You’re viewing a text-only version of this website that uses less data. View the main version of the website including all images and videos.

Take me to the main website

ਚੋਣ ਕਮਿਸ਼ਨ ਨੇ ਚੋਣ ਪ੍ਰਚਾਰ ਦੀਆਂ ਪਾਬੰਦੀਆਂ 'ਚ ਦਿੱਤੀ ਢਿੱਲ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧਨਵਾਦ।

  2. ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੀਆਂ ਪਾਬੰਦੀਆਂ 'ਚ ਦਿੱਤੀ ਗਈ ਢਿੱਲ
    • ਹਰਿਆਣਾ ਦੇ ਕੈਥਲ ਵਿੱਚ ਰਾਕੇਸ਼ ਟਿਕੈਤ ਦੀ ਮਹਾਪੰਚਾਇਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚੇ
    • ਕਾਂਗਰਸ ਐੱਮਪੀ ਰਵਨੀਤ ਬਿੱਟੂ ਨੇ ਕਿਹਾ, ‘ਪੀਐੱਮ ਨੂੰ ਸੜਕ ਰਾਹੀਂ ਆਉਣ 'ਤੇ ਅਜੇ ਵੀ ਦਿੱਕਤਾਂ ਆ ਸਕਦੀਆਂ ਹਨ’'
    • ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਜਾਂ ਅੰਦਰੂਨੀ ਸੁਰੱਖਿਆ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ
    • ਕਿਸਾਨਾਂ ਦੇ ਵਿਰੋਧ ਕਾਰਨ 'ਟਕਰਾਅ ਤੋਂ ਬਚਣ ਲਈ' ਭਾਜਪਾ ਨੇ ਰੱਦ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ
    • ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ
  3. ਔਰਤਾਂ ਨੂੰ 1000-2000 ਰੁਪਏ ਦੇ ਸਿਆਸੀ ਵਾਅਦਿਆਂ ਬਾਰੇ ਪੰਜਾਬਣਾਂ ਕੀ ਕਹਿੰਦੀਆਂ

    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਨੂੰ ਮੁੱਖ ਰੱਖ ਕੇ ਕਈ ਵਾਅਦੇ ਕੀਤੇ ਜਾ ਰਹੇ ਹਨ।

    ਹਾਲਾਂਕਿ ਪੰਜਾਬ ਦੀਆਂ ਔਰਤਾਂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਇਨ੍ਹਾਂ ਦਾਅਵਿਆਂ ਅਤੇ ਵਾਅਦਿਆਂ ਤੋਂ ਜ਼ਿਆਦਾ ਖੁਸ਼ ਨਜ਼ਰ ਨਹੀਂ ਆਈਆਂ।

    ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨਪ੍ਰੀਤ ਦੀ ਰਿਪੋਰਟ

  4. ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੀਆਂ ਪਾਬੰਦੀਆਂ 'ਚ ਢਿੱਲ

    ਕੋਵਿਡ-19 ਦੇ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ 'ਤੇ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਕਮਿਸ਼ਨ ਨੇ ਥੋੜ੍ਹੀ ਢਿੱਲ ਦਿੱਤੀ ਹੈ।

    ਇਸ ਦੇ ਤਹਿਤ ਹੁਣ ਉਮੀਦਵਾਰ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਕਰ ਸਕਦੇ ਹਨ।

    ਸਿਆਸੀ ਦਲ ਅਤੇ ਉਮੀਦਾਵਰ ਖੁੱਲੀ ਥਾਂ ਦੀ 50 ਫੀਸਦ ਸਮਰੱਥਾ ਤੱਕ ਇਕੱਠ ਕਰ ਸਕਦੇ ਹਨ।

    ਇਸ ਤੋਂ ਇਲਾਵਾ ਪੈਦਲ ਯਾਤਰਾ 'ਚ ਐੱਸਡੀਐੱਮਏ ਦੀਆਂ ਸੀਮਾਵਾਂ ਮੁਤਾਬਤ ਮਨਜ਼ੂਰੀਸ਼ੁਦਾ ਗਿਣਤੀ ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ।

  5. ਰਾਕੇਸ਼ ਟਿਕੈਤ ਦੀ ਕੈਥਲ 'ਚ ਮਹਾਪੰਚਾਇਤ

    ਹਰਿਆਣਾ ਦੇ ਕੈਥਲ ਵਿੱਚ ਰਾਕੇਸ਼ ਟਿਕੈਤ ਦੀ ਮਹਾਪੰਚਾਇਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚੇ।

    ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਥੋਂ ਦੀ ਸਰਕਾਰ ਯਾਦ ਰੱਖੇ ਕਿ ਹਰਿਆਣਾ ਵਿੱਚ ਬੁਢਾਪਾ ਪੈਨਸ਼ਨ ਕੱਟੇ ਜਾਣ 'ਤੇ ਹੁਣ ਵੱਡਾ ਅੰਦੋਲਨ ਵੀ ਹੋਵੇਗਾ।

    ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਹੀ ਬਦਲ ਹੋਵੇਗਾ ਅਤੇ ਅਸੀਂ ਨੌਜਵਾਨਾਂ ਨੂੰ ਅੱਗੇ ਕਰਾਂਗੇ ਤੇ ਉਨ੍ਹਾਂ ਦਾ ਸਾਥ ਦੇਵਾਗੇ।

    ਰਾਕੇਸ਼ ਟਿਕੈਤ ਨੇ ਇਹ ਕਿਹਾ ਕਿ ਉਹ ਸਿਆਸਤ ਵਿੱਚ ਨਹੀਂ ਜਾਣਗੇ, ਪਰ ਪੂਰੇ ਦੇਸ਼ ਵਿੱਚ ਪ੍ਰਚਾਰ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਨਗੇ।

    ਟਿਕੈਤ ਨੇ ਕਿਹਾ, "ਜੋ ਕਿਸਾਨ ਨੇਤਾ ਚੋਣ ਲੜ ਰਹੇ ਹਨ ਉਹ 4 ਮਹੀਨੇ ਦੀ ਛੁੱਟੀ 'ਤੇ ਹਨ, ਉਹ ਸੰਯੁਕਤ ਮੋਰਚਾ ਵਿੱਚ ਹੁਣ ਨਹੀਂ ਹਨ।"

  6. ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ 'ਤੇ ਕੇਜਰੀਵਾਲ ਕੀ ਬੋਲੇ

    ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਕਿਹਾ ਕਿ ਪੰਜਾਬ ਇੱਕ (ਅੰਤਰਰਾਸ਼ਟਰੀ) ਸਰਹੱਦੀ ਸੂਬਾ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਜਾਂ ਅੰਦਰੂਨੀ ਸੁਰੱਖਿਆ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ।

  7. ਉਦਯੋਗਪਤੀ ਅਤੇ ਪਦਮ ਭੂਸ਼ਣ ਰਾਹੁਲ ਬਜਾਜ ਦਾ ਦੇਹਾਂਤ

    ਦਿੱਗਜ ਉਦਯੋਗਪਤੀ ਅਤੇ ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

    ਚੇਤਕ, ਪ੍ਰਿਆ, ਕਾਵਾਸਾਕੀ ਦੇਣ ਦੇ ਨਾਲ ਮੌਜੂਦਾ ਬਜਾਜ ਦਾ ਜੋ ਰੂਪ ਨਜ਼ਰ ਆ ਰਿਹਾ ਹੈ, ਉਸ ਨੂੰ ਸਥਾਪਿਤ ਕਰਨ ਵਿੱਚ ਰਾਹੁਲ ਬਜਾਜ ਨੇ ਅਹਿਮ ਭੂਮਿਕਾ ਨਿਭਾਈ ਹੈ।

    ਜੂਨ 1938 ਵਿੱਚ ਜਨਮੇਂ ਰਾਹੁਲ ਬਜਾਜ ਭਾਰਤ ਦੇ ਉਨ੍ਹਾਂ ਚੋਣਵੇਂ ਉਦਯੋਗਪਤੀ ਘਰਾਨਿਆਂ ਵਿੱਚੋਂ ਇੱਕ ਪਰਿਵਾਰ ਤੋਂ ਹਨ, ਜਿਨ੍ਹਾਂ ਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਕਾਫੀ ਨੇੜਤਾ ਰਹੀ ਹੈ।

    ਦਿੱਲੀ ਯੂਨੀਵਰਸਿਟੀ ਦੇ ਸੈਂਟ ਸਟੀਫਨ ਕਾਲਜ ਤੋਂ ਇਕੋਨਾਮਿਕ ਆਨਰਸ ਕਰਨ ਤੋਂ ਬਾਅਦ ਰਾਹੁਲ ਬਜਾਜ ਨੇ ਕਰੀਬ ਤਿੰਨ ਸਾਲ ਤੱਕ ਬਜਾਜ ਇਲੈਕਟ੍ਰੀਕਲਸ ਕੰਪਨੀ ਵਿੱਚ ਟ੍ਰੇਨਿੰਗ ਕੀਤੀ।

    ਇਸੇ ਦੌਰਾਨ ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਤੋਂ ਵਕਾਲਤ ਦੀ ਪੜ੍ਹਾਈ ਵੀ ਕੀਤੀ ਸੀ।

  8. ਕਿਸਾਨਾਂ ਦੇ ਵਿਰੋਧ ਕਾਰਨ 'ਟਕਰਾਅ ਤੋਂ ਬਚਣ ਲਈ' ਭਾਜਪਾ ਨੇ ਰੱਦ ਕੀਤੀ ਖੱਟਰ ਦੀ ਰੈਲੀ

    ਬੀਬੀਸੀ ਸਹਿਯੋਗੀ ਜਸਬੀਰ ਸ਼ੇਤਰਾ ਦੀ ਰਿਪੋਰਟ ਮੁਤਾਬਕ ਜਗਰਾਓਂ ਦੇ ਕਸਬਾ ਹਠੂਰ ਵਿੱਚ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਦੇ ਹੱਕ ’ਚ ਰੱਖੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਖੜ੍ਹੇ ਪੈਰ ਰੱਦ ਕਰ ਦਿੱਤੀ ਗਈ ਹੈ।

    ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਖੱਟਰ ਦਾ ਵਿਰੋਧ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਟਕਰਾਅ ਤੋਂ ਬਚਣ ਲਈ ਇਹ ਰੈਲੀ ਰੱਦ ਕੀਤੀ ਗਈ ਹੈ।

    ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂਨੇ ਖੱਟਰ ਦੀ ਰੈਲੀ ਦੀ ਸੂਚਨਾ ਮਿਲਣ ਸਾਰ ਹੀ ਪਿੰਡਾਂ ’ਚ ਲਾਮਬੰਦੀ ਸ਼ੁਰੂ ਕਰ ਦਿੱਤੀ ਸੀ ਅਤੇ ਐਲਾਨ ਕੀਤਾ ਸੀ ਕਿ ਕਿਸਾਨ ਵੱਡੀ ਗਿਣਤੀ ’ਚ ਰੈਲੀ ਵਾਲੀ ਥਾਂ ਪਹੁੰਚ ਕੇ ਵਿਰੋਧ ਕਰਨਗੇ।

  9. ਭਾਜਪਾ ਗਠਜੋੜ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਦੀਆਂ ਮੁੱਖ ਗੱਲਾਂ

    ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ।

    ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਨੇ ਦੱਸਿਆਂ ਮੁੱਖ ਗੱਲਾਂ:-

    • ਬੇਅਦਬੀ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਤੇ ਬੇਅਦਬੀ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਲਈ ਵਿਸ਼ੇਸ਼ ਟਾਸਕ ਫੋਰਸ ਅਤੇ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ।
    • ਬੇਅਦਬੀ ਖ਼ਿਲਾਫ਼ ਬਣੇ ਕਾਨੂੰਨ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ
    • ਨਸ਼ਿਆਂ ਦੀ ਰੋਕਥਾਮ ਲਈ ਟੋਲ-ਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ, ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀ ਸ਼ਿਕਾਇਤ ਕਰਨ 'ਤੇ ਨਗਦ ਇਨਾਮ ਦਿੱਤਾ ਜਾਵੇਗਾ
    • ਸੂਬੇ ਦੇ ਸਰਕਾਰੀ ਵਿਭਾਗਾਂ ਵਿੱਚ ਸਾਰੀਆਂ ਖਾਲੀ ਅਸਾਮੀਆਂ ਸਰਕਾਰ ਬਣਨ ਦੇ ਇੱਕ ਸਾਲ 'ਚ ਭਰੀਆ ਜਾਣਗੀਆਂ
    • ਪੰਜਾਬ ਦੇ ਬੇਰੁਜ਼ਗਾਰ ਗ੍ਰੇਜੂਏਟਾਂ ਨੂੰ ਡਿਗਰੀ ਪੂਰੀ ਹੋਣ ਤੋਂ ਬਾਅਦ 2 ਸਾਲਾਂ ਤੱਕ 4000 ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ
    • ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦਾ ਖੇਤੀ ਕਰਜ਼ਾ ਮਾਫ਼ ਕੀਤਾ ਜਾਵੇਗਾ
    • ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਐੱਮਐੱਸਪੀ ਵਿਵਸਥਾ ਦਾ ਵਿਸਥਾਰ ਕਰਦੇ ਹੋਏ, ਫ਼ਲਾਂ, ਸਬਜ਼ੀਆਂ, ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਇਆ ਜਾਵੇਗਾ
    • ਮਾਫੀਆ ਰਾਜ ਨੂੰ ਖ਼ਤਮ ਕਰਨ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਤਰਜ ‘ਤੇ ਨਵੀਨਤਮ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ
    • ਬਜ਼ਰੁਗਾਂ, ਦਿਵਿਆਂਗਾਂ ਅਤੇ ਵਿਧਵਾਵਾਂ ਲਈ ਪੈਨਸ਼ਨ ਦੀ ਰਕਮ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ
    • ਸਾਰਿਆਂ ਨੂੰ 300 ਯੂਨਿਟ ਤੱਕ ਦੀ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ 3 ਰੁਪਏ ਪ੍ਰਤੀ ਯੂਨਿਟ ਬਿਜਲੀ ਵਸੂਲੀ ਜਾਵੇਗੀ
    • ਪੁਲਿਸ ਵਿੱਚ ਔਰਤਾਂ ਲਈ 33 ਫੀਸਦ ਰਾਖਵਾਂਕਰਨ ਦਿੱਤਾ ਜਾਵੇਗਾ, ਔਰਤਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਵਿਸ਼ੇਸ਼ ਮਹਿਲਾ ਥਾਣਿਆਂ ਅਤੇ ਮਹਿਲਾ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗਾ
    • ਸੂਬੇ ਵਿੱਚ ਉੱਤਮ ਦਰਜੇ ਦੇ ਸਮਾਰਟ ਸਕੂਲ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਆਧੁਨਿਕ ਕਲਾਰੂਮ, ਕੰਪਿਊਟਰ ਪ੍ਰਯੋਗਸ਼ਾਲਾਵਾਂ ਅਤੇ ਖੇਡ ਮੈਦਾਨ ਹੋਣਗੇ
    • ਕੋਵਿਡ ਦੌਰਾਨ ਹੋਏ ਸੂਬੇ ਦੇ ਨੁਕਸਾਨ ਤੇ ਇੱਕ ਵ੍ਹਾਈਟ ਪੇਪਰ ਲਿਆਂਦਾ ਜਾਵੇਗਾ ਅਤੇ ਪ੍ਰਭਾਵਿਤ ਉਦਯੋਗਾਂ ਨੂੰ ਇੱਕ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇਗਾ
  10. ਕੇਜਰੀਵਾਲ ਨੇ ਅੰਬੇਡਕਰ ਦੇ ਜੀਵਨ 'ਤੇ ਵੱਡੇ ਪੱਧਰ ਦਾ ਨਾਟਕ ਕਰਨ ਦਾ ਐਲਾਨ ਕੀਤਾ

    ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਾ. ਬੀਆਰ ਅੰਬੇਡਕਰ ਦੇ ਜੀਵਨ 'ਤੇ ਨਾਟਕ ਕਰਨ ਦਾ ਐਲਾਨ ਕੀਤਾ ਹੈ।

    ਉਨ੍ਹਾਂ ਕਿਹਾ, ''ਬਾਬਾ ਸਾਹਿਬ ਅੰਬੇਡਕਰ ਸਾਡੇ ਦੇਸ਼ ਦੇ ਸਭ ਤੋਂ ਮਹਾਨ ਆਗੂਆਂ 'ਚੋਂ ਇੱਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਜੀਵਨ 'ਚ ਬਹੁਤ ਸੰਘਰਸ਼ ਕੀਤਾ। ਪੂਰੀ ਦੁਨੀਆ 'ਚ ਉਨ੍ਹਾਂ ਦੇ ਕਰੋੜਾਂ ਭਗਤ ਤੇ ਫੌਲੋਅਰ ਹਨ। ਉਨ੍ਹਾਂ ਕਰੋੜਾਂ 'ਚੋਂ ਇੱਕ ਮੈਂ ਵੀ ਹਾਂ। ਮੈਂ ਉਨ੍ਹਾਂ ਦੀ ਪੂਜਾ ਕਰਦਾ ਹਾਂ।''

    ਉਨ੍ਹਾਂ ਕਿਹਾ, ''ਮੈਂ ਇਹ ਖੁਸ਼ਖਬਰੀ ਦੇਣ ਆਇਆ ਹਾਂ ਕਿ ਇਹ ਨਾਟਕ 25 ਫਰਵਰੀ ਤੋਂ 12 ਮਾਰਚ ਤੱਕ ਹਰ ਰੋਜ਼ ਜਵਾਹਰ ਲਾਲ ਸਟੇਡੀਅਮ 'ਚ ਕੀਤਾ ਜਾਵੇਗਾ। ਰੋਜ਼ਾਨਾ 2 ਸ਼ੋਅ ਹੋਣਗੇ। ਸੀਟਾਂ ਸੀਮਿਤ ਹਨ, ਇਸ ਲਈ ਪਹਿਲਾਂ ਬੁਕਿੰਗ ਕਰਨੀ ਹੋਵੇਗੀ।''

  11. ਜੇ ਪੀ ਨੱਡਾ ਨੇ ਭਾਜਪਾ ਦੇ ਇਹ ਕੰਮ ਗਿਣਵਾਏ

    ਬਲਾਚੌਰ 'ਚ ਆਪਣੇ ਸੰਬੋਧਨ ਦੌਰਾਨ ਜੇ ਪੀ ਨੱਡਾ ਨੇ ਪੰਜਾਬ 'ਚ ਐੱਮਐੱਸਪੀ ਬਾਰੇ ਗੱਲ ਕੀਤੀ।

    ਉਨ੍ਹਾਂ ਕਿਹਾ, ''ਐੱਮਐੱਸਪੀ ਦੀ ਗੱਲ ਕਰਾਂ ਤਾਂ 5 ਸਾਲ ਚ ਲਗਭਗ 132 ਲੱਖ 80 ਹਜ਼ਾਰ ਮੈਟਰਿਕ ਟਨ ਅਤੇ 23 ਹਜ਼ਾਰ ਕਰੋੜ ਰੁਪਏ ਐੱਮਐੱਸਪੀ ਦੇਣ ਦਾ ਕੰਮ ਪੰਜਾਬ 'ਚ ਕੀਤਾ ਗਿਆ ਹੈ।''

    ਇਸ ਦੇ ਨਾਮ ਹੀ ਡਰੱਗ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ, ਡਰੱਗ ਪੰਜਾਬ ਨੂੰ ਦੀਮਕ ਵਾਂਗ ਖਾ ਰਿਹਾ ਹੈ ਅਤੇ ਮੋਦੀ ਦੀ ਅਗਵਾਈ 'ਚ ਪੰਜਾਬ ਡਰੱਗਜ਼ ਮੁਕਤ ਹੋਵੇਗਾ।

  12. 'ਪੰਜਾਬ ਦੇ ਲੋਕ ਭਾਰੀ ਵੋਟਾਂ ਨਾਲ ਭਾਜਪਾ ਨੂੰ ਜਿਤਾਉਣਗੇ'- ਜੇ ਪੀ ਨੱਡਾ

    ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਪੰਜਾਬ ਦੇ ਬਲਾਚੌਰ 'ਚ ਸੰਬੋਧਨ ਕਰਦਿਆਂ ਕਿਹਾ, ਪੰਜਾਬ 'ਚ ਭਾਰਤੀ ਜਨਤਾ ਪਾਰਟੀ ਲਈ ਲੋਕਾਂ ਦਾ ਰੁਝਾਨ ਹੈ ਅਤੇ ਲੋਕ ਭਾਰੀ ਵੋਟਾਂ ਨਾਲ ਭਾਜਪਾ ਨੂੰ ਜਿਤਾਉਣਗੇ।

    ਉਨ੍ਹਾਂ ਕਿਹਾ ਕਿ ''ਪਹਿਲਾਂ ਗੁਰੂਦੁਆਰਿਆਂ, ਡੇਰਿਆਂ 'ਚ ਪਹੁੰਚਣ ਵਾਲੇ ਲੰਗਰ ਦੇ ਸਮਾਨ 'ਤੇ ਟੈਕਸ ਲੱਗਦਾ ਸੀ, ਉਸ ਪੀਐੱਮ ਮੋਦੀ ਨੇ ਮੁਆਫ ਕਰ ਦਿੱਤਾ।''

    ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ''ਮੋਦੀ ਨੇ 120 ਕਰੋੜ ਰੁਪਏ ਖਰਚ ਕਰਕੇ, ਪਾਕਿਸਤਾਨ ਨਾਲ ਗੱਲ ਕਰਕੇ ਕਰਤਾਰਪੁਰ ਲਾਂਘਾ ਬਣਾ ਕੇ ਲੱਖਾਂ ਸ਼ਰਧਾਲੂਆਂ ਦੇ ਗੁਰੂਦੁਆਰੇ ਤੱਕ ਜਾਣ ਦੀ ਵਿਵਸਥਾ ਕੀਤੀ।''

    ਕਾਂਗਰਸ 'ਤੇ ਨਿਸ਼ਾਨਾ ਸਾਧੜਿਆਂ ਉਨ੍ਹਾਂ ਕਿਹਾ, ''1984 'ਚ ਦਿੱਲੀ ਦੰਗੇ ਹੋਏ, ਦੇਸ਼ ਭਰ 'ਚ ਦੰਗੇ ਹੋਏ। ਇਹੀ ਕਾਂਗਰਸ ਪਾਰਟੀ ਸੀ, ਜਿਸਦੇ ਆਗੂ ਕਹਿੰਦੇ ਹਨ ਕਿ 'ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ।''

  13. ਰਵਨੀਤ ਬਿੱਟੂ ਤੇ ਭਾਜਪਾ ਦਾ ਨਿਸ਼ਾਨਾ, ‘ਪੀਐੱਮ ਮੋਦੀ ਬਾਰੇ ਬਿੱਟੂ ਦਾ ਬਿਆਨ ਨਿੰਦਣਯੋਗ’

    ਭਾਜਪਾ ਦੇ ਆਗੂ ਤਰੁਣ ਚੁੱਘ ਨੇ ਰਵਨੀਤ ਬਿੱਟੂ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਬਿਆਨ ਕਾਂਗਰਸ ਦੀ ਘਟੀਆ ਰਾਜਨੀਤੀ ਅਤੇ ਚੰਨੀ ਸਰਕਾਰ ਦੀ ਸਾਜ਼ਿਸ਼ ਦਾ ਸਬੂਤ ਹੈ।

    ਉਨ੍ਹਾਂ ਕਿਹਾ, ਤੁਸੀਂ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਦੀਆਂ ਤੋਪਾਂ ਦੀ ਰੇਂਜ 'ਚ ਲੈ ਗਏ, ਝੂਠੇ ਐੱਨਓਸੀ ਜਾਰੀ ਕੀਤੇ, ਲੋਕਾਂ ਨੂੰ ਉਕਸਾਇਆ। ਇਸ ਖੂਨੀ ਸਾਜ਼ਿਸ਼ ਨੂੰ ਜਨਤਾ ਭੁੱਲੀ ਨਹੀਂ।''

    ਚੁੱਘ ਨੇ ਕਿਹਾ, ''ਤੁਸੀਂ (ਬਿੱਟੂ) ਆਪਣੀ ਜ਼ੁਬਾਨ ਰਾਹੀਂ ਜਿਹੜੀ ਜ਼ਹਿਰ ਖੋਲ ਰਹੇ ਹੋ, ਇਹ ਜਨਤਾ ਭੁੱਲੇਗੀ ਵੀ ਨਹੀਂ।''

    ਤਰੁਣ ਚੁੱਘ ਨੇ ਕਿਹਾ ਕਿ ''ਕਾਂਗਰਸ ਪਾਰਟੀ ਪੰਜਾਬ ਨੂੰ ਦੁਬਾਰਾ 80 ਦੇ ਦੌਰ 'ਚ ਲਿਜਾਣ ਦੀ ਕੋਸ਼ਿਸ ਕਰ ਰਹੀ ਹੈ।''

  14. ਕਾਂਗਰਸ ਐੱਮਪੀ ਰਵਨੀਤ ਬਿੱਟੂ ਬੋਲੇ- ‘ਪੀਐੱਮ ਨੂੰ ਸੜਕ ਰਾਹੀਂ ਆਉਣ 'ਤੇ ਅਜੇ ਵੀ ਦਿੱਕਤਾਂ ਆ ਸਕਦੀਆਂ ਹਨ’'

    ਪੰਜਾਬ ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕਿਹਾ ਕਿ ''ਉਨ੍ਹਾਂ ਨੂੰ ਸੜਕ ਰਾਹੀਂ ਆਉਣ 'ਤੇ ਅਜੇ ਵੀ ਦਿੱਕਤਾਂ ਆ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੇ ਹਰੇਕ ਪੰਜਾਬੀ ਨੂੰ 1 ਸਾਲ ਤੋਂ ਵੱਧ ਸਮੇਂ ਲਈ ਸੜਕ 'ਤੇ ਰੱਖਿਆ। ਲੋਕ ਉਹ ਕਿਵੇਂ ਭੁੱਲ ਸਕਦੇ ਹਨ?''

    ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਬਿੱਟੂ ਨੇ ਕਿਹਾ ਕਿ ''ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਦੀ ਜਾਨ ਗਈ। ਜੇ ਪ੍ਰਧਾਨ ਮੰਤਰੀ ਦੀ ਕਾਰ ਸੜਕ ਰਾਹੀਂ ਆਉਂਦੀ ਹੈ, ਲੋਕਾਂ ਦੇ ਮਨਾਂ 'ਚ ਗੁੱਸਾ ਹੈ, ਹੋ ਸਕਦਾ ਹੈ ਉਹ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ।''

    ''ਇਸ ਲਈ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਆਉਣਾ ਚਾਹੀਦਾ ਹੈ।''

  15. ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਦਾ ਵਿਰੋਧ ਕਰਨਗੇ ਕਿਸਾਨ: ਡਾ. ਦਰਸ਼ਨ ਪਾਲ

    ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਦਾ ਵਿਰੋਧ ਕਰਨਗੇ।

    ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਭਾਜਪਾ ਸਰਕਾਰ ਅਤੇ ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਕਾਰਨ ਇਹ ਵਿਰੋਧ ਕੀਤਾ ਜਾਵੇਗਾ।

    ਉਨ੍ਹਾਂ ਕਿਹਾ ਕਿ ਪੰਜਾਬ ਆਉਣ ਵੇਲੇ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦਾ ਸ਼ਾਂਤਮਈ ਤਰੀਕੇ ਨਾਲ ਸੜਕਾਂ ਕਿਨਾਰੇ ਖੜ੍ਹ ਕੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ।

  16. ਪੰਜਾਬ ਚੋਣਾਂ 2022: ਤੁਹਾਡੇ ਹਲਕੇ ਦੇ ਉਮੀਦਵਾਰ ਖ਼ਿਲਾਫ਼ ਹਨ ਕਿੰਨੇ ਅਪਰਾਧਿਕ ਮਾਮਲੇ ਦਰਜ, ਇਸ ਐਪ ਰਾਹੀਂ ਜਾਣੋ

    ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਕ ਅਜਿਹੀ ਐਪ ਬਣਾਈ ਗਈ ਹੈ ਜਿਸ ਰਾਹੀਂ ਉਮੀਦਵਾਰਾਂ ਉੱਪਰ ਦਰਜ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।

    ਇਸ ਐਪ ਰਾਹੀਂ ਉਹ ਸਾਰੀ ਜਾਣਕਾਰੀ ਇਕ ਜਗ੍ਹਾ 'ਤੇ ਮੁਹੱਈਆ ਕਰਾਈ ਗਈ ਹੈ ਜੋ ਉਮੀਦਵਾਰਾਂ ਨੇ ਆਪਣੀ ਨਾਮਾਂਕਣ ਦੌਰਾਨ ਮੁਹੱਈਆ ਕਰਵਾਈ ਸੀ।

    ਇਸ ਐਪ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਵਿੱਚ ਸਕਰੀਨ 'ਤੇ ਦੇਖ ਸਕਦੇ ਹੋ ਕਿ ਤੁਹਾਡੇ ਉਮੀਦਵਾਰ ਦੀ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਜਾਂ ਨਹੀਂ।

    ਵਧੇਰੇ ਜਾਣਕਾਰੀ ਲਈ ਪੜ੍ਹੋ ਇਹ ਖਾਸ ਰਿਪੋਰਟ

  17. ਕਾਂਗਰਸ ਦੀ ਸਰਕਾਰ ਬਣੀ ਤਾਂ ਨਵਜੋਤ ਸਿੱਧੂ ਨੂੰ ਮਿਲੇਗਾ 'ਸੁਪਰ ਸੀਐੱਮ' ਦਾ ਅਹੁਦਾ: ਰਵਨੀਤ ਬਿੱਟੂ

    ਪੰਜਾਬ ਕਾਂਗਰਸ ਪਾਰਟੀ ਦੇ ਐੱਮਪੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਨਵਜੋਤ ਸਿੱਧੂ ਨੂੰ 'ਸੁਪਰ ਸੀਐੱਮ' ਦਾ ਅਹੁਦਾ ਦਿੱਤਾ ਜਾਵੇਗਾ।

    ਖ਼ਬਰ ਏਜੰਸੀ ਐਐੱਨਆਈ ਨਾਲ ਗੱਲ ਕਰਦਿਆਂ ਬਿੱਟੂ ਨੇ ਕਿਹਾ, ਕੀ ਸਿੱਧੂ ਨੇ ਚੰਨੀ ਨੂੰ ਸੀਐੱਮ ਚਿਹਰਾ ਚੁਣੇ ਜਾਣ 'ਤੇ ਕੋਈ ਸਵਾਲ ਚੁੱਕਿਆ? ਉਨ੍ਹਾਂ ਨੇ ਫੈਸਲੇ ਦਾ ਸੁਆਗਤ ਕੀਤਾ।''

    ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।

  18. ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਨੂੰ ਇਸ ਪੇਜ ਰਾਹੀਂ ਚੋਣਾਂ ਨਾਲ ਜੁੜੀ ਹਰ ਅਹਿਮ ਖ਼ਬਰ ਨਾਲ ਜਾਣੂ ਕਰਵਾਵਾਂਗੇ।