You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ: ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਇਹ ਕਾਰਨ ਦੱਸਿਆ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਅੱਜ ਦਾ ਅਹਿਮ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹਨ ਅੱਜ ਦੇ ਘਟਨਾਕ੍ਰਮ

    • ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪੰਜਾਬ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
    • ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਵਿੱਚ ਬੋਲਦਿਆਂ ਕਿਹਾ,''ਕਰਤਾਰਪੁਰ ਲਾਂਘੇ ਨੂੰ ਨਹਿਰੂ ਵੱਲੋਂ ਲਾਇਆ ਜਿੰਦਾ ਮੋਦੀ ਜੀ ਨੇ ਖੋਲ੍ਹਿਆ ਹੈ''।
    • ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਲੁਧਿਆਣਾ ਵਿੱਚ ਰੋਡ ਸ਼ੋਅ ਕੀਤਾ।
    • ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ।
    • ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਯੂਪੀ ਬਿਹਾਰ ਦੇ ਲੋਕਾਂ ਬਾਰੇ ਉਨ੍ਹਾਂ ਦੇ ਬਿਆਨ ਨੂੁੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
    • ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਉਪਰੋਕਤ ਬਿਆਨ ਦੇ ਮਸਲੇ ਵਿੱਚ ਚੰਨੀ ਦਾ ਬਚਾਅ ਕੀਤਾ ਹੈ ਤੇ ਕਿਹਾ ਹੈ ਕਿ ਉਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ।
  2. ਆਪਣੇ ਵਿਵਾਦਿਤ ਬਿਆਨ 'ਤੇ ਦਿੱਤੀ ਚਰਨਜੀਤ ਸਿੰਘ ਚੰਨੀ ਨੇ ਸਫ਼ਾਈ

    ਆਪਣੇ ਉੱਤਰ ਪ੍ਰਦੇਸ਼ ਅਤੇ ਬਿਹਾਰ ਬਾਰੇ ਬਿਆਨ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਚਰਨਜੀਤ ਸਿੰਘ ਚੰਨੀ ਨੇ ਸਫ਼ਾਈ ਦਿੱਤੀ ਹੈ।

  3. ਪੰਜਾਬ ਚੋਣਾਂ 2022: ਲੱਖਾ ਸਿਧਾਣਾ ਆਪਣੇ ਅਪਰਾਧਿਕ ਪਿਛੋਕੜ ਬਾਰੇ ਕੀ ਕਹਿੰਦੇ ਤੇ ਵਿਰੋਧੀ ਉਨ੍ਹਾਂ ਨੂੰ ਕਿਵੇਂ ਘੇਰਦੇ ਹਨ

    ਮੌੜ ਹਲਕੇ ਤੋਂ ਆਜ਼ਾਦ ਉਮੀਦਵਾਰ ਲੱਖਾ ਸਿਧਾਣਾ ਕਿੰਝ ਕਰ ਰਹੇ ਹਨ ਚੋਣ ਪ੍ਰਚਾਰ ਅਤੇ ਕੀ ਆਖਦੇ ਹਨ ਆਪਣੇ ਵਿਰੋਧੀਆਂ ਬਾਰੇ, ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ।

  4. ਚਰਨਜੀਤ ਚੰਨੀ ਵਾਸਤੇ ਚਮਕੌਰ ਸਾਹਿਬ ਤੋਂ ਮੁਕਾਬਲਾ ਕਿੰਨਾ ਮੁਸ਼ਕਿਲ- ਗਰਾਉਂਡ ਰਿਪੋਰਟ

    ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣਾਂ ਲੜ ਰਹੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਮਣੇ ਚਮਕੌਰ ਸਾਹਿਬ ਵਿੱਚ ਕੀ ਚੁਣੌਤੀਆਂ ਹਨ, ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਗਰਾਊਂਡ ਰਿਪੋਰਟ।

  5. ਭਾਜਪਾ ਨੂੰ ਪੰਜਾਬ ਵਿੱਚ ਇੱਕ ਮੌਕਾ ਮਿਲਣਾ ਚਾਹੀਦਾ ਹੈ -ਰਾਜਨਾਥ ਸਿੰਘ

    ਕੇਂਦਰੀ ਗ੍ਰਹਿ ਮੰਤਰੀ ਨੇ ਨੰਗਲ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਆਖਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਇੱਕ ਮੌਕਾ ਮਿਲਣਾ ਚਾਹੀਦਾ ਹੈ।

    ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਉੱਪਰ ਭ੍ਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਹੈ।

    ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਚੋਣ ਪ੍ਰਚਾਰ ਦੇ ਆਖ਼ਰੀ ਦਿਨਾਂ ਵਿੱਚ ਪੰਜਾਬ ਹਨ।

    ਰਾਜਨਾਥ ਸਿੰਘ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਜੇ ਪੀ ਨੱਡਾ ਅਨੁਰਾਗ ਠਾਕੁਰ, ਸਮ੍ਰਿਤੀਵ ਇਰਾਨੀ,ਅਮਿਤ ਸ਼ਾਹ ਨੇ ਵੀ ਪੰਜਾਬ ਵਿੱਚ ਪ੍ਰਚਾਰ ਕੀਤਾ ਹੈ।

  6. 'ਕਰਤਾਰਪੁਰ ਨੂੰ ਜਿੰਦਾ ਨਹਿਰੂ ਨੂੰ ਲਗਵਾਇਆ ਤੇ ਮੋਦੀ ਨੇ ਖੁਲ੍ਹਵਾਇਆ'-ਅਨੁਰਾਗ ਠਾਕੁਰ

    ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਚ ਅੱਜ ਮਨੋਰੰਜਨ ਕਾਲੀਆ ਦੇ ਹੱਕ ਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ।

    ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਮੁਤਾਬਕ ਇਸ ਦੌਰਾਨ ਉਨ੍ਹਾਂ ਨੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੇ ਚੰਨੀ ’ਤੇ ਈਡੀ ਦੀਆਂ ਕਥਿਤ ਰੇਡਾਂ ਬਾਰੇ ਸਵਾਲ ਚੁੱਕੇ

    ਉਨ੍ਹਾਂ ਨੇ ਕਿਹਾ ਕੇ ਜੋ ਪ੍ਰਧਾਨ ਮੰਤਰੀ ਨੂੰ ਪੰਜਾਬ ਫੇਰੀ ਦੌਰਾਨ ਸੁਰੱਖਿਆ ਨਹੀਂ ਦੇ ਸਕਦਾ ਉਹ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਿਵੇਂ ਕਰ ਸਕਦਾ ਹੈ।

    ਕੇਜਰੀਵਾਲ 'ਤੇ ਨਿਸ਼ਾਨਾ ਲਾਉਂਦਿਆਂ ਅਨੁਰਾਗ ਨੇ ਕਿਹਾ ਕੇ ਦਿੱਲੀ ’ਚ ਇਕ ਵੀ ਸਿੱਖ ਜਾਂ ਪੰਜਾਬੀ ਮੰਤਰੀ ਨਹੀਂ ਤਾਂ ਪੰਜਾਬ 'ਚ ਉਹ ਕਿ ਕਰਨਗੇ?

    ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 3000 ਪੰਜਾਬੀ ਅਧਿਆਪਕ ਲਗਾਵਾਂਗੇ ਨਵੇਂ ਤਾਂ ਕਿ ਲਾਉਣੇ ਸੀ ਸਗੋਂ ਪੁਰਾਣੇ 850 ਕੱਢ ਦਿਤੇ।

    ਕਰਤਾਰਪੁਰ ਕੋਰੀਡੋਰ ਮਾਮਲੇ ’ਚ ਬੋਲਦਿਆਂ ਅਨੁਰਾਗ ਨੇ ਕਿਹਾ ਕਿ ਨਹਿਰੂ ਨੇ ਤਾਲੇ ਲਗਵਾਏ ਸੀ ਪਾਰ ਲਾਂਘਾ ਸਿਰਫ ਮੋਦੀ ਜੀ ਨੇ ਹੀ ਖੁਲਵਾਇਆ।

    84 ਦੇ ਦੰਗਿਆਂ 'ਚ ਹਜ਼ਾਰਾਂ ਸਿੱਖਾਂ ਦੀ ਮੌਤ ਦੇ ਲਈ ਕਿ ਕਦੇ ਰਾਹੁਲ,ਪ੍ਰਿਯੰਕਾ ਜਾ ਸੋਨੀਆ ਨੇ ਮਾਫੀ ਮੰਗੀ ਜਾ ਜਗਦੀਸ਼ ਟਾਈਟਲਰ ਜਾ ਸੱਜਣ ਕੁਮਾਰ ਨੂੰ ਜੇਲ ਭੇਜਣ ਦਾ ਕੰਮ ਕੀਤਾ ਉਹ ਸਿਰਫ ਮੋਦੀ ਸਰਕਾਰ ਨੇ ਕੀਤਾ ਹੈ।

  7. ਰਾਹੁਲ ਨੇ ਦੱਸਿਆ ਕੈਪਟਨ ਅਮਰਿੰਦਰ ਨੂੰ ਹਟਾਉਣ ਦਾ ਕਾਰਨ

    ਫਤਹਿਗੜ੍ਹ ਸਾਹਿਬ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਦੱਸਿਆ ਕਿ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਇਆ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਰਾਹੁਲ ਨੇ ਬਿਆਨ ਦਿੰਦਿਆਂ ਆਖਿਆ ਕੈਪਟਨ ਅਮਰਿੰਦਰ ਸਿੰਘ ਗ਼ਰੀਬਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਸਹਿਮਤ ਨਹੀਂ ਸਨ।

    ਰਾਹੁਲ ਨੇ ਆਖਿਆ ਕਿ ਕੈਪਟਨ ਮੁਤਾਬਕ ਉਨ੍ਹਾਂ ਦਾ ਪਾਵਰ ਸਪਲਾਈ ਕੰਪਨੀਆਂ ਨਾਲ ਸਮਝੌਤਾ ਸੀ।

    ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਅਤੇ ਚੰਨੀ ਹੀ ਹੁਣ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਹਨ।

  8. ਕਾਂਗਰਸ ਨੇ ਕੇਵਲ ਸਿੰਘ ਢਿੱਲੋਂ ਨੂੰ ਕੱਢਿਆ ਪਾਰਟੀ ਵਿੱਚੋਂ ਬਾਹਰ

    ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਕਾਂਗਰਸ ਨੇ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ।

    ਉਨ੍ਹਾਂ ਉਪਰ ਪਾਰਟੀ ਦੇ ਵਿਰੁੱਧ ਜਾ ਕੇ ਗਤੀਵਿਧੀਆਂ ਕਰਨ ਦੇ ਇਲਜ਼ਾਮ ਲਗਾਏ ਹਨ।

    2012-2017 ਦੌਰਾਨ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ 2019 ਵਿੱਚ ਭਗਵੰਤ ਮਾਨ ਹੱਥੋਂ ਲੋਕ ਸਭਾ ਚੋਣਾਂ ਹਾਰ ਗਏ ਸਨ।

    ਉਹ ਬਰਨਾਲਾ ਤੋਂ ਟਿਕਟ ਦੇ ਚਾਹਵਾਨ ਸਨ ਪਰ ਪਾਰਟੀ ਨੇ ਸੀਨੀਅਰ ਕਾਂਗਰਸੀ ਲੀਡਰ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਇੱਥੋਂ ਉਮੀਦਵਾਰ ਐਲਾਨਿਆ ਹੈ।

  9. ਲੁਧਿਆਣਾ ’ਚ ਕਾਂਗਰਸ ਉਮੀਦਵਾਰਾਂ ਦੇ ਹੱਕ ’ਚ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਰੋਡ ਸ਼ੋਅ

    ਬੀਬੀਸੀ ਪੰਜਾਬੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਮੁਤਾਬਕ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਅੱਜ ਲੁਧਿਆਣਾ ’ਚ ਕਾਂਗਰਸ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ ਕੀਤਾ ਗਿਆ।

    ਗੱਡੀਆਂ ਦੇ ਲੰਬੇ ਕਾਫਲੇ ਕਰਕੇ ਲੁਧਿਆਣਾ ਵਰਗੇ ਸਨਅਤੀ ਤੇ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਆਵਾਜਾਈ ਪੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਵਾਰ-ਵਾਰ ਜਾਮ ਲਗਦਾ ਰਿਹਾ।

    ਪ੍ਰਿਯੰਕਾ ਗਾਂਧੀ ਵਾਡਰਾ ਨਾਲ ਖੁੱਲ੍ਹੀ ਗੱਡੀ ’ਚ ਉਮੀਦਵਾਰ ਤੇ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾਰ, ਈਸ਼ਵਰਜੋਤ ਚੀਮਾ, ਸੁਰਿੰਦਰ ਡਾਬਰ ਤੋਂ ਇਲਾਵਾ ਹਰਿਆਣਾ ਨਾਲ ਸਬੰਧਤ ਕਾਂਗਰਸੀ ਆਗੂ ਦੀਪਇੰਦਰ ਹੁੱਡਾ ਵੀ ਸਵਾਰ ਸਨ।

    ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਰੋਡ ਸ਼ੋਅ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ’ਚ ਰਸਤੇ ’ਚ ਸ਼ਾਮਲ ਹੋਏ ਅਤੇ ਬਾਅਦ ’ਚ ਉਹ ਵੀ ਪ੍ਰਿਯੰਕਾ ਗਾਂਧੀ ਵਾਡਰਾ ਵਾਲੀ ਗੱਡੀ ’ਚ ਸਵਾਰ ਨਜ਼ਰ ਆਏ।

  10. ਰਾਜਨਾਥ ਸਿੰਘ ਨੇ ਸਿੱਧੂ ਤੇ ਚੰਨੀ ਬਾਰੇ ਇਹ ਕਿਹਾ

    ਬੀਬੀਸੀ ਪੰਜਾਬੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਮੁਤਾਬਕ ਮੋਗਾ ਪਹੁੰਚੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਾਂਗਰਸ ਤੇ ਚੰਨੀ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ।

    ਰਾਜਨਾਥ ਮੋਗਾ ’ਚ ਭਾਜਪਾ ਤੇ ਭਾਈਵਾਲ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਰੈਲੀ ਕਰਨ ਪਹੁੰਚੇ ਹੋਏ ਸਨ।

    ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੂਪੀ, ਬਿਹਾਰ ਅਤੇ ਦਿੱਲੀ ਦੇ ‘ਭਈਆਂ’ ਦੇ ਹੱਥ ’ਚ ਪੰਜਾਬ ਦੀ ਸੱਤਾ ਨਾ ਸੌਂਪਣ ਦੀ ਕੀਤੀ ਅਪੀਲ 'ਤੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਕਿ ਇਹ ਗੱਲ ਉਸ ਵੇਲੇ ਕੀਤੀ ਗਈ ਹੈ ਜਦੋਂ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਉਨ੍ਹਾਂ ਦੇ ਨਾਲ ਸੀ।

    ਉਨ੍ਹਾਂ ਨੇ ਕਿਹਾ ਕਿ ਪੰਜਾਬ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ ਜਿੱਥੋਂ ਉਨ੍ਹਾਂ ਨੇ ਸਰਬੱਤ ਦੇ ਭਲੇ ਦਾ ਉਪਦੇਸ਼ ਦਿੱਤਾ ਹੈ ਪਰ ਇਹ ਕਾਂਗਰਸੀ ਉਸ ਉਪਦੇਸ਼ ਦੇ ਉਲਟ ਵੰਡੋ ਅਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਚੱਲ ਰਹੇ ਹਨ।

    ਕਾਂਗਰਸ ਦੀ ਹਾਰ ਨੂੰ ਨਿਸ਼ਚਿਤ ਦੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ’ਚ ਦੋ ਬੱਲੇਬਾਜ਼ ਕਰੀਜ਼ ’ਤੇ ਹਨ ਅਤੇ ਦੋਵੇਂ ਇਕੋ ਸਮੇਂ ਬੈਟਿੰਗ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦਾ ਆਊਟ ਹੋਣਾ ਲਗਪਗ ਤੈਅ ਹੋ ਚੁੱਕਾ ਹੈ।

    ਆਮ ਆਦਮੀ ਪਾਰਟੀ ਨੂੰ ਕਰਡ਼ੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਦਿੱਲੀ ਨੂੰ ਤਾਂ ਚੰਗੀ ਤਰ੍ਹਾਂ ਸੰਭਾਲ ਨਹੀਂ ਸਕੇ ਪੰਜਾਬ ਨੂੰ ਕਿਵੇਂ ਸੰਭਾਲਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਇਹ ਬਦਲਾਅ ਦੇਵੇਗੀ।

  11. ਚਰਨਜੀਤ ਸਿੰਘ ਚੰਨੀ ਦੇ ਬਿਆਨ ਵਿੱਚ ਕੁਝ ਗ਼ਲਤ ਨਹੀਂ- ਪ੍ਰਿਯੰਕਾ ਗਾਂਧੀ ਵਾਡਰਾ

    ਚਰਨਜੀਤ ਸਿੰਘ ਚੰਨੀ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਬਾਰੇ ਵਿਵਾਦਤ ਬਿਆਨ ਉੱਪਰ ਕਾਂਗਰਸੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਿੱਪਣੀ ਕੀਤੀ ਹੈ।

    ਆਪਣੇ ਚੋਣ ਪ੍ਰਚਾਰ ਤੋਂ ਬਾਅਦ ਪੰਜਾਬ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਆਖਿਆ ਕਿ ਚਰਨਜੀਤ ਸਿੰਘ ਚੰਨੀ ਦਾ ਸਿੱਧੇ ਤੌਰ 'ਤੇ ਅਰਵਿੰਦ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਹ ਗੱਲ ਕਰ ਰਹੇ ਸਨ।

    ਪ੍ਰਿਯੰਕਾ ਗਾਂਧੀ ਨੇ ਆਖਿਆ," ਚਰਨਜੀਤ ਸਿੰਘ ਚੰਨੀ ਨੇ ਆਖਿਆ ਸੀ ਕਿ ਪੰਜਾਬ ਵਿੱਚ ਬਾਹਰ ਤੋਂ ਕਿਸੇ ਦਾ ਰਾਜ ਨਹੀਂ ਹੋਵੇਗਾ। ਇਸ ਵਿਚ ਕੀ ਗ਼ਲਤ ਹੈ?ਇਸ ਵਿੱਚ ਕੁਝ ਗਲਤ ਨਹੀਂ।"

    ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਉਪਰ ਨਿਸ਼ਾਨਾ ਸਾਧਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਦੋਹੇਂ ਪਾਰਟੀਆਂ ਮਿਲਜੁਲ ਕੇ ਕੰਮ ਕਰਦੀਆਂ ਹਨ।

  12. ਪ੍ਰਿਅੰਕਾ ਗਾਂਧੀ ਨੇ ਦੱਸਿਆ ਪੰਜਾਬੀਅਤ ਕੀ ਹੈ

    ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਪਠਾਨਕੋਟ ਵਿੱਚ ਜਨ ਸੰਪਰਕ ਰੈਲੀ ਕਰਨ ਪਹੁੰਚੇ।

    ਇਸ ਮੌਕੇ ਪ੍ਰਿਅੰਕਾ ਗਾਂਧੀ ਨੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਉੱਪਰ ਹਮਲਾ ਕੀਤਾ।

    ਉਨ੍ਹਾਂ ਨੇ ਕਿਹਾ, ਮੈਂ ਕੁਝ ਸਮੇਂ ਤੋਂ ਦੇਖ ਰਹੀ ਹਾਂ ਕਿ ਦੂਜੀਆਂ ਪਾਰਟੀਆਂ ਦੇ ਲੋਕ ਕੀ ਕੁਝ ਕਹਿ ਰਹੇ ਹਨ। ਜਦੋਂ ਮੈਂ ਦੇਖਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ। ਦੋਵੇਂ ਪੰਜਾਬੀਅਤ ਦੀ ਗੱਲ ਕਰ ਰਹੇ ਹਨ ਤਾਂ ਥੋੜ੍ਹੀ ਬਹੁਤ ਮੈਨੂੰ ਹਸੀ ਆਈ।

    ਉਨ੍ਹਾਂ ਨੇ ਕਿਹਾ, ''ਮੈਂ ਸੋਚਿਆ ਇਹ ਪੰਜਾਬੀਅਤ ਨੂੰ ਕਿਵੇਂ ਪੰਜਾਬੀਅਤ ਨੂੰ ਸਮਝਣ ਲਈ ਉਸ ਨੂੰ ਜਿਉਣਾ ਪੈਂਦਾ ਹੈ, ਪੰਜਾਬੀਅਤ ਇੱਕ ਜਜ਼ਬਾ ਹੈ।''

    ''ਪੰਜਾਬੀਅਤ ਕਿਸੇ ਅੱਗੇ ਝੁਕਦੀ ਨਹੀਂ, ਪੰਜਾਬੀਅਤ ਸਿਰਫ਼ ਮਾਲਕ ਦੇ ਸਾਹਮਣੇ ਝੁਕਦਾ ਹੈ ਪੰਜਾਬੀ।''

    ''ਅੱਜ ਜਿਹੜੀਆਂ ਪਾਰਟੀਆਂ ਜਿਨ੍ਹਾਂ ਦੇ ਆਗੂ ਤੁਹਾਡੇ ਸਾਹਮਣੇ ਆਕੇ ਪੰਜਾਬੀਅਤ ਦੀ ਗੱਲ ਕਰਦੇ ਹਨ, ਉਨ੍ਹਾਂ ਵਿੱਚੋਂ ਇੱਕ ਤਾਂ ਆਪਣੇ ਵੱਡੇ-ਵੱਡੇ ਉਦਯੋਗਪਤੀ ਮਿੱਤਰਾਂ ਦੇ ਸਾਹਮਣੇ ਝੁਕ ਚੁੱਕਿਆ ਹੈ।''

    ''ਦੂਜਾ, ਅਰਵਿੰਦ ਕੇਜਰੀਵਾਲ ਜੀ ਉਹ ਸਿਰਫ਼ ਸਿਆਸਤ, ਸੱਤਾ ਲਈ ਕਿਸੇ ਦੇ ਵੀ ਅੱਗੇ ਝੁਕ ਜਾਵੇਗਾ।''

  13. ਅਰਵਿੰਦ ਕੇਜਰੀਵਾਲ ਦਾ ਫ਼ਤਹਿਗੜ੍ਹ ਚੂੜੀਆਂ ਵਿੱਚ ਰੋਡਸ਼ੋਅ

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਰਦਾਸਪੁਰ ਦੇ ਫ਼ਤਹਿਗੜ੍ਹ ਚੂੜੀਆਂ ਵਿੱਚ ਰੋਡਸ਼ੋਅ ਕੀਤਾ।

  14. ਲੰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੀਆਂ ਤਸਵੀਰਾਂ

    ਲੰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਰੈਲੀ ਕੀਤੀ ਗਈ ਹੈ ਜਿਸ ਵਿਚ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ।

    ਉਨ੍ਹਾਂ ਨੇ ਅਕਾਲੀ ਬਸਪਾ ਗੱਠਜੋੜ ਨੂੰ ਬਹੁਮੱਤ ਦੇਣ ਦੀ ਅਪੀਲ ਕੀਤੀ ਅਤੇ ਵਿਰੋਧੀਆਂ ਦੇ ਨਿਸ਼ਾਨੇ ਸਾਧੇ।

    ਵੇਖੋ ਰੈਲੀ ਦੀਆਂ ਤਸਵੀਰਾਂ।

  15. ਪਰਵਾਸੀਆਂ ਬਾਰੇ ਮੇਰੇ ਬਿਆਨ ਨੂੰ ਤੋੜਿਆ ਮਰੋੜਿਆ ਗਿਆ-ਚਰਨਜੀਤ ਸਿੰਘ ਚੰਨੀ

    ਮੁੱਖ ਮੰਤਰੀ ਚਰਨਜੀਤ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਿਹਾਰ - ਉੱਤਰ ਪ੍ਰਦੇਸ਼ ਦੇ ਲੋਕਾਂ ਬਾਰੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

    “ਜਿੰਨੇ ਪਰਵਾਸੀ ਲੋਕ ਪੰਜਾਬ ਵਿੱਚ ਆਏ ਹਨ ਉਨ੍ਹਾਂ ਨੇ ਆਪਣਾ ਖੂਨ ਪਸੀਨਾ ਲਗਾ ਕੇ ਪੰਜਾਬ ਨੂੰ ਵਿਕਾਸ ਦੇ ਰਸਤ ਉੱਤੇ ਤੋਰਿਆ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਵਿਕਾਸ ਲਈ ਕੰਮ ਕੀਤਾ ਹੈ।”

    “ਸਾਡਾ ਪਰਵਾਸੀਆਂ ਨਾਲ ਨੌਂ-ਮਾਸ ਦਾ ਰਿਸ਼ਤਾ ਹੈ ਅਤੇ ਦਿਲ ਹੈ ਤੇ ਉਸ ਨੂੰ ਉਹ ਕੱਢ ਨਹੀਂ ਸਕਦਾ।”

    “ਪਰ ਕੁਝ ਲੋਕਾਂ ਨੇ ਮੇਰੇ ਬਿਆਨ ਨੂੰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਹੈ। ਜੋ ਕੇਜਰੀਵਾਲ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵਰਗੇ ਲੋਕ ਬਾਹਰ ਤੋਂ ਆ ਕੇ ਖਲਲ ਪਾਉਂਦੇ ਹਨ ਮੈਂ ਉਨ੍ਹਾਂ ਬਾਰੇ ਗੱਲ ਕੀਤੀ ਸੀ।”

    “ਜੋ ਲੋਕ ਪੰਜਾਬ ਵਿੱਚ ਯੂਪੀ-ਬਿਹਾਰ ਤੋਂ ਆ ਕੇ ਇੱਥੇ ਕੰਮ ਕਰਦੇ ਹਨ, ਪੰਜਾਬ ਓਨਾ ਹੀ ਉਨ੍ਹਾਂ ਦਾ ਵੀ ਹੈ ਜਿੰਨਾ ਸਾਡਾ ਹੈ। ਇਸ ਲਈ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਸਹੀ ਨਹੀਂ ਹੈ।”

    “ਅਸੀਂ ਵੀ ਕਈ ਦੇਸਾਂ ਵਿੱਚ ਪਰਵਾਸੀ ਹਾਂ। ਪੰਜਾਬੀ ਕਈ ਦੇਸਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ।”

    “ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਖੁਦ ਨੂੰ ਕੇਜਰੀਵਾਲ ਵਰਗੇ ਲੋਕਾਂ ਨਾਲ ਜੋੜ ਕੇ ਨਾ ਵੇਖੋ। ਉਹ ਕੇਵਲ ਪੰਜਾਬ ਵਿੱਚ ਅਰਾਜਕਤਾ ਫੈਲਾਉਣ ਆਏ ਹਨ ਤੇ ਪਰਵਾਸੀ ਪੰਜਾਬ ਵਿੱਚ ਵਿਕਾਸ ਕਰਨ ਆਉਂਦਾ ਹੈ।”

  16. ਯੂਪੀ ਵਿੱਚ ਅਮਿਤ ਸ਼ਾਹ ਦੇ ਚੋਣ ਵਾਅਦੇ

    ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਯੂਪੀ ਦੇ ਸ਼ਿਕੋਹਾਬਾਦ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨਾਲ ਚੋਣ ਵਾਅਦੇ ਵੀ ਕੀਤੇ। ਕੁਝ ਪ੍ਰਮੁੱਖ ਚੋਣ ਵਾਅਦੇ ਸਨ-

    • ਆਉਣ ਵਾਲੇ ਪੰਜ ਸਾਲਾਂ ਤੱਕ ਕਿਸੇ ਵੀ ਕਿਸਾਨ ਨੇ ਬਿਜਲੀ ਦਾ ਬਿਲ ਨਹੀਂ ਭਰਨਾ ਹੈ।
    • ਬਾਰ੍ਹਵੀਂ ਪਾਸ ਕਰਨ ਵਾਲੀ ਹਰ ਵਿਦਿਆਰਥਣ ਨੂੰ ਸਕੂਟੀ ਮਿਲੇਗੀ।
    • ਇੰਟਰ ਵਿੱਚ ਦਾਖ਼ਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਲੈਪਟਾਪ ਤੇ ਸਮਾਰਟਫ਼ੋਨ ਮਿਲੇਗਾ।
    • ਭਾਜਪਾ ਨੇ ਯੂਪੀ ਨੂੰ ਦੇਸ਼ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਇਆ ਜਾਵੇਗਾ।
  17. ਮਨੀਸ਼ ਤਿਵਾੜੀ ਨੇ ਕਾਂਗਰਸ ਛੱਡਣ ਦੇ ਸਵਾਲ 'ਤੇ ਕੀ ਕਿਹਾ

    ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਪਾਰਟੀ ਛੱਡਣ ਦੀਆਂ ਚਰਚਾਵਾਂ ਬਾਰੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕੀਤੀ।

    ਉਨ੍ਹਾਂ ਨੇ ਕਿਹਾ,’’ਅਸੀਂ ਕਾਂਗਰਸ ਵਿੱਚ ਕੋਈ ਕਿਰਾਏਦਾਰ ਥੋੜ੍ਹੇ ਹਾਂ। ਹਿੱਸੇਦਾਰ ਹਾਂ। ਜੇ ਕੋਈ ਧੱਕਾ ਦੇਕੇ ਕੱਢੇਗਾ ਤਾਂ ਹੋਰ ਗੱਲ ਹੈ ਪਰ ਜਿੱਥੇ ਤੱਕ ਸਾਡਾ ਸਵਾਲ ਹੈ ਆਪਣੀ ਜ਼ਿੰਦਗੀ ਦੇ 40 ਸਾਲ ਇਸ ਪਾਰਟੀ ਨੂੰ ਦਿੱਤੇ ਹਨ।”

    “ਸਾਡੇ ਪਰਿਵਾਰ ਨੇ ਇਸ ਦੇਸ ਦੀ ਏਕਤਾ ਤੇ ਅਖੰਡਤਾ ਲਈ ਖੂਨ ਬਹਾਇਆ ਹੈ। ਅਸੀਂ ਇੱਕ ਵਿਚਾਰਧਾਰਕ ਸਿਆਸਤ ਵਿੱਚ ਅਕੀਦਾ ਰੱਖਦੇ ਹਾਂ। ਪਰ ਜੇ ਕੋਈ ਧੱਕੇ ਦੇ ਕੇ ਕੱਢਣਾ ਚਾਹੇ ਤਾਂ ਦੂਜੀ ਗੱਲ ਹੈ।‘’

  18. ਆਮ ਆਦਮੀ ਪਾਰਟੀ 'ਤੇ ਮੋਦੀ ਦਾ ਤੰਜ- 'ਇਹ ਲੋਕ ਪੰਜਾਬ ਨੂੰ ਤੋੜਨ ਦਾ ਸੁਪਨਾ ਪਾਲੇ਼ ਹੋਏ ਹਨ'

    ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਹੋਏ ਪੀਐੱਮ ਨੇ ਕਿਹਾ, ''ਸਿੱਖਾਂ ਨੂੰ ਝੂਠ ਬੋਲਣ ਵਾਲੇ ਇਨ੍ਹਾਂ ਲੋਕਾਂ ਨੇ ਦਿੱਲੀ 'ਚ ਇੱਕ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਹੈ।''

    ''ਇੰਨਾ ਹੀ ਨਹੀਂ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰਦੇ ਹਨ ਪਰ ਦਿੱਲੀ ਚ ਹਰੇਕ ਸਕੂਲ-ਕਾਲਜ ਦੇ ਨੇੜੇ ਠੇਕੇ ਖੋਲ ਕੇ ਬੈਠ ਗਏ ਸਨ।''

    ''ਦਿੱਲੀ 'ਚ ਪ੍ਰਦੂਸ਼ਣ ਵਧਦਾ ਹੈ ਤਾਂ ਇਹ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਗਾਲ਼ਾਂ ਦਿੰਦੇ ਹਨ। ਅਤੇ ਇਥੇ ਆ ਕੇ ਕਿਸਾਨਾਂ ਨੂੰ ਗਲ਼ ਨਾਲ ਲਾਓ, ਇਹ ਕਿਸੇ ਦੇ ਗਲ਼ੇ ਉਤਰੇਗਾ ਕੀ?''

    ਮੋਦੀ ਨੇ ਕਿਹਾ, ''ਇਨ੍ਹਾਂ ਦੇ ਇਰਾਦੇ ਕਿਤੇ ਜ਼ਿਆਦਾ ਖਤਰਨਾਕ ਹਨ। ਤੁਸੀਂ ਸੁਣਿਆ ਹੋਵੇਗਾ, ਕੱਲ੍ਹ ਇਨ੍ਹਾਂ ਦੇ ਇੱਕ ਪੁਰਾਣੇ ਸਾਥੀ, ਜੋ ਕਿ ਇੱਕ ਕਵੀ ਹਨ, ਨੇ ਇਨ੍ਹਾਂ ਦੇ ਚਰਿੱਤਰ ਦਾ ਜੋ ਵਰਣਨ ਕੀਤਾ ਹੈ, ਉਸਨੂੰ ਹਰ ਮਤਦਾਤਾ, ਦੇਸ਼ਵਾਸੀ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।''

    ਮੋਦੀ ਨੇ ਕਿਹਾ ''ਇਹ ਲੋਕ ਪੰਜਾਬ ਨੂੰ ਤੋੜਨ ਦਾ ਸੁਪਨਾ ਪਾਲੇ਼ ਹੋਏ ਹਨ ਅਤੇ ਸੱਤਾ ਲਈ ਅਲਗਾਵਵਾਦੀਆਂ ਨਾਲ ਵੀ ਹੱਥ ਮਿਲਾਉਣ ਲਈ ਤਿਆਰ ਹਨ।''

  19. ਮੈਂ ਤਾਂ ਚਾਹੁੰਦਾ ਹਾਂ ਦਲ ਬਦਲੀਆਂ ਖ਼ਿਲਾਫ਼ ਬਣੇ ਦਿੱਲੀ ਵਿੱਚ ਕਾਨੂੰਨ - ਪ੍ਰਕਾਸ਼ ਸਿੰਘ ਬਾਦਲ

    ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਵਿਖੇ ਚੋਣ ਪ੍ਰਚਾਰ ਕੀਤਾ।

    ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸ ਦੇ ਹਵਾਲੇ ਦਿੰਦੇ ਹੋਏ ਆਖਿਆ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਨੂੰ ਧੋਖਾ ਦਿੱਤਾ ਹੈ।

    ਉਨ੍ਹਾਂ ਨੇ ਪੰਜਾਬ ਦੇ ਪਾਣੀਆਂ,ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦੇਸ਼ ਦੇ ਮੁੱਦਿਆਂ ਦਾ ਜ਼ਿਕਰ ਕੀਤਾ।

    ਆਮ ਆਦਮੀ ਪਾਰਟੀ ਦੇ ਪਾਰਟੀ ਦੇ ਉਮੀਦਵਾਰ ਅਤੇ ਆਪਣੇ ਵਿਰੋਧੀ ਬਾਰੇ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਦੇ ਪਿਤਾ ਅਕਾਲੀ ਰਹੇ ਹਨ। ਫਿਰ ਉਹ ਕਾਂਗਰਸ ਚ' ਚਲੇ ਗਏ ਤੇ ਅੱਜ ਇਹ ਆਪ ਵਿੱਚ ਹਨ।

    ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਦਲ ਬਦਲੀ ਦਾ ਰਿਵਾਜ ਬਹੁਤ ਮਾੜਾ ਹੈ। "ਮੈਂ ਤਾਂ ਚਾਹੁੰਦਾ ਹਾਂ ਕਿ ਦਲ ਬਦਲੀ ਦੇ ਖਿਲਾਫ਼ ਨੇ ਦਿੱਲੀ ਵਿੱਚ ਕਾਨੂੰਨ ਬਣੇ।"

    ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ," ਇਹ ਚੋਣਾਂ ਮੇਰੀਆਂ ਨਹੀਂ,ਤੁਹਾਡੀ ਇੱਜ਼ਤ ਦੀਆਂ ਚੋਣਾਂ ਹਨ।"

  20. ਚੰਨੀ ਦੇ ਉੱਤਰ ਪ੍ਰਦੇਸ਼, ਬਿਹਾਰ ਦੇ ਬਿਆਨ 'ਤੇ ਮੋਦੀ ਦੇ ਨਿਸ਼ਾਨੇ

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤਰ ਪ੍ਰਦੇਸ਼, ਬਿਹਾਰ ਦੇ ਲੋਕਾਂ ਬਾਰੇ ਬਿਆਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਖੇਧੀ ਕੀਤੀ।

    ਅਬੋਹਰ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ ਸੰਤ ਰਵਿਦਾਸ ਜੀ ਦਾ ਜਨਮ ਉੱਤਰ ਪ੍ਰਦੇਸ਼ ਦੇ ਕਾਸ਼ੀ ਵਿੱਚ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਗੁਰੂ ਗੋਬਿੰਦ ਸਿੰਘ ਦਾ ਜਨਮ ਬਿਹਾਰ ਦੇ ਪਟਨਾ ਵਿਖੇ ਹੋਇਆ।

    ਮੋਦੀ ਨੇ ਆਖਿਆ ਕਿ ਚੰਨੀ ਦੇ ਬਿਆਨ ਉੱਪਰ ਦਿੱਲੀ ਦੇ ਪਰਿਵਾਰ ਦੇ ਮਾਲਕ ਉਨ੍ਹਾਂ ਦੇ ਕੋਲ ਖੜ੍ਹੇ ਹੋ ਕੇ ਤਾੜੀਆਂ ਵਜਾ ਰਹੇ ਸਨ।

    ਮੋਦੀ ਨੇ ਕਿਹਾ, "ਕੀ ਤੁਸੀਂ ਸੰਤ ਰਵੀਦਾਸ ਨੂੰ ਕੱਢ ਦੇਵੋਗੇ? ਗੁਰੂ ਗੋਬਿੰਦ ਸਿੰਘ ਦਾ ਜਨਮ ਕਿੱਥੇ ਹੋਇਆ ਸੀ? ਤੁਸੀਂ ਬਿਹਾਰ ਦੇ ਲੋਕਾਂ ਨੂੰ ਵੜਨ ਨਹੀਂ ਦਵੋਗੇ। ਕੀ ਗੁਰੂ ਜੀ ਦਾ ਵੀ ਅਪਮਾਨ ਕਰੋਗੇ?"

    ਆਮ ਆਦਮੀ ਪਾਰਟੀ ਉੱਪਰ ਵੀ ਨਿਸ਼ਾਨੇ ਸਾਧਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਇੱਕ ਵੀ ਸਿੱਖ ਨੂੰ ਦਿੱਲੀ ਸਰਕਾਰ ਵਿੱਚ ਮੰਤਰੀ ਨਹੀਂ ਬਣਾਇਆ ਗਿਆ ਹੈ।

    ਕੁਮਾਰ ਵਿਸ਼ਵਾਸ ਦੇ ਬਿਆਨ ਉਪਰ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਨ੍ਹਾਂ ਦਾ ਆਰੋਪ ਬਹੁਤ ਖ਼ਤਰਨਾਕ ਹੈ।

    ਬਿਨਾਂ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਪ੍ਰਧਾਨ ਮੰਤਰੀ ਨੇ ਆਖਿਆ ਕਿ ਹਰ ਦੇਸ਼ਵਾਸੀ ਨੇ ਇਸਨੂੰ ਗੰਭੀਰਤਾ ਨਾਲ ਲਿਆ ਹੈ। ਇਹ ਲੋਕ ਸੱਤਾ ਲਈ ਵੱਖਵਾਦੀਆਂ ਨਾਲ ਵੀ ਹੱਥ ਮਿਲਾ ਸਕਦੇ ਹਨ।