ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ। ਪੰਜਾਬ ਚੋਣਾਂ ਸਬੰਧਤ ਨਵੀਆਂ ਖ਼ਬਰਾਂ ਲੈ ਕੇ ਕੱਲ੍ਹ ਮੁੜ ਹਾਜ਼ਰ ਹੋਵਾਂਗੇ।
You’re viewing a text-only version of this website that uses less data. View the main version of the website including all images and videos.
ਪੰਜਾਬ ਚੋਣਾਂ: ਚੋਣ ਕਮਿਸ਼ਨ ਨੇ ਦੱਸਿਆ ਚੋਣ ਜ਼ਾਬਤੇ ਦੌਰਾਨ ਕਿੰਨੇ ਕਰੋੜ ਦਾ ਸਮਾਨ ਜ਼ਬਤ ਹੋਇਆ
ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।
ਲਾਈਵ ਕਵਰੇਜ
ਅੱਜ ਦਾ ਮੁੱਖ ਘਟਨਾਕ੍ਰਮ
- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਔਰਤਾਂ ਲਈ ਕਈ ਐਲਾਨ ਕਰਦਿਆਂ ਪੰਜਾਬ ਲਈ 13 ਨੁਕਾਤੀ ਪ੍ਰੋਗਰਾਮ ਸਾਂਝਾ ਕੀਤਾ
- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਦੌੜ ਵਿੱਚ ਨੌਜਵਾਨਾ ਨਾਲ ਕ੍ਰਿਕੇਟ ਖੇਡੀ
- ਬਰਨਾਲਾ ਵਿੱਚ ਚੋਣ ਪ੍ਰਚਾਰ ਕਰਨ ਗਏ ਚੰਨੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਗੁਲਾਬੀ ਸੁੰਡੀ ਕਾਰਨ ਫਸਲ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੇ ਮੁਜ਼ਾਹਰਾ ਕੀਤਾ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੇ ਫਿਰੋਜ਼ਪੁਰ ਦੌਰੇ, ਕਿਸਾਨਾਂ ਨਾਲ ਗੱਲਬਾਤ ਅਤੇ ਭਾਜਪਾ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਬਾਰੇ ਜ਼ਿਕਰ ਕੀਤਾ।
- ਚੋਣ ਕਮਿਸ਼ਨ ਨੇ ਦੱਸਿਆ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੁਣ ਤੱਕ ਕਈ ਕਰੋੜ ਦਾ ਸਮਾਨ ਕੀਤਾ ਜ਼ਬਤ
- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲਣ ਉੱਪਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵੋਟਾਂ ਲਈ ਇਹ ਭਾਰਤੀ ਜਨਤਾ ਪਾਰਟੀ ਦੀ ਚਾਲ ਹੈ।
- ਕਾਂਗਰਸ ਸਾਂਸਦ ਜਸਬੀਰ ਸਿੰਘ ਗਿੱਲ ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਅਕਾਲੀ ਦਲ ਵਿੱਚ ਹੋਏ ਸ਼ਾਮਲ।
ਪੀਐੱਮ ਮੋਦੀ ਆਪਣੀ ਫਿਰੋਜ਼ਰਪੁਰ ਫੇਰੀ ਬਾਰੇ ਕੀ ਬੋਲੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਆਪਣਾ ਕਾਫ਼ਲਾ ਰੋਕੇ ਜਾਣ ਬਾਰੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਮੈਂ ਇਸ ਵਿਸ਼ੇ ਵਿੱਚ ਪੂਰਨ ਮੌਨ ਧਾਰਨ ਕੀਤਾ ਹੋਇਆ ਹੈ ਕਿਉਂਕਿ ਸੁਪਰੀਮ ਕੋਰਟ ਆਪ ਇਸ ਵਿਸ਼ੇ ਵਿੱਚ ਜਾਂਚ ਕਰ ਰਿਹਾ ਹੈ ਅਤੇ ਮੇਰੇ ਵੱਲੋਂ ਕਿਹਾ ਕੋਈ ਸ਼ਬਦ ਇਸ ਮਾਮਲੇ ਵਿੱਚ ਪ੍ਰਭਾਵ ਪਾਵੇ ਇਹ, ਉਚਿਤ ਨਹੀਂ ਹੋਵੇਗਾ।
ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਉਹ ਪਾਰਟੀ ਦੇ ਕੰਮਕਾਜ ਦੇ ਸਿਲਸਿਲੇ ਵਿੱਚ ਲੰਬਾ ਸਮਾਂ ਪੰਜਾਬ ਵਿੱਚ ਰਹੇ ਹਨ ਅਤੇ ਉਨ੍ਹਾਂ ਦਾ ਸੂਬੇ ਨਾਲ ਲੰਬਾ ਰਿਸ਼ਤਾ ਹੈ।
ਉਨ੍ਹਾਂ ਨੇ ਕਿਹਾ,’’ ਇਸ ਪੂਰੇ ਉੱਤਰੀ ਹਿੱਸੇ ਨਾਲ ਮੇਰਾ ਨਜ਼ਦੀਕੀ ਸਬੰਧ ਰਿਹਾ ਹੈ। ਮੈਂ ਪੰਜਾਬ ਵਿੱਚ ਬਹੁਤ ਰਿਹਾ ਹਾਂ, ਮੇਰਾ ਪੰਜਾਬ ਨਾਲ ਬੜਾ ਨਾਤਾ ਰਿਹਾ ਹੈ। ਮੈਂ ਮੇਰੀ ਪਾਰਟੀ ਦਾ ਕੰਮ ਉੱਥੇ ਕਰਦਾ ਸੀ।
ਮੈਂ ਪੰਜਾਬ ਦੇ ਲੋਕਾਂ ਦੀ ਵੀਰਤਾ ਦੇਖੀ ਹੈ। ਪੰਜਾਬ ਦੇ ਲੋਕਾਂ ਦੇ ਦਿਲ ਨੂੰ ਮੈਂ ਜਾਣਦਾ ਹਾਂ।
- ਪੀਐੱਮ ਮੋਦੀ ਦੇ ਕਾਫ਼ਲੇ ਨੂੰ ਰੋਕੇ ਜਾਣ ਦੀ ਕਹਾਣੀ ਚਸ਼ਮਦੀਦਾਂ ਦੀ ਜ਼ਬਾਨੀ
ਪੰਜਾਬ ਚੋਣਾਂ: ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਕੀ ਹਨ ਮਾਅਨੇ ਤੇ ਕੀ ਹੋਵੇਗਾ ਸਿੱਧੂ ਦਾ ਭਵਿੱਖ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ।
ਉਨ੍ਹਾਂ ਵੱਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਹੀ ਐਲਾਨਿਆ ਗਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਰਹੇ ਸਨ। ਦੋਵਾਂ ਆਗੂਆਂ ਵਿਚੋਂ ਇੱਕ ਦੀ ਚੋਣ ਪਾਰਟੀ ਲਈ ਕਾਫ਼ੀ ਮੁਸ਼ਕਲ ਫ਼ੈਸਲਾ ਸੀ।
ਇਸ ਐਲਾਨ ਦੀਆਂ ਪੇਚੀਦਗੀਆਂ ਸਮਝਣ ਲਈ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲ ਕੀਤੀ।
ਪੇਸ਼ ਹਨ ਇਸ ਗੱਲਬਾਤ ਦੇ ਚੋਣਵੇਂ ਸਵਾਲ ਜਵਾਬ। ਪੜ੍ਹੋ ਬੀਬੀਸੀ ਪੰਜਾਬੀ ਦੀ ਇਹ ਰਿਪੋਰਟ।
ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਖ਼ਿਲਾਫ਼ ‘ਆਪ’ ਦੀ ਜੀਵਨਜੋਤ ਕੌਰ ਕਿੰਨੀ ਮਜ਼ਬੂਤ ਦਾਅਵੇਦਾਰ
ਜੀਵਨਜੋਤ ਕੌਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਪੂਰਬੀ ਤੋਂ ਟਿਕਟ ਦਿੱਤੀ ਹੈ।
ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਨਾਲ ਹੈ।
ਜੀਵਨਜੋਤ ਸੋਸ਼ਲ ਵਰਕਰ ਵਜੋਂ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ।
ਰਿਪੋਰਟ- ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੋਬਿਨ
ਚੋਣ ਕਮਿਸ਼ਨ ਨੇ ਦੱਸਿਆ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੁਣ ਤੱਕ ਕਿੰਨਾ ਕੁਝ ਕੀਤਾ ਜ਼ਬਤ
ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਸਬੰਧ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੂਬੇ ਵਿੱਚੋਂ 399.64 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ।
ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਨਿਗਰਾਨ ਟੀਮਾਂ ਨੇ 23.70 ਕਰੋੜ ਰੁਪਏ ਦੀ 41.66 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ।
ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਵੱਲੋਂ 314.75 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 25.63 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1356 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ।
ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 3884 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 3195 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ 'ਤੇ ਵੀ ਜਲਦ ਮਾਮਲਾ ਦਰਜ ਕਰ ਲਿਆ ਜਾਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 2041 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਸਾਰੇ ਹੀ 2991 ਗੈਰ ਜ਼ਮਾਨਤੀ ਵਾਰੰਟਾਂ ਦੇ ਕੇਸਾਂ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ।
ਉਹਨਾਂ ਅੱਗੇ ਕਿਹਾ ਕਿ ਸੂਬੇ ਭਰ ਵਿੱਚ 22250 ਨਾਕੇ ਲਾਏ ਗਏ ਹਨ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਕੁੱਲ 3,90,170 ਲਾਇਸੈਂਸੀ ਹਥਿਆਰਾਂ ਵਿੱਚੋਂ ਹੁਣ ਤੱਕ 3,78,856 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਜਦਕਿ, ਸੂਬੇ ਵਿੱਚ 112 ਬਿਨਾਂ ਲਾਇਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ।
ਸੁਖਬੀਰ ਬਾਦਲ ਨੇ ਪ੍ਰੋਫ਼ੈਸਰ ਭੁੱਲਰ ਬਾਰੇ ਕੇਜਰੀਵਾਲ 'ਤੇ ਕਿਵੇਂ ਹਮਲਾ ਕੀਤਾ
ਹਰਗੋਬਿੰਦਰਪੁਰ ਵਿੱਚ ਬੋਲਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਪਰ ਤਿੱਖੇ ਸਿਆਸੀ ਹਮਲੇ ਕੀਤੇ।
ਉਨ੍ਹਾਂ ਨੇ ਕਿਹਾ,’’ਹੁਣ ਆਪਣੇ ਭੁੱਲਰ ਸਾਹਿਬ ਦੀ ਕੈਦ ਪੂਰੀ ਹੋ ਗਈ। ਅਸੂਲ ਹੈ ਜਿਸ ਦੀ ਕੈਦ ਪੂਰੀ ਹੋ ਗਈ,ਉਸ ਨੂੰ ਛੱਡਣਾ ਹੀ ਪੈਂਦਾ ਹੈ। ਅਫ਼ਸਰਾਂ ਨੇ ਕਿਹਾ ਛੱਡ ਦਿਓ ਪਰ ਉਹ ਨਹੀਂ ਛੱਡ ਰਿਹਾ ਕਿਉਂਕਿ ਇਸ ਦੀ ਸੋਚ ਉਹੋ-ਜਿਹੀ ਹੈ।‘’
‘’ਇੱਥੇ ਆਕੇ ਕੁਝ ਕਰੂਗਾ ਦਿੱਲੀ ਆਕੇ ਕੁਝ ਕਰੂਗਾ। ਇੱਥੇ ਆਕੇ ਕਹਿੰਦਾ ਮੈਂ ਔਰਤਾਂ ਨੂੰ ਹਜ਼ਾਰ ਰੁਪਏ ਦਿਆਂਗਾ। ਮੈਂ ਪੁੱਛਦਾਂ ਦਸ ਸਾਲਾਂ ਤੋਂ ਦਿੱਲੀ ਦਾ ਮੁੱਖ ਮੰਤਰੀ ਹੈਂ, ਇੱਕ ਰਪੀਆ ਨਹੀਂ ਦਿੱਤਾ ਕਿਸੇ ਔਰਤ ਨੂੰ’’
ਉਨ੍ਹਾਂ ਨੇ ਕਿਹਾ,’’ਜੇ ਆਪਾਂ ਨੂੰ ਬਾਹਰਲੇ ਹੀ ਚੰਗੇ ਲਗਦੇ ਨੇ ਤਾਂ ਆਪਾਂ ਅੰਗਰੇਜ਼ ਕਿਉਂ ਕੱਢੇ? ਆਪਾਂ ਅਮਰੀਕਾ ਕੈਨੇਡਾ ਤੋਂ ਕੋਈ ਚੰਗਾ-ਵਧੀਆ ਗੋਰਾ ਲੈ ਆਉਂਦੇ ਹਾਂ।‘’
ਉਨ੍ਹਾਂ ਨੇ ਐਸਵਾਈਐਲ ਦਾ ਮੁੱਦਾ ਚੁੱਕਦਿਆਂ ਕਿਹਾ,’’ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਲਿਖ ਕੇ ਦਿੱਤਾ ਹੋਇਆ ਹੈ ਕਿ ਐਸਵਾਈਐਲ ਨਹਿਰ ਬਣਾਈ ਜਾਵੇ,ਦਿੱਲੀ ਨੂੰ ਪਾਣੀ ਚਾਹੀਦਾ ਹੈ। ਇਹ ਤੁਹਾਡੇ ਮੁੱਦੇ ਚੁੱਕੇਗਾ?’’
ਸੁਖਬੀਰ ਬਾਦਲ ਨੇ ਆਪਣੇ 13 ਨੁਕਾਤੀ ਪ੍ਰੋਗਰਾਮ ਬਾਰੇ ਕੀ ਦੱਸਿਆ
ਹਰਗੋਬਿੰਦਰਪੁਰ ਵਿੱਚ ਬੋਲਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ 13 ਨੁਕਾਤੀ ਪ੍ਰੋਗਰਾਮ ਵਿੱਚੋਂ ਵੀ ਕੁਝ ਚੋਣ ਵਾਅਦੇ ਲੋਕਾਂ ਨਾਲ ਕੀਤੇ। ਉਨ੍ਹਾਂ ਨੇ ਕਿਹਾ-
- ਸਾਰੇ ਰੱਦ ਕੀਤੇ ਨੀਲੇ ਕਾਰਡ ਮੁੜ ਬਹਾਲ ਕੀਤੇ ਜਾਣਗੇ।
- ਨੀਲੇ ਕਾਰਡ ਧਾਰੀ ਪਰਿਵਾਰਾਂ ਦੀਆਂ ਔਰਤਾਂ ਨੂੰ ਹਰ ਮਹੀਨੇ ਦੋ ਹਜ਼ਾਰ ਰੁਪਏ ਦਿੱਤੇ ਜਾਣਗੇ।
- ਸਰਕਾਰ ਬਣਦੇ ਹੀ 12000 ਕਰੋੜ ਦੀ ਯੋਜਨਾ ਨਾਲ ਹਰ 25 ਹਜ਼ਾਰ ਅਬਾਦੀ ਮਗਰ ਇੱਕ 5000 ਬੱਚਿਆਂ ਦੀ ਸਮਰੱਥਾ ਵਾਲਾ ਵੱਡਾ ਸਕੂਲ ਕਾਇਮ ਕੀਤਾ ਜਾਵੇਗਾ।
- ਪੰਜਾਬ ਦੇ ਸਾਰੇ ਕਾਲਜਾਂ (ਸਰਕਾਰੀ/ਨਿੱਜੀ)ਵਿੱਚ 33% ਸੀਟਾਂ ਰਾਖਵੀਆਂ ਰੱਖਣੀਆਂ ਪੈਣਗੀਆਂ। ਇਨ੍ਹਾਂ ਬੱਚਿਆਂ ਦੀ ਫ਼ੀਸ ਪੰਜਾਬ ਸਰਕਾਰ ਦੇਵੇਗੀ।
- ਉਚੇਰੀ ਸਿੱਖਿਆ ਲਈ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦਾ ਸਟੂ਼ਡੈਂਟ ਕਾਰਡ ਬਣਾਇਆ ਜਾਵੇਗਾ। ਉਸ ਲਈ ਕੋਈ ਵਿਆਜ ਤੇ ਗਰੰਟੀ ਨਹੀਂ ਹੋਵੇਗੀ। ਚਾਰ ਸਾਲ ਬਾਅਦ 15 ਸਾਲਾਂ ਵਿੱਚ ਮੋੜ ਸਕਣਗੇ।
- ਸਵੈ-ਰੁਜ਼ਗਾਰ ਲਈ ਪੰਜਾਬ ਕੋਪਰੇਟਿਵ ਬੈਂਕ ਤੋਂ ਪੰਜ ਲੱਖ ਤੱਕ ਦਾ ਬਿਨਾਂ ਵਿਆਜੂ ਕਰਜ਼ਾ, ਜੋ ਤਿੰਨ ਸਾਲਾਂ ਦੇ ਬਾਅਦ 10 ਸਾਲਾਂ ਵਿੱਚ ਮੋੜਿਆ ਜਾ ਸਕੇਗਾ।
- ਸਰਕਾਰੀ ਨੌਕਰੀਆਂ ਵਿੱਚ 50% ਪੋਸਟਾਂ ਕੁੜੀਆਂ ਲਈ ਰਾਖਵੀਆਂ ਹੋਣਗੀਆਂ।
- ਪਿੰਡਾਂ ਦੇ ਛੋਟੇ ਦੁਕਾਨਦਾਰਾਂ ਲਈ 10 ਲੱਖ ਦਾ ਜੀਵਨ ਬੀਮਾ, 10 ਰੁਪਏ ਤੱਕ ਦਾ ਸਿਹਤ ਬੀਮਾ ਅਤੇ ਦੁਕਾਨ ਦਾ 10 ਲੱਖ ਰੁਪਏ ਤੱਕ ਦਾ ਬੀਮਾ।
- ਭਾਈ ਕਨ੍ਹਈਆ ਸਕੀਮ 2 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾਵੇਗੀ।
- ਦੁਧ, ਫ਼ਲ, ਸਬਜ਼ੀਆਂ ਉੱਪਰ ਐਮਐਸਪੀ ਪੰਜਾਬ ਸਰਕਾਰ ਦੇਵੇਗੀ।
- ਸ਼ਾਮਲਾਟ ਜ਼ਮੀਨਾਂ ਵਿੱਚੋਂ ਗ਼ਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਾਲਟ ਦਿੱਤੇ ਜਾਣਗੇ। ਜਿੱਥੇ ਜ਼ਮੀਨ ਨਹੀਂ ਹੈ ਉੱਥੇ ਪੰਜਾਬ ਸਰਕਾਰ ਜ਼ਮੀਨ ਖ਼ਰੀਦ ਕੇ ਪਲਾਟ ਦੇਵੇਗੀ।
- ਪੰਜਾਬ ਵਿੱਚ ਜਿੱਥੇ ਕਿਤੇ ਈਸਾਈ ਤੇ ਮੁਸਲਿਮ ਭਾਈਚਾਰਾ ਹੈ, ਉਨ੍ਹਾਂ ਨੂੰ ਕਬਰਿਸਤਾਨਾਂ ਲਈ ਜਗ੍ਹਾ ਦਿੱਤੀ ਜਾਵੇਗੀ।
- ਲਾਲ ਡੋਰੇ ਦੇ ਅੰਦਰ ਵਸਣ ਵਾਲਿਆਂ ਦੇ ਘਰਾਂ ਦੀ ਉਨ੍ਹਾਂ ਦੇ ਨਾਮ ਰਜਿਸਟਰੀ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦਾ 'ਪੰਥਕ ਜਥੇਦਾਰ' ਕਿਉਂ ਕਿਹਾ ਜਾਂਦਾ ਸੀ
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ। ਸੂਬੇ ਦੇ ਮੁੱਖ ਮੰਤਰੀ ਵਜੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ।
ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਸੀ। ਇਸ ਤੋਂ ਪਹਿਲਾਂ ਉਹ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।
ਭਾਵੇਂ 2017 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀਆਂ ਆਖ਼ਰੀ ਚੋਣਾਂ ਹਨ, ਪਰ ਉਹ ਖੁਦ ਨੂੰ ਮੁੜ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਮੁੱਖ ਮੰਤਰੀ ਦਾ ਦਾਅਵੇਦਾਰ ਦੱਸਦੇ ਸਨ।
ਕੈਪਟਨ ਅਮਰਿੰਦਰ ਸਿੰਘ ਦਾ ਸਬੰਧ ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਹੈ। ਇਸ ਲਈ ਕੁਝ ਲੋਕ ਉਨ੍ਹਾਂ ਨੂੰ ''ਮਹਾਰਾਜਾ'' ਅਮਰਿੰਦਰ ਸਿੰਘ ਵੀ ਕਹਿੰਦੇ ਹਨ।
ਜਾਣੋ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਦਗੀ ਬਾਰੇ ਕੁਝ ਅਹਿਮ ਗੱਲਾਂ, ਇਸ ਰਿਪੋਰਟ ਵਿੱਚ।
ਸੁਖਬੀਰ ਬਾਦਲ ਨੇ ਪਿਛਲੀਆਂ ਅਕਾਲੀ ਸਰਕਾਰਾਂ ਦੇ ਇਹ ਕੰਮ ਗਿਣਾਏ
ਸ੍ਰੀ ਹਰਗੋਬਿੰਦਪੁਰ, ਅਤੇ ਇਸ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਦੇ ਲਈ ਚੋਣ ਪ੍ਚਾਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਿਛਲੀਆਂ ਅਕਾਲੀ ਸਰਕਾਰਾਂ ਦੇ ਨਾਮ 'ਤੇ ਦਾਅਵੇ ਕੀਤੇ ਅਤੇ ਵੋਟਾਂ ਮੰਗੀਆਂ।
ਉਨ੍ਹਾਂ ਦੇ ਪ੍ਰਮੁੱਖ ਦਾਅਵੇ
- ਤਕਰੀਬਨ 22 ਸੌ ਮੰਡੀਆਂ ਪੰਜਾਬ ਵਿੱਚ ਹਨ। ਉਨ੍ਹਾਂ ਵਿੱਚੋਂ 21 ਸੌ ਬਾਦਲ ਸਾਹਬ ਨੇ ਬਣਾਈਆਂ।
- ਬਾਦਲ ਸਾਹਿਬ ਨੇ ਟਰੈਕਟਰਾਂ ਦਾ ਟੈਕਸ ਖ਼ਤਮ ਕੀਤਾ
- ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਵੱਚ 16 ਲੱਖ ਟਿਊਬਵੈਲ ਕਨੈਕਸ਼ਨ ਹਨ ਜਿਨ੍ਹਾਂ ਵਿੱਚੋਂ 13.5 ਲੱਖ ਬਾਦਲ ਸਾਹਬ ਨੇ ਦਿੱਤਾ
- ਪੰਜਾਬ ਦੀਆਂ ਨਹਿਰਾਂ ਕਸੀਆਂ ਵਿੱਚੋਂ 80-85% ਅਕਾਲੀ ਦਲ ਨੇ ਬਣਾਈਆਂ
- ਗ਼ਰੀਬਾਂ ਲਈ ਸ਼ਗਨ ਸਕੀਮ ਲੈ ਕੇ ਆਏ।
- ਟਿਊਬਵੈਲਾਂ ਦੇ ਬਿਲ ਬਾਦਲ ਸਾਹਿਬ ਨੇ ਮਾਫ਼ ਕੀਤੇ। ਜੇ ਬਾਦਲ ਸਾਹਿਬ ਨਾਲ ਮਾਫ਼ ਕਰਦੇ ਤਾਂ ਹੁਣ ਤੁਸੀਂ ਪ੍ਰਤੀ ਟਿਊਬਵੈਲ ਇੱਕ ਲੱਖ ਰੁਪਏ ਮਹੀਨੇ ਦਾ ਬਿਲ ਭਰਿਆ ਕਰਨਾ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਰਕਾਰ ਆਉਣ ਤੇ ਉਹ ਕਮਿਸ਼ਨ ਕਾਇਮ ਕਰਨਗੇ ਅਤੇ ਜਿੱਥੇ-ਜਿੱਥੇ ਵੀ ਝੂਠੇ ਪਰਚੇ ਹਨ ਉਹ ਰੱਦ ਕਰਵਾਏ ਜਾਣਗੇ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਬੀਐਸਪੀ ਦਾ ਗਠਜੋੜ ਸਿਧਾਂਤਕ ਹੈ। ਬੀਐਸਪੀ ਦਾ ਜਨਮ ਵੀ ਪੰਜਾਬ ਦਾ ਹੈ।
ਜਦਕਿ ਦੂਜੀਆਂ ਪਾਰਟੀਆਂ ਬਾਹਰ ਦੀਆਂ ਹਨ।
ਚੋਣ ਪ੍ਰਚਾਰ ਦੌਰਾਨ ਚਰਨਜੀਤ ਚੰਨੀ ਨੇ ਖੇਡਿਆ ਕ੍ਰਿਕਟ ਅਤੇ ਲੋਕਾਂ ਨਾਲ ਬਿਤਾਇਆ ਸਮਾਂ
ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣਾਂ ਲੜ ਰਹੇ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਅੱਜ ਭਦੌੜ ਵਿਖੇ ਚੋਣ ਪ੍ਰਚਾਰ ਕੀਤਾ।
ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕ੍ਰਿਕਟ ਮੈਚ ਖੇਡਿਆ ਅਤੇ ਬਜ਼ੁਰਗਾਂ ਨਾਲ ਗੱਲਬਾਤ ਵੀ ਕੀਤੀ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੁਧਿਆਣਾ ਵਿਖੇ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਸੀ ਜਿਸ ਤੋਂ ਬਾਅਦ ਉਹ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਜਲੰਧਰ ਪਹੁੰਚਣਗੇ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਰੈਲੀ ਵਿੱਚ ਸਰੀਰਕ ਤੌਰ 'ਤੇ ਪੁੱਜ ਰਹੇ ਹਨ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਰੁ-ਬ-ਰੁ ਹੋਣ ਲਈ 14 ਫਰਵਰੀ ਨੂੰ ਜਲੰਧਰ ਪੁੱਜ ਰਹੇ ਹਨ।
ਪਾਰਟੀ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਜਲੰਧਰ ਵਿਖੇ ਰੈਲੀ ਨੂੰ ਸੰਬੋਧਨ ਵੀ ਕਰਨਗੇ।
8 ਫਰਵਰੀ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਰੈਲੀ ਰਾਹੀਂ ਪੰਜਾਬ ਵਿੱਚ ਸਮਰਥਕਾਂ ਨੂੰ ਸੰਬੋਧਨ ਕੀਤਾ ਸੀ।
ਪੰਜਾਬ ਚੋਣਾਂ: ਬਹੁਕੋਣੇ ਮੁਕਾਬਲੇ ਵਿੱਚ ਕਿਸ ਪਾਸੇ ਝੁਕ ਸਕਦਾ ਹੈ ਦਲਿਤ ਵੋਟਰ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਦਲ ਦਲਿਤ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
32 ਫ਼ੀਸਦ ਦਲਿਤ ਆਬਾਦੀ ਵਾਲੇ ਸੂਬੇ ਪੰਜਾਬ ਵਿੱਚ ਇਸ ਭਾਈਚਾਰੇ ਦੇ ਲੋਕ ਕਿੰਨਾ ਆਧਾਰਾਂ ਤੇ ਵੰਡੇ ਹੋਏ ਹਨ ਅਤੇ ਉਨ੍ਹਾਂ ਦੇ ਵੋਟਾਂ ਦਾ ਕੀ ਰੁਝਾਨ ਹੈ ਜਾਣਨ ਲਈ ਪੜ੍ਹੋ ਬੀਬੀਸੀ ਪੰਜਾਬੀ ਦੀ ਇਹ ਰਿਪੋਰਟ।
ਡੇਰਾ ਮੁਖੀ ਨੂੰ ਫਰਲੋ ਬੀਜੇਪੀ ਦੀ ਚਾਲ ਹੈ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਵਿੱਚ ਆਪਣੀਆਂ ਦੋਵੇਂ ਸੀਟਾਂ ਹਾਰ ਰਹੇ ਹਨ।
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲਣ ਉੱਪਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵੋਟਾਂ ਲਈ ਇਹ ਭਾਰਤੀ ਜਨਤਾ ਪਾਰਟੀ ਦੀ ਚਾਲ ਹੈ।
ਸਾਂਸਦ ਜਸਬੀਰ ਸਿੰਘ ਗਿੱਲ ਦੇ ਭਰਾ ਹਰਪਿੰਦਰ ਸਿੰਘ ਗਿੱਲ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦੀ ਪੂਰੀ ਰਾਜਨੀਤੀ ਹੁਣ ਬਦਲ ਰਹੀ ਹੈ।
ਸੁਖਬੀਰ ਸਿੰਘ ਬਾਦਲ ਨੇ ਹਰਪਿੰਦਰ ਸਿੰਘ ਗਿੱਲ ਨੂੰ ਪਾਰਟੀ ਦਾ ਜਨਰਲ ਸਕੱਤਰ ਵੀ ਐਲਾਨ ਦਿੱਤਾ।
ਕਾਂਗਰਸੀ ਸਾਂਸਦ ਜਸਬੀਰ ਗਿੱਲ ਦੇ ਭਰਾ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ
ਬੁੱਧਵਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਹਰਪਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਹਰਪਿੰਦਰ ਸਿੰਘ ਗਿੱਲ ਖਡੂਰ ਸਾਹਿਬ ਤੋਂ ਕਾਂਗਰਸ ਦੇ ਸਾਂਸਦ ਜਸਬੀਰ ਸਿੰਘ ਡਿੰਪਾ ਗਿੱਲ ਦੇ ਭਰਾ ਹਨ। ਉਨ੍ਹਾਂ ਦੇ ਪਿਤਾ ਸੰਤ ਸਿੰਘ ਵੀ ਸਾਬਕਾ ਵਿਧਾਇਕ ਹਨ।
ਹਰਪਿੰਦਰ ਸਿੰਘ ਗਿੱਲ ਨੇ ਖਡੂਰ ਸਾਹਿਬ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ ਜੋ ਬਾਅਦ ਵਿਚ ਰੱਦ ਹੋ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਪਤਨ ਹੋ ਰਿਹਾ ਹੈ ਅਤੇ ਇਸ ਵਿਚ ਵਰਕਰਾਂ ਲਈ ਕੋਈ ਜਗ੍ਹਾ ਨਹੀਂ ਹੈ।
ਗਿੱਲ ਨੇ ਨਵਜੋਤ ਸਿੰਘ ਸਿੱਧੂ ਅਤੇ ਹਰੀਸ਼ ਚੌਧਰੀ ਉਪਰ ਵੀ ਨਿਸ਼ਾਨੇ ਸਾਧੇ।
ਲੋਕ ਸਭਾ ਵਿੱਚ ਕਿਸਾਨੀ ਦੇ ਮੁੱਦੇ 'ਤੇ ਬੋਲਣਗੇ ਭਗਵੰਤ ਮਾਨ
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਅੱਜ ਲੋਕ ਸਭਾ ਵਿੱਚ ਕਿਸਾਨੀ ਦੇ ਮੁੱਦੇ 'ਤੇ ਬੋਲਣਗੇ।
ਭਗਵੰਤ ਮਾਨ ਨੇ ਟਵਿੱਟਰ 'ਤੇ ਪੋਸਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ।
ਪੰਜਾਬ ਦੇ ਰਾਜਨੀਤਿਕ ਦਲ ਕਿਸਾਨਾਂ ਲਈ ਨਵੀਆਂ ਸਹੂਲਤਾਂ ਦੇ ਵਾਅਦੇ ਕਰ ਰਹੇ ਹਨ।
ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਮੈਨੀਫੈਸਟੋ ਵਿੱਚ ਡੇਅਰੀ ਫਾਰਮਿੰਗ ਦੀਆਂ ਨਵੀਆਂ ਤਕਨੀਕਾਂ, ਸਿੰਜਾਈ ਯੋਜਨਾਵਾਂ,ਪਾਣੀ ਉਪਲੱਬਧ ਕਰਵਾਉਣ ਅਤੇ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ।
ਉਧਰ ਸੰਯੁਕਤ ਸਮਾਜ ਮੋਰਚੇ ਵੱਲੋਂ ਵੀ ਕਿਸਾਨਾਂ ਦੀ ਆਮਦਨ ਪੱਚੀ ਹਜ਼ਾਰ ਮਾਸਿਕ ਕਰਨ ਦਾ ਵਾਅਦਾ ਆਪਣੇ ਮੈਨੀਫੈਸਟੋ ਵਿੱਚ ਕੀਤਾ ਗਿਆ ਹੈ।
ਭਾਜਪਾ ਆਗੂ ਸਮ੍ਰਿਤੀ ਇਰਾਨੀ ਪੰਜਾਬ ਵਿੱਚ ਕਰਨਗੇ ਚੋਣ ਪ੍ਰਚਾਰ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅੱਜ ਲੁਧਿਆਣਾ ਤੇ ਖੰਨਾਂ ਵਿੱਚ ਚੋਣ ਪ੍ਰਚਾਰ ਕਰਨਗੇ।
ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਰੈਲੀ ਕਰ ਕੇ ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਦੇ ਵਰਕਰਾਂ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਪੰਜਾਬ ਲਈ ਪੰਜ ਨੁਕਾਤੀ ਏਜੰਡੇ ਦਾ ਐਲਾਨ ਕੀਤਾ ਸੀ।
ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਵਰਚੂਅਲ ਰੈਲੀ ਰਾਹੀਂ ਸੰਬੋਧਨ ਦੌਰਾਨ ਪੰਜ ਨੁਕਾਤੀ ਏਜੰਡਾ ਦਿੱਤਾ
- ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਤੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਇੱਕ ਝੜਪ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ
- ਭਾਜਪਾ ਦੇ ਸਾਬਕਾ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਮਾੜੇ ਸਲੂਕ ਕਾਰਨ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ
- ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਨੇ ਫਗਵਾੜਾ ਵਿੱਚ ਅਕਾਲੀ ਬਸਪਾ ਵਰਕਰਾਂ ਨੂੰ ਸੰਬੋਧਨ ਕੀਤਾ
- ਰਾਜ ਸਭਾ ਵਿੱਚ ਬੋਲਦਿਆਂ ਮੋਦੀ ਨੇ ਕਿਹਾ ਕਿ ਜੇ ਕਾਂਗਰਸ ਨਾ ਹੁੰਦੀ ਤਾਂ ਸਿੱਖ ਕਤਲੇਆਮ ਤੇ ਐਮਰਜੈਂਸੀ ਨਾ ਹੁੰਦੇ
ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਪੰਜ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਚੋਣਾਂ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ। 8 ਫਰਵਰੀ ਦੀਆਂ ਮੁੱਖ ਘਟਨਾਵਾਂ ਲਈ ਇੱਥੇ ਕਲਿੱਕ ਕਰੋ।