਡ ਦੇ ਸ਼ਿਮਲਾ ਸਿੰਘ ਅਤੇ ਫਤਿਹਾਬਾਦ ਦੇ ਭਡੋਲੀਆਂਵਾਲੀ ਪਿੰਡ ਦੇ ਹਰਜੀਤ ਸਿੰਘ ਉਰਫ਼ ਗੋਰਾ ਨੂੰ ਗ੍ਰਿਫ਼ਤਾਰ ਕੀਤਾ ਹੈ।

    ਪੁਲਿਸ ਨੇ ਇਨ੍ਹਾਂ ਤੋਂ ਤਿੰਨ ਪਿਸਟਲ ਅਤੇ ਜ਼ਿੰਦਾ ਕਾਰਤੂਸ, ਮੈਗਜ਼ੀਨ ਅਤੇ ਕਰੀਬ 2 ਲੱਖ ਰੁਪਏ ਵੀ ਬਰਾਮਦ ਕੀਤੇ ਹਨ।

    ਪੁਲਿਸ ਦਾ ਦਾਅਵਾ ਹੈ ਕਿ ਪੈਸੇ ਕਤਲ ਲਈ ਸੁਪਾਈ ਵਜੋਂ ਦਿੱਤੇ ਗਏ ਸਨ।

    ਪੁਲਿਸ ਮੁਤਾਬਕ ਬਠਿੰਡਾ ਪੁਲਿਸ ਨੇ ਕਾਊਂਟਰ ਇਟੈਲੀਜੈਂਸ ਵਲੋਂ ਦਿੱਤੀ ਸੂਹ ਦੇ ਅਧਾਰ ਉੱਤੇ ਇਨ੍ਹਾਂ ਨੂੰ ਜੱਸੀ ਪਾਓਵਾਲੀ ਪਿੰਡ ਨੇੜੇ ਨਾਕਾ ਲਗਾ ਦੇ ਗ੍ਰਿਫ਼ਤਾਰ ਕੀਤਾ ਹੈ।

    ਇਨ੍ਹਾਂ ਨੇ ਪੁੱਛਗਿਛ ਦੌਰਾਨ ਅਰਸ਼ ਡਾਲਾ ਨੇ ਆਪਣੇ ਇੱਕ ਸਾਧੂ ਸਿੰਘ ਸਾਥੀ ਜੋ ਹਲਦਵਾਨੀ ਜੇਲ੍ਹ ਵਿੱਚ ਬੰਦ ਦੀ ਮਦਦ ਨਾਲ ਉਨ੍ਹਾਂ ਨੂੰ ਇੱਕ ਕਾਰੋਬਾਰੀ ਦੇ ਕਤਲ ਦਾ ਕੰਮ ਸੌਂਪਿਆ ਸੀ।

    ਇਸ ਸੁਪਾਰੀ ਕਤਲ ਲਈ ਅਰਸ਼ ਨੇ ਸ਼ਿਮਲਾ ਸਿੰਘ ਨੂੰ 4 ਅਤੇ 3 ਲੱਖ ਦੀਆਂ ਦੋ ਕਿਸ਼ਤਾਂ ਪੈਸੇ ਦੀ ਦਿੱਤੇ ਸਨ।

  7. ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਿਹਾ ?

    ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ, “ਅਕਾਲ ਤਖ਼ਤ ਸਹਿਬ ਉੱਤੇ ਪੰਥਕ ਇਕੱਤਰਤਾ ਦੌਰਾਨ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰੀ ਦੇਣ ਦੀ ਸਲਾਹ ਦਿੱਤੀ ਸੀ, ਕਿ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇ ਦੇਣੀ ਚਾਹੀਦੀ ਹੈ ਤੇ ਕਾਨੂੰਨ ਵਿੱਚ ਆਪਣਾ ਪੱਖ਼ ਰੱਖਣਾ ਚਾਹੀਦਾ ਹੈ। ਇਸ ਕਰਕੇ ਚੰਗਾ ਹੋਇਆ ਕਿ ਅੱਜ ਉਨ੍ਹਾਂ ਆਪਣੀ ਗ੍ਰਿਫਤਾਰੀ ਦੇ ਦਿੱਤੀ ਹੈ ਅਤੇ ਸਾਰਾ ਕੰਮ ਸ਼ਾਂਤਮਈ ਤਰੀਕੇ ਨਾਲ ਹੋ ਗਿਆ।”

    ਉਨ੍ਹਾਂ ਕਿਹਾ, “ਮੈਂ ਸਮਝਦਾ ਹਾਂ ਕਿ ਇਸ ਨਾਲ ਜਿਹੜਾ ਸਿੱਖ ਨੌਜਵਾਨਾਂ ਉੱਤੇ ਬਿਨਾਂ ਵਜ੍ਹਾ ਤੋਂ ਜ਼ਬਰ ਹੋ ਰਿਹਾ ਸੀ, ਉਸ ਉੱਤੇ ਵਿਰਾਮ ਲੱਗਣਾ ਚਾਹੀਦਾ ਹੈ।”

    ਚੀਮਾ ਨੇ ਕਿਹਾ, “ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਗ੍ਰਿਫ਼ਤਾਰੀ ਕਰਨਾ ਕੋਈ ਵੱਡਾ ਕੰਮ ਨਹੀਂ ਸੀ। ਪਰ ਪੈਰਾਮਿਲਟਰੀ ਫੋਰਸ ਲਗਾ ਕੇ, ਇੰਟਰਨੈੱਟ ਬੰਦ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਗ੍ਰਿਫ਼ਤਾਰੀ ਹੋ ਗਈ ਕੋਈ ਰੌਲ਼ਾ ਨਹੀਂ। ਇਸ ਲ਼ਈ ਅਸੀਂ ਕਹਿੰਦੇ ਸੀ ਕਿ ਪੰਜਾਬ ਦੇ ਲੋਕ ਅਮਨ ਸਾਂਤੀ ਚਾਹੁੰਦੇ ਹਨ।”

  8. ਅਮ੍ਰਿਤਪਾਲ ਸਿੰਘ : ਗ੍ਰਿਫ਼ਤਾਰੀ ਤੋਂ ਪਹਿਲਾਂ ਰੂਪੋਸ਼ ਰਹਿਣ ਉੱਤੇ ਕੀ ਬੋਲੇ ਅਮ੍ਰਿਤਪਾਲ

  9. ਅਮ੍ਰਿਤਪਾਲ ਸਿੰਘ ਦੀ ਡਿਬਰੂਗੜ੍ਹ ਜੇਲ੍ਹ ਦੀ ਤਸਵੀਰ

  10. ਅਮ੍ਰਿਤਪਾਲ ਸਿੰਘ: ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰੀ ਦੀ ਕੀਤੀ ਸ਼ਲਾਘਾ

    ਆਮ ਆਦਮ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਹੈ।

    ਅਰਵਿੰਦ ਕੇਜਰੀਵਾਲ ਨੇ ਕਿਹਾ, “ਮੁੱਖ ਮੰਤਰੀ ਭਗਵੰਤਮਾਨ ਨੇ ਇਸ ਮਿਸ਼ਨ (ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ) ਨੂੰ ਦ੍ਰਿੜਤਾ ਅਤੇ ਹੌਂਸਲੇ ਨਾਲ ਪੂਰਾ ਕੀਤਾ ਹੈ। ਬਿਨਾਂ ਖ਼ੂਨ-ਖ਼ਰਾਬੇ ਅਤੇ ਗੋਲੀ ਚਲਾਏ ਪੰਜਾਬ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ।”

  11. ਅਮ੍ਰਿਤਪਾਲ ਸਿੰਘ ਨੂੰ ਪੁਲਿਸ ਡਿਬੜੂਗੜ੍ਹ ਜੇਲ੍ਹ ਲੈ ਕੇ ਪਹੁੰਚੀ

    ਅਮ੍ਰਿਤਪਾਲ ਸਿੰਘ ਦੀ ਮੋਗਾ ਤੋਂ ਗ੍ਰਿਫ਼ਤਾਰੀ ਦੇ ਬਾਅਦ ਉਸ ਨੂੰ ਪੁਲਿਸ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਲੈ ਕੇ ਪਹੁੰਚੀ ਹੈ।

  12. ਕਾਰਵਾਈ ਥੋੜ੍ਹੀ ਪਹਿਲਾਂ ਹੁੰਦੀ ਤਾਂ ਚੰਗਾ ਹੁੰਦਾ- ਅਨੁਰਾਗ ਠਾਕੁਰ

    ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਉੱਤੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਕਾਰਵਾਈ ਵਿੱਚ ਥੋੜ੍ਹਾ ਸਮਾਂ ਲੱਗਿਆ, ਚੰਗਾ ਹੁੰਦਾ ਜੇਕਰ ਕਾਰਵਾਈ ਪਹਿਲਾਂ ਹੁੰਦੀ।

  13. ਮੈਨੂੰ ਰਾਤ ਹੀ ਖ਼ਬਰ ਸੀ, ਸਾਰੀ ਰਾਤ ਸੁੱਤਾ ਨਹੀਂ- ਭਗਵੰਤ ਮਾਨ

    ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਇਹ ਕੁਝ ਮੁੱਖ ਗੱਲਾਂ ਕਹੀਆਂ-

    • ਪੰਜਾਬ ਦੇ ਕਾਨੂੰਨ ਪ੍ਰਬੰਧ ਨੂੰ ਤੋੜਨ ਦੀ ਕੁਝ ਲੋਕ ਕੋਸ਼ਿਸ਼ ਕਰ ਰਹੇ ਸਨ। ਜਿਵੇਂ ਹੀ ਸਾਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਖਬਰ ਮਿਲੀ, ਅਸੀਂ ਐਕਸ਼ਨ ਲਿਆ। ਕੁਝ ਲੋਕ ਉਸ ਦਿਨ ਫੜੇ ਗਏ ਤੇ ਕੁਝ ਲੋਕ ਨਹੀਂ ਫੜੇ ਗਏ।
    • ਚਾਹੁੰਦੇ ਤਾਂ ਉਸ ਦਿਨ ਵੀ ਫੜ ਸਕਦੇ ਸੀ, ਪਰ ਅਸੀਂ ਕੋਈ ਖੂਨ ਖਰਾਬਾ ਨਹੀਂ ਚਾਹੁੰਦੇ ਸੀ। ਇਸ ਤੋਂ ਪਹਿਲਾਂ ਅਜਨਾਲਾ ਥਾਣੇ ਬਾਹਰ ਕੁਝ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਦੇ ਅੰਦਰ ਚਲੇ ਗਏ ਸਨ।
    • ਉਸ ਵੇਲੇ ਵੀ ਮੈਂ ਪੰਜਾਬ ਦੇ ਡੀਜੀਪੀ ਨੂੰ ਇਹ ਹੁਕਮ ਦਿੱਤੇ ਸਨ ਕਿ ਕੁਝ ਵੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਉਹ ਸਾਡੇ ਲਈ ਸਭ ਤੋਂ ਅਹਿਮ ਹੈ।
    • ਜਿਹੜੇ ਲੋਕ ਦੇਸ਼ ਦੇ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਉੱਤੇ ਅਸੀਂ ਕਾਨੂੰਨ ਦੇ ਤਹਿਤ ਕਾਰਵਾਈ ਕਰਾਂਗੇ, ਅਸੀਂ ਬੇਗੁਨਾਹ ਲੋਕਾਂ ਨੂੰ ਤੰਗ ਨਹੀਂ ਕਰਾਂਗੇ।
    • ਮੈਂ ਪੰਜਾਬ ਦੇ ਸਾਢੇ ਤਿੰਨ ਕਰੋੜ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਨ੍ਹਾਂ 35 ਦਿਨਾਂ ਵਿੱਚ ਧੀਰਜ ਬਣਾ ਕੇ ਰੱਖਿਆ ਤੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ।
    • ਮੈਂ ਪੰਜਾਬ ਦੇ ਸਾਢੇ ਤਿੰਨ ਕਰੋੜ ਪੰਜਾਬੀਆਂ ਨੂੰ ਭਰੋਸਾ ਦਵਾਉਂਦਾ ਹਾਂ ਕਿ ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਤੇ ਕਾਨੂੰਨ ਪ੍ਰਬੰਧ ਨੂੰ ਕਾਬੂ ਵਿੱਚ ਰੱਖਣਾ ਸਾਡਾ ਫਰਜ਼ ਹੈ।
    • ਮੈਂ ਕੱਲ੍ਹ ਪੂਰੀ ਰਾਤ ਨਹੀਂ ਸੌਂ ਸਕਿਆ, ਮੇਰੇ ਕੋਲ ਰਾਤ ਹੀ ਖ਼ਬਰ ਆ ਗਈ ਸੀ। ਮੈਂ ਹਰ 15 ਮਿੰਟ ਬਾਅਦ ਪੁੱਛਦਾ ਰਿਹਾ, ਖ਼ਬਰ ਲੈਂਦਾ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਪੰਜਾਬ ਦਾ ਕਾਨੂੰਨ ਪ੍ਰਬੰਧ ਜਾਂ ਮਾਹੌਲ ਖਰਾਬ ਹੋਵੇ।
    • ਜੇਕਰ ਸਾਢੇ ਤਿੰਨ ਕਰੋੜ ਪੰਜਾਬੀਆਂ ਦੀ ਸੁਰੱਖਿਆਂ ਲਈ ਸਾਨੂੰ ਕੁਝ ਰਾਤਾਂ ਦੀ ਨੀਂਦ ਗੁਆਉਣੀ ਵੀ ਪਵੇ, ਤਾਂ ਵੀ ਮਨਜ਼ੂਰ ਹੈ।
  14. ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਕੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲਾਈਵ ਸੰਬੋਧਨ।

  15. 'ਆਪ' ਸਰਕਾਰ ਜ਼ਰੂਰਤ ਪੈਣ 'ਤੇ ਸਖ਼ਤ ਤੋਂ ਸਖ਼ਤ ਕਦਮ ਚੁੱਕ ਸਕਦੀ ਹੈ- ਸੰਜੇ ਸਿੰਘ

    ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ 'ਆਪ' ਦੀ ਸਰਕਾਰ ਪੰਜਾਬ 'ਚ ਅਮਨ ਤੇ ਸ਼ਾਂਤੀ ਨੂੰ ਕਦੇ ਭੰਗ ਨਹੀਂ ਹੋਣ ਦੇਵੇਗੀ।

    ਸੰਜੇ ਸਿੰਘ ਨੇ ਕਿਹਾ, ''ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ-ਵਿਵਸਥਾ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰੇਗੀ।''

    ਉਨ੍ਹਾਂ ਕਿਹਾ ਕਿ ''ਪੰਜਾਬ ਦੀ ਜਨਤਾ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਤੇ ਅੱਜ ਭਗਵੰਤ ਮਾਨ ਤੇ 'ਆਪ' ਸਰਕਾਰ ਨੇ ਇਹ ਸਾਬਿਤ ਕਰ ਦਿੱਤਾ ਕਿ ਇਹ ਜ਼ਰੂਰਤ ਪੈਣ 'ਤੇ ਸਖ਼ਤ ਤੋਂ ਸਖ਼ਤ ਕਦਮ ਚੁੱਕ ਸਕਦੀ ਹੈ।''

  16. ਅਮ੍ਰਿਤਪਾਲ ਸਿੰਘ ’ਤੇ ਲਾਇਆ ਗਿਆ ਐੱਨਐੱਸਏ ਐਕਟ ਕੀ ਹੈ ਤੇ ਕਦੋਂ ਲੱਗਦਾ ਹੈ?

    'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ 36 ਦਿਨਾਂ ਦੀ ਕਾਰਵਾਈ ਤੇ ਭਾਲ਼ ਮਗਰੋਂ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ।

    ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, ਅਮ੍ਰਤਿਪਾਲ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਐਨਐਸਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

    ਇਸ ਰਿਪੋਰਟ ਰਾਹੀਂ ਜਾਣੋ ਕਿ ਐੱਨਐੱਸਏ ਐਕਟ ਹੁੰਦਾ ਕੀ ਹੈ ਤੇ ਕਦੋਂ ਲੱਗਦਾ ਹੈ? ਪੜ੍ਹਨ ਲਈ ਕਲਿੱਕ ਕਰੋ

  17. ਗ੍ਰਿਫ਼ਤਾਰੀ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਦਾ ਜੋ ਵੀਡੀਓ ਵਾਇਰਲ ਹੋਇਆ, ਉਸ 'ਚ ਉਨ੍ਹਾਂ ਨੇ ਕੀ ਕਿਹਾ

    ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਖ਼ਬਰ ਆਉਣ ਦੇ ਨਾਲ ਹੀ ਇੱਕ ਵੀਡੀਓ ਵੀ ਵਾਇਰਲ ਹੋ ਗਿਆ, ਜਿਸ 'ਚ ਅਮ੍ਰਿਤਪਾਲ ਆਪਣੀ ਗ੍ਰਿਫ਼ਤਾਰੀ ਬਾਰੇ ਬੋਲਦੇ ਦਿਖਾਈ ਦੇ ਰਹੇ ਹਨ।

    ਵੀਡੀਓ ਵਿੱਚ ਅਮ੍ਰਿਤਪਾਲ ਕਹਿ ਰਹੇ ਹਨ, ''ਇਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਸਥਾਨ ਹੈ। ਜਿਸ ਸਥਾਨ ਤੋਂ ਮੇਰੀ ਦਸਤਾਰਬੰਦੀ ਹੋਈ ਅਤੇ ਆਪਾਂ ਕੌਮ ਦਾ ਇਹ ਕਾਰਜ ਆਰੰਭਿਆ, ਅੱਜ ਉਸੇ ਸਥਾਨ 'ਤੇ ਕੌਮੀ ਕਾਰਜ ਦੇ ਚੱਲਦਿਆਂ ਆਪਾਂ ਜੀਵਨ ਦੇ ਇੱਕ ਬੜੇ ਅਹਿਮ ਮੋੜ 'ਤੇ ਖੜ੍ਹੇ ਹਾਂ।''

    ''ਪਿਛਲੇ 1 ਮਹੀਨੇ 'ਚ ਜੋ ਕੁਝ ਵਾਪਰਿਆ ਹੈ ਉਹ ਤੁਸੀਂ ਸਭ ਵੇਖਿਆ ਹੈ। ਮੈਂ ਉਹ ਸਭ ਮੁੜ ਦੁਹਰਾਉਣਾ ਨਹੀਂ, ਸੰਖੇਪ 'ਚ ਗੱਲ ਕਰਨੀ ਹੈ।''

    ''ਜੇ ਇੱਕਲੀ ਗ੍ਰਿਫ਼ਤਾਰੀ ਦੀ ਗੱਲ ਹੁੰਦੀ ਤਾਂ ਸ਼ਾਇਦ ਗ੍ਰਿਫ਼ਤਾਰੀ ਦੇ ਬਹੁਤ ਤਰੀਕੇ ਸੀ, ਜਿਨ੍ਹਾਂ ਨਾਲ ਮੈਂ ਸਹਿਯੋਗ ਵੀ ਕਰਦਾ। ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ, ਦੁਨੀਆਂ ਭਰ ਦੇ ਸਾਹਮਣੇ ਹੋਇਆ ਹੈ।''

    ''ਜੋ ਸਿੱਖ ਨੌਜਵਾਨਾਂ 'ਤੇ ਜ਼ਬਰ ਢਾਇਆ ਗਿਆ ਹੈ, ਦੇਖੋ ਸੱਚੇ ਪਾਤਸ਼ਾਹ ਸਤਿਗੁਰ ਦੀ ਕਚਹਿਰੀ 'ਚ ਅਸੀਂ ਦੋਸ਼ੀਂ ਨਹੀਂ। ਦੁਨਿਆਵੀਂ ਕਚਹਿਰੀਆਂ 'ਚ ਅਸੀਂ ਦੋਸ਼ੀ ਹੋ ਸਕਦੇ ਹਾਂ।''

    ''ਸੋ ਇੱਕ ਮਹੀਨੇ ਤੋਂ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਇਸ ਧਰਤੀ 'ਤੇ ਲੜੇ ਹਾਂ, ਇਸ ਧਰਤੀ 'ਤੇ ਲੜਾਂਗੇ, ਇਹ ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ।''

    ''ਇਸ ਕਰਕੇ ਜਿਹੜੇ ਇਹ ਝੂਠੇ ਕੇਸ, ਪਰਚੇ ਸਾਡੇ 'ਤੇ ਪਏ ਨੇ ਇਨ੍ਹਾਂ ਦਾ ਸਾਹਮਣਾ ਅਸੀਂ ਅਦਾਲਤ 'ਚ ਕਰ ਲਵਾਂਗੇ।''

    ''ਸੰਗਤ ਦੀਆਂ ਅਰਦਾਸਾਂ ਤੋਂ ਬਿਨਾਂ ਇੰਨਾਂ ਸਮਾਂ ਰੂਹਪੋਸ਼ ਹੋ ਜਾਣਾ ਸੰਭਵ ਨਹੀਂ ਹੁੰਦਾ ਹੈ। ਇਹ ਸੰਗਤ ਦੀਆਂ ਅਰਦਾਸਾਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਹੈ।''

    ''ਅੱਜ ਉਸੇ ਅਸਥਾਨ ਉੱਤੇ ਅਸੀਂ ਆਪ ਗ੍ਰਿਫ਼ਤਾਰੀ ਦੇਣ ਦਾ ਫੈਸਲਾ ਕੀਤਾ ਹੈ।''

    ''ਇਹ ਗ੍ਰਿਫ਼ਤਾਰੀ ਅੰਤ ਨਹੀਂ ਸ਼ੁਰੂਆਤ ਹੈ। ਜਿਹੜਾ ਝੂਠ ਦਾ ਸੰਸਾਰ ਸਾਡੇ ਖ਼ਿਲਾਫ਼ ਸਿਰਜਿਆ ਗਿਆ ਹੈ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨੂੰ ਭੰਨਣਗੇ ਤੇ ਛੇਤੀ ਹੀ ਅਸੀਂ ਸੰਗਤਾਂ 'ਚ ਵਿਚਾਰਾਂਗੇ।''

    ਹਾਲਾਂਕਿ, ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਖੂਫ਼ੀਆ ਜਾਣਕਾਰੀ ਦੇ ਅਧਾਰ 'ਤੇ ਰੋਡੇ ਪਿੰਡ ਨੂੰ ਘੇਰਾ ਪਾ ਰੱਖਿਆ ਸੀ ਅਤੇ ਅਮ੍ਰਿਤਪਾਲ ਲਈ ਭੱਜਣ ਦਾ ਕੋਈ ਰਾਹ ਨਹੀਂ ਸੀ।

  18. ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਸਵੇਰ ਤੋਂ ਲੈ ਕੇ ਹੁਣ ਤੱਕ ਕੀ-ਕੀ ਵਾਪਰਿਆ

    ਅਮ੍ਰਿਤਪਾਲ ਸਿੰਘ ਨੂੰ ਅੱਜ ਸਵੇਰੇ ਲਗਭਗ 6:45 ਵਜੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

    ਇਸ ਗ੍ਰਿਫ਼ਤਾਰੀ ਬਾਰੇ ਪੁਲਿਸ ਨੇ ਕੀ ਦੱਸਿਆ ਤੇ ਹੁਣ ਤੱਕ ਕੀ-ਕੀ ਹੋਇਆ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ

  19. ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਮੋਗਾ ਰੋਡੇ ਪਿੰਡ ਤੋਂ ਹੋਈ, ਅਸਾਮ ਦੇ ਡਿਬੜੂਗੜ੍ਹ ਜੇਲ੍ਹ ਭੇਜਿਆ

    ਅਮ੍ਰਿਤਪਾਲ ਸਿੰਘ ਨੂੰ ਅੱਜ ਸਵੇਰੇ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਖੁਫ਼ੀਆ ਵਿਭਾਗ ਦੁਆਰਾ ਇੱਕ ਸਾਂਝੇ ਆਪਰੇਸ਼ਨ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

    ਹੁਣ ਤੱਕ ਕੀ-ਕੀ ਹੋਇਆ, ਇਸ ਬਾਰੇ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ

  20. ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਪੰਜਾਬ ਪੁਲਿਸ ਨੇ ਕੀ ਦੱਸਿਆ

    'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨੀ ਸਮਰਥਕ ਅਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

    ਪੁਲਿਸ 18 ਮਾਰਚ ਤੋਂ ਅਮ੍ਰਿਤਪਾਲ ਸਿੰਘ ਦੀ ਭਾਲ਼ ਕਰ ਰਹੀ ਸੀ।

    ਸੁਣੋ, ਇਸ ਗ੍ਰਿਫ਼ਤਾਰੀ ਲਈ ਕੀਤੇ ਆਪ੍ਰੇਸ਼ਨ ਬਾਰੇ ਪੰਜਾਬ ਪੁਲਿਸ ਨੇ ਕੀ ਦੱਸਿਆ।