You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ 2022 : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਨਿਕਲੇ, ਇਨ੍ਹਾਂ ਸ਼ਰਤਾਂ ’ਤੇ ਮਿਲੀ ਫਰਲੋ

ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ 2022 ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਨਤੀਜੇ ਆਉਣਗੇ

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਧੰਨਵਾਦ

    • ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਲਈ ਫਰਲੋ ਉੱਤੇ ਛੱਡਿਆ ਗਿਆ ਹੈ।
    • ਐੱਸਜੀਪੀਸੀ ਨੇ ਗੁਰਮੀਤ ਰਾਮ ਰਹੀਮ ਦੀ ਫਰਲੋ ਉੱਤੇ ਇਤਰਾਡਜ਼ ਜਤਾਇਆ ਹੈ ਤੇ ਇਸ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਹੈ।
    • ਅੰਸ਼ੂਲ ਛੱਤਰਪਤੀ ਨੇ ਵੀ ਇਸ ਫਰਲੋ ਦੀ ਨਿਖੇਧੀ ਕੀਤੀ ਹੈ ਤੇ ਇਸ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਹੈ।
    • ਭਾਜਪਾ ਵਿੱਚ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੌਬੀ ਧਾਲੀਵਾਲ ਸ਼ਾਮਿਲ ਹੋਏ ਹਨ।
    • ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਮਾਡਲ ਉੱਤੇ ਉਨ੍ਹਾਂ ਦਾ ਕਾਪੀਰਾਈਟ ਨਹੀਂ ਹੈ।
    • ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਜਵਾਬ ਵਿੱਚ ਸੰਬੋਧਨ ਕਰਦੇ ਹੋਏ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਲਗਾਇਆ ਤੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਦੇ ਰੋਲ ਉੱਤੇ ਸਵਾਲ ਚੁੱਕੇ।
  2. ਲੋਕਤੰਤਰ ਦੀਆਂ ‘ਖਾਮੀਆਂ’ ਜਿਨ੍ਹਾਂ ਕਾਰਨ ਗਰੀਬ ਉਸ ਦੀ ਕੀਮਤ ਤਾਰਦੇ ਤੇ ਫਾਇਦਾ ਅਮੀਰਾਂ ਨੂੰ ਹੁੰਦਾ - ਨਜ਼ਰੀਆ

    ਲੋਕਤੰਤਰ ਸੰਕਟ ਵਿੱਚ ਹੈ। ਲੋਕਤੰਤਰ ਵਿਰੋਧੀ ਸਿਆਸਤਦਾਨ ਛਾਏ ਹੋਏ ਹਨ ਤੇ ਜਨਤਕ ਬਹਿਸ ਵਿੱਚ ਝੂਠੀਆਂ ਖ਼ਬਰਾਂ ਦਾ ਦਬਦਬਾ ਹੈ। ਸਰਵੇ ਦਰਸਾਉਂਦੇ ਹਨ ਕਿ ਲੋਕਾਂ ਵਿੱਚ ਸਿਸਟਮ ਵਿੱਚ ਯਕੀਨ ਨਹੀਂ ਰਿਹਾ ਹੈ। ਲੋਕਤੰਤਰ ਦੀਆਂ ਖਾਮੀਆਂ ਬਾਰੇ ਫਰਾਂਸ ਦੀ ਇੱਕ ਆਰਥਿਕ ਮਾਹਰ ਜੂਲੀਆ ਕੇਜ ਦਾ ਕਹਿਣਾ ਹੈ ਕਿ ਲੋਕਤੰਤਰ ਵਿੱਚ ਜਿਸ ਤਰੀਕੇ ਨਾਲ ਪੈਸਾ ਆਉਂਦਾ ਹੈ ਉਸ ਤਰੀਕੇ ਨੂੰ ਬਦਲਿਆ ਜਾਵੇ। ਉਨ੍ਹਾਂ ਦਾ ਪੂਰਾ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ।

  3. ਪੰਜਾਬ ਚੋਣਾਂ 2022: ਚੋਣ ਮਨੋਰਥ ਪੱਤਰ ਤੋਂ ਪਹਿਲਾਂ ਹੀ ਕਿਸ ਪਾਰਟੀ ਨੇ ਕੀਤਾ ਕੀ ਐਲਾਨ

    ਕੇਜਰੀਵਾਲ ਨੇ ਪੰਜਾਬ ਵਿੱਚ 18 ਸਾਲ ਤੋਂ ਵੱਡੀ ਹਰ ਔਰਤ ਲਈ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ਨੇ ਇੰਨੇ ਪੈਸੇ ਦੇ ਸਰੋਤ ਪੁੱਛਣ ਦੇ ਨਾਲ-ਨਾਲ ਇਸ ਦੀ ਤੁਲਨਾ ''ਭੀਖ਼'' ਤੱਕ ਨਾਲ ਕਰ ਦਿੱਤੀ।

    ਪਰ ਇਸ ਦੇ ਨਾਲ ਹੀ ਸੂਬੇ ਦੀਆਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵੀ ਅਜਿਹੇ ਹੀ ਐਲਾਨ ਕਰਨ ਦੇ ਰਾਹ ਪੈ ਗਏ। ਆਓ, ਅਸੀਂ ਜਾਣੀਏ ਕਿ ਪੰਜਾਬ ਵਿੱਚ ਕਿਹੜੀ ਸਿਆਸੀ ਪਾਰਟੀ ਨੇ ਹੁਣ ਤੱਕ ਕਿਹੋ ਜਿਹੇ ਵਾਅਦੇ ਜਾਂ ਐਲਾਨ ਕੀਤੇ ਹਨ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

  4. ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਨਿਕਲੇ, ਇਨ੍ਹਾਂ ਸ਼ਰਤਾਂ ’ਤੇ ਮਿਲੀ ਫਰਲੋ

    ਬੀਬੀਸੀ ਸਹਿਯੋਗੀ ਸਤ ਸਿੰਘ ਨੇ ਉਨ੍ਹਾਂ ਸ਼ਰਤਾਂ ਦੀ ਜਾਣਕਾਰੀ ਦਿੱਤੀ ਜਿਸ ਦਾ ਪਾਲਣ ਜੇਲ੍ਹ ਤੋਂ ਬਾਹਰ ਡੇਰਾ ਮੁਖੀ ਨੂੰ ਕਰਨਾ ਪਵੇਗਾ। ਇਨ੍ਹਾਂ ਸ਼ਰਤਾਂ ਕਾਰਨ ਡੇਰਾ ਮੁਖੀ ਗੁਰੂਗ੍ਰਾਮ ਦੇ ਨਿਜੀ ਫਾਰਮ ਹਾਊਸ ਵਿੱਚ ਰਹਿਣਗੇ।

  5. ‘ਅਲੋਚਨਾ ਜੀਵਿਤ ਲੋਕਤੰਤਰ ਦਾ ਇੱਕ ਗਹਿਣਾ ਹੈ, ਅੰਧਵਿਰੋਧ ਲੋਕਤੰਤਰ ਦਾ ਅਨਾਦਰ ਹੈ’

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਵਿਰੋਧੀ ਧਿਰ ਕਾਂਗਰਸ ‘ਤੇ ਨਿਸ਼ਾਨਾ ਸਾਧਿਆ।

    ਉਨ੍ਹਾਂ ਨੇ ਬੰਗਾਲ, ਗੋਆ ਆਦਿ ਸੂਬਿਆਂ ਦੇ ਨਾਮ ਗਿਣਵਾ ਕੇ ਕਿਹਾ ਕਿ ਇਨ੍ਹਾਂ ਸੂਬਿਆਂ ਵਿੱਚ ਕਈ ਸਾਲਾਂ ਤੋਂ ਕਾਂਗਰਸ ਨਹੀਂ ਆਈ।

    ਉਨ੍ਹਾਂ ਨੇ ਅੱਗੇ ਕਿਹਾ, “ਅਲੋਚਨਾ ਜੀਵਿਤ ਲੋਕਤੰਤਰ ਦਾ ਇੱਕ ਗਹਿਣਾ ਹੈ, ਅੰਧਵਿਰੋਧ ਲੋਕਤੰਤਰ ਦਾ ਅਨਾਦਰ ਹੈ।“

    ਉਨ੍ਹਾਂ ਨੇ ਵੀ ਕਿਹਾ ਕਿ ਮਹਾਮਾਰੀ ਦਾ ਸਿਆਸਤ ਲਈ ਇਸਤੇਮਾਲ ਕੀਤਾ ਗਿਆ।

    “ਅਸੀਂ ਸਾਰੇ ਸੰਸਕਾਰ, ਸੁਭਾਅ ਤੇ ਵਿਹਾਰ ਨਾਲ ਲੋਕਤੰਤਰ ਲਈ ਵਚਨਬੱਧ ਹਾਂ ਅਤੇ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਹਾਂ।”

    ਮੋਦੀ ਨੇ ਕਿਹਾ, “ਇਸ ਕੋਰੋਨਾ ਕਾਲ ਵਿੱਚ ਤਾਂ ਕਾਂਗਰਸ ਨੇ ਹਦ ਕਰ ਦਿੱਤੀ। ਪਹਿਲੀ ਲਹਿਰ ਵਿੱਚ ਜਦੋਂ ਦੇਸ ਲੌਕਡਾਊਨ ਦਾ ਪਾਲਣ ਕਰ ਰਿਹਾ ਸੀ ਉਸ ਵੇਲੇ ਕਾਂਗਰਸ ਨੇ ਕੀ ਕੀਤਾ, ਮੁੰਬਈ ਵਿੱਚ ਲੋਕਾਂ ਨੂੰ ਮੁਫ਼ਤ ਟਿਕਟ ਦੇ ਕੇ ਲੋਕਾਂ ਨੂੰ ਸੂਬਿਆਂ ਵਿੱਚ ਭੇਜਿਆ ਗਿਆ।“

    “ਦਿੱਲੀ ਵਿੱਚ ਜੋ ਸਰਕਾਰ ਸੀ ਉਸ ਨੇ ਲੋਕਾਂ ਨੂੰ ਮੁਫ਼ਤ ਬਸਾਂ ਨਾਲ ਘਰ ਵਾਪਸ ਭੇਜਿਆ ਜਿਸ ਨਾਲ ਯੂਪੀ ਉਤਰਾਖੰਡ ਤੇ ਪੰਜਾਬ ਵਿੱਚ ਜਿੱਥੇ ਕੋਰੋਨਾ ਨਹੀਂ ਸੀ ਉੱਥੇ ਵੀ ਕੋਰੋਨਾ ਫੈਲਾਇਆ।“

    ਪੀਐੱਮ ਨੇ ਅੱਗੇ ਕਿਹਾ, “ਜੇਕਰ ਅਸੀਂ ਸਥਾਨਕ ਲੋਕਾਂ ਲਈ ਆਵਾਜ਼ ਉਠਾਉਣ ਦੀ ਗੱਲ ਕਰ ਰਹੇ ਹਾਂ ਤਾਂ ਕੀ ਅਸੀਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਹੇ? ਫਿਰ ਵਿਰੋਧੀ ਧਿਰ ਵੱਲੋਂ ਇਸ ਦਾ ਮਜ਼ਾਕ ਕਿਉਂ ਉਡਾਇਆ ਜਾ ਰਿਹਾ ਸੀ?”

    “ਅਸੀਂ ਯੋਗਾ ਅਤੇ ਫਿਟ ਇੰਡੀਆ ਬਾਰੇ ਗੱਲ ਕੀਤੀ ਪਰ ਵਿਰੋਧੀ ਧਿਰ ਨੇ ਇਸ ਦਾ ਮਜ਼ਾਕ ਵੀ ਬਣਾਇਆ।“

    “ਉਨ੍ਹਾਂ ਨੇ 100 ਸਾਲ ਸੱਤਾ ਵਿੱਚ ਨਾ ਆਉਣ ਦਾ ਮਨ ਬਣਾ ਲਿਆ ਹੈ।“

  6. ਪੰਜਾਬ ਚੋਣਾਂ: ਮੁੱਖ ਮੰਤਰੀ ਚੰਨੀ ਸਿਰ ਹੈ ਕਰਜ਼ਾ ਤੇ ਸੁਖਬੀਰ ਬਾਦਲ ਕੋਲ ਨਹੀਂ ਹੈ ਆਪਣੀ ਕਾਰ

    ਪੰਜਾਬ ਦੇ ਪੰਜ ਵੱਡੇ ਨੇਤਾ ਜਿਨ੍ਹਾਂ ਉੱਪਰ ਸਭ ਦੀਆਂ ਨਿਗਾਹਾਂ ਟਿਕੀਆਂ ਹਨ, ਦੇ ਨਾਮਜ਼ਦਗੀ ਕਾਗਜ਼ਾਂ ਉਨ੍ਹਾਂ ਦੀ ਚੱਲ -ਅਚੱਲ ਜਾਇਦਾਦ ਵਿੱਚ ਵਾਧੇ -ਘਾਟੇ ਹੋਏ ਹਨ।

    ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਭਰੇ ਗਏ ਨਾਮਜ਼ਦਗੀ ਕਾਗਜ਼ਾਂ ਵਿੱਚ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  7. ਪੰਜਾਬ ਚੋਣਾਂ 2022: ਪੰਜਾਬ ਕਾਂਗਰਸ ਵਿੱਚ ਆਪਣਿਆਂ ਦੇ ਹੀ 'ਬਾਗੀ ਮੋਰਚੇ' ਵਿੱਚ ਕੌਣ-ਕੌਣ ਹੋਇਆ ਸ਼ਾਮਲ

    ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸੂਬੇ ਦੇ ਕਈ ਕਾਂਗਰਸੀ ਆਗੂਆਂ ਦੇ ਨਾਰਾਜ਼ ਰਿਸ਼ਤੇਦਾਰਾਂ ਨੇ ਆਜ਼ਾਦ ਤੌਰ 'ਤੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਵਿੱਚ ਮਨਜੀਤ ਕੌਰ ਇਕੱਲੇ ਨਹੀਂ ਹਨ।

    ਇਹ ਉਮੀਦਵਾਰ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਲਈ ਟਿਕਟ ਦੇ ਚਾਹਵਾਨ ਸਨ। ਬੀਬੀਸੀ ਦੇ ਇਸ ਲੇਖ ਰਾਹੀਂ ਅਸੀਂ ਉਨ੍ਹਾਂ ਉਮੀਦਵਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਨਾਰਾਜ਼ ਹੋ ਕੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  8. ਡੇਰੀ ਮੁਖੀ ਫਰਲੋ ਦੇ ਖ਼ਿਲਾਫ਼ ਆਦਲਤ ਵਿੱਚ ਜਾਵਾਂਗੇ- ਅੰਸ਼ੂਲ ਛਤਰਪਤੀ

    ਡੇਰਾ ਮੁਖੀ ਨੂੰ ਫਰਲੋ ਦਿੱਤੇ ਜਾਣ ਬਾਰੇ ਅੰਸ਼ੂਲ ਛਤਰਪਤੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ।

    2002 ਵਿੱਚ ਹਰਿਆਣਾ ਦੇ ਸਿਰਸਾ ਤੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਰਾਮ ਰਹੀਮ ਨੂੰ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

    ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਦੀ ਰਿਪੋਰਟ ਮੁਤਾਬਕ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਜਿਸ ਮੌਕੇ ਫਰਲੋ ਦਿੱਤੀ ਗਈ ਹੈ ਉਹ ਵੋਟ ਬੈਂਕ ਅਤੇ ਗੰਦੀ ਰਾਜਨੀਤੀ ਦਾ ਨਤੀਜਾ ਹੈ।

    ਉਨ੍ਹਾਂ ਨੇ ਕਿਹਾ ਹੈ, “ਸਰਕਾਰ ਨੇ ਪੰਜਾਬ ਅਤੇ ਯੂਪੀ ਦੀਆਂ ਵੋਟਾਂ ਨੂੰ ਦੇਖਦਿਆਂ ਹੋਇਆ ਜਿਸ ਸਮੇਂ ਇਹ ਫਰਲੋ ਦਿੱਤੀ ਗਈ ਹੈ, ਇਹ ਬੇਸ਼ਰਮੀ ਭਰਿਆ ਫ਼ੈਸਲਾ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ।“

    “ਅਸੀਂ ਉਸ ਦੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖਟਖਟਾਵਾਂਗੇ, ਕਿਉਂਕਿ ਜਿਸ ਸਮੇਂ ਗੁਰਮੀਤ ਰਾਮ ਰਹੀਮ ਦਾ ਫ਼ੈਸਲਾ ਆਇਆ ਸੀ ਸਾਲ 2017 ਵਿੱਚ ਅਤੇ ਤਿੰਨਾਂ ਸਟੇਟਾਂ ‘ਚ ਖ਼ੂਨ-ਖਰਾਬਾ ਹੋਇਆ, ਕਰੋੜਾਂ ਦੀ ਪ੍ਰੋਪਰਟੀ ਦਾ ਨੁਕਸਾਨ ਹੋਇਆ ਤੇ ਸੂਬਾ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲਾ ਲੈਣਾ ਚਾਹੀਦਾ ਸੀ ਤੇ ਡੂੰਘਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦੀ ਸੀ।“

    “ਇਸ ਤੋਂ ਪਹਿਲਾਂ ਜਦੋਂ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਲਗਾਈ ਤਾਂ ਇਹੀ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਰਿਹਾ ਸੀ ਕਿ ਇਨ੍ਹਾਂ ਦੇ ਬਾਹਰ ਆਉਣ ਨਾਲ ਅਮਨ-ਕਾਨੂੰਨ ਭੰਗ ਹੋ ਸਕਦਾ ਹੈ ਤੇ ਉਨ੍ਹਾਂ ਰਿਪੋਰਟਾਂ ਦੇ ਮੱਦੇਨਜ਼ਰ ਵੀ ਸਰਕਾਰ ਨੂੰ ਸ਼ਾਇਦ ਇਹ ਫ਼ੈਸਲਾ ਨਹੀਂ ਲੈਣਾ ਚਾਹੀਦਾ ਸੀ।“

  9. ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਨਿਕਲੇ

    ਬੀਬੀਸੀ ਸਹਿਯਗੀ ਸਤ ਸਿੰਘ ਦੀ ਰਿਪੋਰਟ ਮੁਤਾਬਕ ਗੁਰਮੀਤ ਰਾਮ ਰਹੀਮ ਸਖ਼ਤ ਸੁਰੱਖਿਆ ਹੇਠ ਸੁਨਾਰੀਆ ਜੇਲ੍ਹ ਨਿਕਲ ਗਏ ਹਨ। ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ।

    ਰਾਮ ਰਹੀਮ 3 ਵਜ ਕੇ 22 ਮਿੰਟ ‘ਤੇ ਜੇਲ੍ਹ ਵਿੱਚੋਂ ਨਿਕਲੇ ਸਨ।

  10. ਰਾਮ ਰਹੀਮ ਦੀ ਫਰਲੋ ‘ਤੇ ਐੱਸੀਜੀਪੀਸੀ ਨੇ ਜਤਾਇਆ ਇਤਰਾਜ਼

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਫਰਲੋ ਦਿੱਤੇ ਜਾਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।

    ਉਨ੍ਹਾਂ ਕਿਹਾ, “ਇਹ ਫ਼ੈਸਲਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ, ਜਿਸ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।“

    “ਡੇਰਾ ਸਿਰਸਾ ਮੁਖੀ ਜਿੱਥੇ ਬਲਾਤਕਾਰ ਤੇ ਕਤਲ ਵਰਗੇ ਸੰਗੀਨ ਦੋਸ਼ਾਂ ਤਹਿਤ ਸਜ਼ਾ ਕੱਟ ਰਿਹਾ ਹੈ, ਉਥੇ ਹੀ ਇਸ ਦਾ ਸਬੰਧ ਸਾਲ 2015 ਵਿਚ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਵੀ ਸਿੱਧਾ ਜੁੜਦਾ ਹੈ।“

    “ਦੁੱਖ ਦੀ ਗੱਲ ਹੈ ਕਿ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਰਲ ਕੇ ਰਾਜਸੀ ਖੇਡ ਖੇਡੀ ਜਾ ਰਹੀ ਹੈ।“

    ਐਡਵੋਕੇਟ ਧਾਮੀ ਨੇ ਅੱਗੇ ਕਿਹਾ ਕਿ ਚੋਣਾਂ ਮੌਕੇ ਭਾਜਪਾ ਰਾਜਸੀ ਲਾਹਾ ਲੈਣ ਦੇ ਮੰਤਵ ਨਾਲ ਦੇਸ਼ ਅਤੇ ਖ਼ਾਸਕਰ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਤੋਂ ਵੀ ਗੁਰੇਜ ਨਹੀਂ ਕਰ ਰਹੀ।

  11. ਡੇਰਾ ਸੱਚਾ ਸੌਦਾ ਵੱਲੋਂ ਸੰਗਤ ਨੂੰ ਅਪੀਲ

    ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਅਪੀਲ ਕੀਤੀ ਹੈ ਕਿ ਸੰਗਤ ਆਪਣੇ ਘਰਾਂ ਵਿੱਚ ਹੀ ਰਹੇ।

    ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ, “ਅਪੀਲ ਹੈ ਕਿ ਸਾਧ ਸੰਗਤ ਆਪਣੇ ਘਰਾਂ ਵਿੱਚ ਹੀ ਰਹੇ, ਅਜੇ ਦਰਸ਼ਨਾਂ ਬਾਰੇ ਕੋਈ ਵੀ ਪ੍ਰੋਗਰਾਮ ਹੋਵੇਗਾ ਤਾਂ ਤੁਹਾਨੂੰ ਦੱਸਿਆ ਜਾਵੇਗਾ।“

    “ਕਿਸੇ ਦੀ ਤਰ੍ਹਾਂ ਦੀ ਅਫ਼ਵਾਹ ਵਿੱਚ ਨਾ ਆਓ ਅਤੇ ਡੇਰਾ ਸੱਚਾ ਸੌਦਾ ਦੇ ਜੋ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ਹਨ ਉਨ੍ਹਾਂ ‘ਤੇ ਹੀ ਦਿੱਤੀ ਗਈ ਜਾਣਕਾਰੀ ‘ਤੇ ਅਮਲ ਕੀਤਾ ਜਾਵੇ।“

  12. ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਨ੍ਹਾਂ ਸ਼ਰਤਾਂ ‘ਤੇ ਮਿਲੀ ਹੈ ਫਰਲੋ

    ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਲਈ ਫਰਲੋ ਮਿਲੀ ਹੈ। ਉਨ੍ਹਾਂ ਦੀ ਫਰਲੋ ਲਈ ਇਹ ਨਿਯਮ ਤੈਅ ਕੀਤੇ ਗਏ ਹਨ।

    • ਰਾਮ ਰਹੀਮ 21 ਦਿਨਾਂ ਦੀ ਫਰਲੋ ਦੌਰਾਨ ਗੁਰੂਗ੍ਰਾਮ ਨਿੱਜੀ ਫਾਰਮ ਹਾਊਸ ਵਿੱਚ ਰਹਿਣਗੇ।
    • ਰਾਮ ਰਹੀਮ ਪੁਲਿਸ ਸੁਰੱਖਿਆ ਵਿੱਚ ਰਹਿਣਗੇ।
    • ਕੋਈ ਭੀੜ ਇਕੱਠੀ ਨਹੀਂ ਹੋਵੇਗੀ।
    • ਕੋਈ ਸਤਿਸੰਗ ਨਹੀਂ ਕਰਨਗੇ।
    • ਗੁਰੂਗ੍ਰਾਮ ਜੇਕਰ ਛੱਡਣਗੇ ਤਾਂ ਗੁਰੂਗ੍ਰਾਮ ਡੀਐੱਮ ਤੋਂ ਆਗਿਆ ਲੈਣੀ ਹੋਵੇਗੀ।
    • ਹਰ ਹਫ਼ਤੇ ਥਾਣੇ ਵਿੱਚ ਹਾਜ਼ਰੀ ਦੇਣੀ ਹੋਵੇਗੀ।
    • ਕੋਈ ਭਾਸ਼ਣ ਜਾਂ ਪ੍ਰਵਚਨ ਨਹੀਂ ਕਰਨਗੇ।
    • ਕੋਈ ਸਿਆਸੀ ਗੱਲਬਾਤ ਨਹੀਂ ਕਹਿਣਗੇ।
    • ਇਸ ਤੋਂ ਇਲਾਵਾ ਰੋਹਤਕ ਜੇਲ੍ਹ ਤੋਂ ਡੀਐੱਮ ਦੇ ਰਿਲੀਜ਼ ਆਰਡਰ ਆਉਣ ਤੋਂ ਬਾਅਦ ਛੱਡਿਆ ਜਾਵੇਗਾ।
  13. ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੂੰ ਇਨ੍ਹਾਂ ਸ਼ਰਤਾਂ ਦਾ ਕਰਨਾ ਪਵੇਗਾ ਪਾਲਣ

    ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਮਿਲ ਗਈ ਹੈ।

    ਬੀਬੀਸੀ ਸਹਿਯੋਗੀ ਸਤ ਸਿੰਘ ਨੇ ਉਨ੍ਹਾਂ ਸ਼ਰਤਾਂ ਦੀ ਜਾਣਕਾਰੀ ਦਿੱਤੀ ਜਿਸ ਦਾ ਪਾਲਣ ਜੇਲ੍ਹ ਤੋਂ ਬਾਹਰ ਡੇਰਾ ਮੁਖੀ ਨੂੰ ਕਰਨਾ ਪਵੇਗਾ।

    ਇਨ੍ਹਾਂ ਸ਼ਰਤਾਂ ਕਾਰਨ ਡੇਰਾ ਮੁਖੀ ਗੁਰੂਗ੍ਰਾਮ ਦੇ ਨਿਜੀ ਫਾਰਮ ਹਾਊਸ ਵਿੱਚ ਰਹਿਣਗੇ। ਇਸ ਦੌਰਾਨ ਕੋਈ ਭੀੜ ਰਾਜਨੀਤਿਕ ਗੱਲ ਕੋਈ ਭਾਸ਼ਣ ਅਤੇ ਪ੍ਰਵਚਨ ਨਹੀਂ ਦਿੱਤੇ ਜਾਣਗੇ।

    ਇਸ ਦੌਰਾਨ ਡੇਰਾ ਮੁਖੀ ਪੁਲੀਸ ਸੁਰੱਖਿਆ ਵਿੱਚ ਹੀ ਰਹਿਣਗੇ ਅਤੇ ਜੇਕਰ ਗੁਰੂਗ੍ਰਾਮ ਤੋਂ ਬਾਹਰ ਜਾਣਾ ਹੈ ਤਾਂ ਡਿਸਟ੍ਰਿਕ ਮੈਜਿਸਟ੍ਰੇਟ ਦੀ ਆਗਿਆ ਲੈਣੀ ਪਵੇਗੀ।

    ਡੇਰਾ ਮੁਖੀ ਨੂੰ ਹਰ ਹਫ਼ਤੇ ਥਾਣੇ ਵਿੱਚ ਹਾਜ਼ਰੀ ਦੇਣੀ ਪਵੇਗੀ।

  14. 'ਪੰਜਾਬ ਮਾਡਲ' ਉਪਰ ਮੇਰਾ ਕੋਈ ਕਾਪੀਰਾਈਟ ਨਹੀਂ:ਨਵਜੋਤ ਸਿੰਘ ਸਿੱਧੂ

    ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ 'ਪੰਜਾਬ ਮਾਡਲ' ਉੱਪਰ ਉਨ੍ਹਾਂ ਦਾ ਕੋਈ ਕਾਪੀਰਾਈਟ ਨਹੀਂ ਹੈ। ਇਹ ਮਾਡਲ ਪੂਰੇ ਸੂਬੇ ਵਾਸਤੇ ਸਾਂਝਾ ਕੀਤਾ ਗਿਆ ਸੀ ਅਤੇ ਉਹ ਚਾਹੁੰਦੇ ਹਨ ਕਿ ਲੋਕਾਂ ਦੀ ਭਲਾਈ ਹੋਵੇ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਕੋਈ ਵੀ ਇਸ ਵਿੱਚੋਂ ਚੰਗੇ ਨੁਕਤੇ ਚੁਣ ਕੇ ਕੰਮ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਹੈ।

    ਸਿੱਧੂ ਨੇ ਆਖਿਆ ਕਿ ਉਨ੍ਹਾਂ ਨੇ ਪਾਰਟੀ ਨੂੰ ਪੰਜਾਬ ਮਾਡਲ ਦੀ ਜਾਣਕਾਰੀ ਦੇ ਦਿੱਤੀ ਹੈ। ਇਸ ਨੂੰ ਲਾਗੂ ਕਰਨ ਦੀ ਤਾਕਤ ਚਰਨਜੀਤ ਸਿੰਘ ਚੰਨੀ ਵਿੱਚਹੈ।

    ਨਵਜੋਤ ਸਿੰਘ ਸਿੱਧੂ ਮੁਤਾਬਕ ਉਨ੍ਹਾਂ ਦਾ ਪੰਜਾਬ ਮਾਡਲ ਬੱਚਿਆਂ, ਨੌਜਵਾਨਾਂ ਅਤੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਤਿਆਰ ਕੀਤਾ ਗਿਆ ਹੈ।

  15. ਸਕੂਲ ਖੁੱਲ੍ਹਵਾਉਣ ਲਈ ਕਿਸਾਨਾਂ ਦਾ ਚੱਕਾ ਜਾਮ

    ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪ੍ਰਾਇਮਰੀ ਸਕੂਲ ਖੋਲਣ ਦੀ ਮੰਗ ਨੂੰ ਲੈ ਕੇ ਪਿੰਡ ਚੀਮਾ ਕੋਲ ਬਰਨਾਲਾ-ਮੋਗਾ ਰੋਡ ਦੋ ਘੰਟੇ ਲਈ ਜਾਮ ਕੀਤਾ ਗਿਆ ਹੈ।

  16. ਸੁਖਬੀਰ ਬਾਦਲ ਦੇ ਬੇਟੀ ਜਲਾਲਾਬਾਦ ਵਿਚ ਪ੍ਰਚਾਰ ਕਰਦੇ ਹੋਏ

  17. ਗੁਰਮੀਤ ਰਾਮ ਰਹੀਮ ਨੂੰ ਚੋਣਾਂ ਤੋਂ ਪਹਿਲਾਂ ਪੈਰੋਲ ਮਹਿਜ਼ ਇਕ ਸੰਯੋਗ:ਮਨੋਹਰ ਲਾਲ ਖੱਟਰ

    ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਖਿਆ ਕਿ ਗੁਰਮੀਤ ਰਾਮ ਰਹੀਮ ਨੂੰ ਅੱਜ ਫਰਲੋ ਮਿਲਣ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਸਿਰਫ ਇਕ ਸੰਜੋਗ ਹੈ।

    ਮਨੋਹਰ ਲਾਲ ਖੱਟਰ ਨੇ ਆਖਿਆ,"ਤਿੰਨ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੈਦੀ ਪੈਰੋਲ ਲਈ ਅਪਲਾਈ ਕਰ ਸਕਦਾ ਹੈ। ਇਸ ਵਿਚ ਜੇਲ੍ਹ ਪ੍ਰਸ਼ਾਸਨ ਅਤੇ ਦੂਸਰੇ ਅਧਿਕਾਰੀ ਸ਼ਾਮਲ ਰਹਿੰਦੇ ਹਨ। ਇਹ ਕੈਦੀਆਂ ਦਾ ਅਧਿਕਾਰ ਹੈ।"

    ਅਦਾਕਾਰਾ ਮਾਹੀ ਗਿੱਲ ਅਤੇ ਹੌਬੀ ਧਾਲੀਵਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਮਨੋਹਰ ਲਾਲ ਖੱਟਰ ਵੀ ਉੱਥੇ ਮੌਜੂਦ ਸਨ ਅਤੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਰਾਮ ਰਹੀਮ ਬਾਰੇ ਸਵਾਲ ਪੁੱਛਿਆ।

    ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਡੇਰੇ ਦਾ ਪ੍ਰਭਾਵ ਹੈ।

  18. ਅਦਾਕਾਰ ਹੌਬੀ ਧਾਲੀਵਾਲ ਅਤੇ ਮਾਹੀ ਗਿੱਲ ਹੋਏ ਭਾਜਪਾ ਵਿੱਚ ਸ਼ਾਮਲ

    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਅਤੇ ਅਦਾਕਾਰਾ ਮਾਹੀ ਗਿੱਲ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ।

    ਚੰਡੀਗੜ੍ਹ ਵਿਖੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਜੂਦਗੀ ਵਿਚ ਪਾਰਟੀ ਦਾ ਹਿੱਸਾ ਬਣੇ।

    ਮਾਹੀ ਗਿੱਲ ਨੇ ਆਖਿਆ ਕਿ ਉਹ ਪੰਜਾਬ ਵਿੱਚ ਔਰਤਾਂ ਦੀ ਬਿਹਤਰੀ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ।

    ਹੌਬੀ ਧਾਲੀਵਾਲ ਨੇ ਆਖਿਆ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਕਦੇ ਵੀ ਅਹਿਮੀਅਤ ਨਹੀਂ ਦਿੱਤੀ ਗਈ। ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਗੇ।

  19. ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪੈਰੋਲ

    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਹੈ।

    ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੂੰ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

    ਹਰਚਰਨ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੈਰੋਲ ਲੈਣ ਦਾ ਹਰ ਇਕ ਨੂੰ ਅਧਿਕਾਰ ਹੈ ਅਤੇ ਡੇਰਾ ਮੁਖੀ ਇਸ ਗੱਲ ਤੋਂ ਵਾਂਝੇ ਚੱਲ ਰਹੇ ਸਨ।

    ਹਰਚਰਨ ਸਿੰਘ ਨੇ ਆਖਿਆ ਕਿ ਡੇਰੇ ਵਿਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਜਦੋਂ ਉੱਚ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੋਵੇਗੀ ਤਾਂ ਉਨ੍ਹਾਂ ਨੂੰ ਆਸ ਹੈ ਕਿ ਡੇਰਾ ਮੁਖੀ ਦੋਸ਼ਮੁਕਤ ਕਰਾਰ ਕਰ ਦਿੱਤੇ ਜਾਣਗੇ।

    ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਸੰਗੀਨ ਦੋਸ਼ਾਂ ਹੇਠ ਡੇਰਾਮੁਖੀ ਜੇਲ੍ਹ ਵਿੱਚ ਹਨ।

  20. ਚੰਨੀ ਨੂੰ ਮੁੱਖ ਮੰਤਰੀ ‍ਬਣਾਉਣਾ ਰਾਹੁਲ ਗਾਂਧੀ ਦੇ ਸਭ ਤੋਂ ਵਧੀਆ ਫ਼ੈਸਲਿਆਂ ਵਿੱਚ ਇਕ:ਸੁਨੀਲ ਜਾਖੜ

    ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਦਾ ਚਿਹਰਾ ਐਲਾਨੇ ਜਾਣ ਦੇ ਰਾਹੁਲ ਗਾਂਧੀ ਦੇ ਫ਼ੈਸਲੇ ਦਾ ਸਵਾਗਤ ਹੈ।

    ਸੁਨੀਲ ਜਾਖੜ ਨੇ ਇਕ ਟਵੀਟ ਰਾਹੀਂ ਆਖਿਆ ਹੈ ਕਿ ਇਕ ਸਾਧਾਰਨ ਪਰਿਵਾਰ ਤੋਂ ਆਉਣ ਵਾਲੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਰਾਹੁਲ ਗਾਂਧੀ ਦੇ ਰਾਜਨੀਤਕ ਕਰੀਅਰ ਦੇ ਸਭ ਤੋਂ ਵਧੀਆ ਫ਼ੈਸਲਿਆਂ ਵਿੱਚੋਂ ਇੱਕ ਹੈ।