You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ 2022: ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ

ਕਾਂਗਰਸ ਆਗੂ ਰਾਹੁਲ ਗਾਂਧੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਵਰਚੁਅਲ ਰੈਲੀ ਕਰਨਗੇ, ਜਿਸ ਵਿੱਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾ ਸਕਦਾ ਹੈ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ

    • ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਲੁਧਿਆਣਾ ਵਿੱਚ ਵਰਚੂਅਲ ਰੈਲੀ ਦੌਰਾਨ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ।
    • ਉਨ੍ਹਾਂ ਦੀ ਰੈਲੀ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਤੋਂ ਨਵਜੋਤ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
    • ਸੁਨੀਲ ਜਾਖੜ,ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਰੇਸ ਵਿੱਚ ਸਨ।
    • ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ,"ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ ਬਲਕਿ ਮਾਫ਼ੀਆ ਦਾ ਮੁੱਖ ਮੰਤਰੀ ਚਿਹਰਾ ਚੁਣ ਕੇ ਗਰੀਬਾਂ ਅਤੇ ਆਮ ਲੋਕਾਂ ਦਾ ਮਜ਼ਾਕ ਉਡਾਇਆ।"
    • ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ,’’ਸੈਂਡ ਮਾਫ਼ੀਆ ਦੀ ਜਿੱਤ ਹੋ ਗਈ ਹੈ। ਅੱਜ ਚੀਫ਼ ਮਨਿਸਟਰ ਦਾ ਕੈਂਡੀਡੇਟ ਇਨ੍ਹਾਂ ਦਾ ਸੈਂਡ ਮਾਫ਼ੀਆ ਹੈ।
    • ਭਾਜਪਾ ਨੇ ਯੂਪੀ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ਨੂੰ ਜਾਰੀ ਕਰਨਾ ਲਤਾ ਮੰਗੇਸ਼ਕਰ ਦੇ ਦੇਹਾਂਤ ਕਾਰਨ ਮੁਲਤਵੀ ਕਰ ਦਿੱਤਾ ਹੈ।
    • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਟਵੀਟ ਜ਼ਰੀਏ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
  2. ਚਰਨਜੀਤ ਸਿੰਘ ਚੰਨੀ ਨੇ ਨਾਨਕਸਰ ਕਲੇਰਾਂ ਟੇਕਿਆ ਮੱਥਾ

    ਬੀਬੀਸੀ ਪੰਜਾਬੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਮੁਤਾਬਕ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪਹਿਲੀ ਵਾਰ ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿਖੇ ਨਤਮਸਤਕ ਹੋਏ।

    ਉਹ ਦੇਰ ਸ਼ਾਮ ਸਮੇਂ ਸਭ ਤੋਂ ਪਹਿਲਾਂ ਮੁੱਖ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਮੱਥਾ ਟੇਕਣ ਉਪਰੰਤ ਅਰਦਾਸ ਕੀਤੀ।

    ਮੁੱਖ ਮੰਤਰੀ ਜਦੋਂ ਨਾਨਕਸਰ ਮੁੱਖ ਦਰਬਾਰ ਸਾਹਿਬ ਪਹੁੰਚੇ ਤਾਂ ਕੀਰਤਨ ਹੋ ਰਿਹਾ ਸੀ ਜਿਸ ਦਾ ਉਨ੍ਹਾਂ ਥੋੜ੍ਹੀ ਦੇਰ ਉਥੇ ਬੈਠ ਕੇ ਆਨੰਦ ਮਾਣਿਆ।

    ਇਸ ਮਗਰੋਂ ਉਨ੍ਹਾਂ ਨਾਨਕਸਰ ਸੰਪਰਦਾਇ ਦੇ ਸੰਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ।

    ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਲੱਖਾ ਸਿੰਘ ਨਾਨਕਸਰ ਅਤੇ ਬਾਬਾ ਅਰਵਿੰਦਰ ਸਿੰਘ ਨੇ ਉਨ੍ਹਾਂ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ।

  3. ਸੀਐੱਮ ਦੇ ਚਿਹਰੇ ਵਜੋਂ ਐਲਾਨ ਤੋਂ ਬਾਅਦ ਚੰਨੀ ਦਾ ਰੋਡ ਸ਼ੋਅ

    ਰਾਹੁਲ ਗਾਂਧੀ ਦੀ ਰੈਲੀ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਗੱਡੀਆਂ ਦੇ ਕਾਫਲੇ ਨਾਲ ਰੈਲੀ ਵਾਲੀ ਥਾ ਤੋਂ ਮੁੱਲਾਂਪੁਰ ਸ਼ਹਿਰ ਵੱਲ ਰਵਾਨਾ ਹੋਏ ਅਤੇ ਇਹ ਰੋਡ ਸ਼ੋਅ ਕੀਤਾ।

    ਬੀਬੀਸੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਮੁਤਾਬਕ ਉਨ੍ਹਾਂ ਨੇ ਹਲਕਾ ਦਾਖਾ ’ਚ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ’ਚ ਰੋਡ ਸ਼ੋਅ ਕੀਤਾ।

  4. ਰਾਹੁਲ ਗਾਂਧੀ ਦੀ ਰੈਲੀ ਦੀਆਂ ਕੁਝ ਤਸਵੀਰਾਂ

  5. ਸੈਂਡ ਮਾਫ਼ੀਆ ਦੀ ਜਿੱਤ ਹੋ ਗਈ ਹੈ- ਸੁਖਬੀਰ ਬਾਦਲ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਦੀ ਆਉਣ ਵਾਲੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਦਾ ਦਾਅਵਾ ਕੀਤਾ।

    ਉਨ੍ਹਾਂ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਬਾਰੇ ਕਿਹਾ,’’ਸੈਂਡ ਮਾਫ਼ੀਆ ਦੀ ਜਿੱਤ ਹੋ ਗਈ ਹੈ। ਅੱਜ ਚੀਫ਼ ਮਨਿਸਟਰ ਦਾ ਕੈਂਡੀਡੇਟ ਇਨ੍ਹਾਂ ਦਾ ਸੈਂਡ ਮਾਫ਼ੀਆ ਹੈ।

    ਇਹ ਸ਼ਬਦ ਉਨ੍ਹਾਂ ਨੇ ਪਟਿਆਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।

  6. ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ, ਮਾਫ਼ੀਆ ਮੁੱਖ ਮੰਤਰੀ ਚਿਹਰਾ ਚੁਣਿਆ: ਭਗਵੰਤ ਮਾਨ

    ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਦਾ ਚਿਹਰਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਘੋਸ਼ਿਤ ਕੀਤੇ ਜਾਣ 'ਤੇ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਉੱਪਰ ਸਿਆਸੀ ਹਮਲਾ ਕੀਤਾ।

    ਉਨ੍ਹਾਂ ਨੇ ਕਿਹਾ, "ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ ਬਲਕਿ ਮਾਫ਼ੀਆ ਦਾ ਮੁੱਖ ਮੰਤਰੀ ਚਿਹਰਾ ਚੁਣ ਕੇ ਗਰੀਬਾਂ ਅਤੇ ਆਮ ਲੋਕਾਂ ਦਾ ਮਜ਼ਾਕ ਉਡਾਇਆ। "

    ਮਾਨ ਨੇ ਕਿਹਾ ਕਿ ਕਾਂਗਰਸ ਦੇ ਇਸ ਫ਼ੈਸਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਹਿਲਾਂ ਵਾਂਗ ਹੀ ਪੰਜਾਬ ਨੂੰ ਲੁੱਟਣਾ ਅਤੇ ਕੁੱਟਣਾ ਚਾਹੁੰਦੀ ਹੈ।

    ਇਸੇ ਕਰਕੇ ਉਹਨਾਂ ਨੇ ਮੁੜ ਇੱਕ ਅਜਿਹੇ ਵਿਅਕਤੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਕਰ ਦਿੱਤਾ ਜਿਸਦੇ ਅਕਸ 'ਤੇ ਇੱਕ ਨਹੀਂ ਅਨੇਕਾਂ ਦਾਗ਼ ਹਨ।

    ਮਾਨ ਨੇ ਚੰਨੀ ਵੱਲੋਂ ਆਪਣੇ ਜਾਂ ਆਪਣੀ ਪਤਨੀ ਦੇ ਨਾਮ ਤੇ ਕੋਈ ਜਾਇਦਾਦ ਨਾ ਬਣਾਉਣ ਜਾਂ ਕਾਰੋਬਾਰ ਨਾ ਕਰਨ ਦੇ ਬਿਆਨ ਤੇ ਵੀ ਚੁਟਕੀ ਲਈ।

    ਉਨ੍ਹਾਂ ਨੇ ਕਿਹਾ, ''ਸਾਰਾ ਕੁੱਝ ਆਪਣੇ ਪੁੱਤ, ਭਤੀਜੇ ਅਤੇ ਭਾਣਜਿਆਂ ਨੂੰ ਦੇ ਕੇ ਕਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਚੰਨੀ।''

  7. ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਹੋਣਗੇ

  8. ਕਾਂਗਰਸ ਦੇ ਆਗੂ ਹੀਰੇ ਹਨ - ਰਾਹੁਲ ਗਾਂਧੀ

    ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਦੇ ਆਗੂ ਹੀਰੇ ਹਨ।

    ''ਭਾਸ਼ਣ ਦੇਣਾ ਬਹੁਤ ਸੌਖਾ ਹੁੰਦਾ ਹੈ ਪਰ ਜੇ ਡੁੰਘਾਈ ਨਾਲ ਦੇਖੋਂਗੇ ਤਾਂ ਨੇਤਾ ਦੀ ਸੱਚਾਈ ਲੁਕ ਨਹੀਂ ਸਕਦੀ।''

    ''ਕਾਂਗਰਸ ਦੇ ਕੁਝ ਆਗੂਆਂ ਕੋਲ ਜ਼ਿਆਦਾ ਤਜ਼ਰਬਾ ਕੁਝ ਕੋਲ ਘੱਟ ਹੈ।''

    ''ਰਾਜਨੀਤੀ ਈਵੈਂਟ ਨਹੀਂ ਹੈ, ਰਸਤਾ ਹੈ।''

    ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਲੜਾਈ ਲੜਦੇ ਹਨ, ਲੋਕਾਂ ਦੀ ਨਹੀਂ।''

    ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵਾਕਿਆ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰੀ ਨਵਜੋਤ ਸਿੰਘ ਸਿੱਧੂ ਨਾਲ ਪਹਿਲੀ ਮੁਲਾਕਾਤ ਚਾਲੀ ਸਾਲ ਪਹਿਲਾਂ ਹੋਈ ਸੀ।

    ''ਮੈਂ ਦੂਨ ਸਕੂਲ ਵਿੱਚ ਪੜ੍ਹਦਾ ਸੀ। ਯਾਦਵਿੰਦਰਾ ਪਬਲਿਕ ਸਕੂਲ ਦੀ ਟੀਮ ਕ੍ਰਿਕਿਟ ਮੈਚ ਖੇਡਣ ਆਈ ਸੀ। ਮੈਂ ਮੈਦਾਨ ਤੋਂ ਬਾਹਰ ਬੈਠਾ ਸੀ।''

    ''ਉਨ੍ਹਾਂ ਨੇ ਕਿਹਾ ਕਿ ਮੈਨੂੰ ਮੇਰੇ ਸਾਥੀਆਂ ਨੇ ਦੱਸਿਆ ਕਿ ਇਹ ਓਪਨਿੰਗ ਗੇਂਦਬਾਜ਼ ਹਨ। ਤਿੰਨ-ਚਾਰ ਘੰਟਿਆਂ ਵਿੱਚ ਹੀ ਦੂਨ ਸਕੂਲ ਦੀ ਸਾਰੀ ਟੀਮ ਬਾਹਰ ਹੋ ਗਈ।''

    ''ਫਿਰ ਬੱਲੇਬਾਜ਼ੀ ਦੀ ਵਾਰੀ ਆਈ ਤਾਂ ਓਪਨਿੰਗ ਬੱਲੇਬਾਜ਼ ਬਣ ਕੇ ਆਏ। ਮੈਂ ਕਿਹਾ ਅੱਛਾ ਗੇਂਦਬਾਜ਼ੀ ਵੀ ਕਰ ਲੈਂਦਾ ਹੈ ਤੇ ਬੱਲੇਬਾਜ਼ੀ ਵੀ ਕਰ ਲੈਂਦਾ ਹੈ।''

    ''ਮੈਂ ਉਸੇ ਦਿਨ ਦੇਖ ਲਿਆ ਸੀ ਕਿ ਇਹ ਪ੍ਰੈਕਸਟ ਕਰ ਸਕਦਾ ਹੈ।''

    ''ਚੰਨੀ ਜੀ ਗਰੀਬ ਘਰ ਦੇ ਬੇਟੇ ਹਨ। ਗਰੀਬੀ ਨੂੰ ਸਮਝਦੇ ਹਨ।''

    ''ਚੰਨੀ ਮੁੱਖ ਮੰਤਰੀ ਬਣੇ, ਪੰਜਾਬ ਵਿੱਚ ਸਭ ਤੋਂ ਵ੍ੱਡਾ ਅਹੁਦਾ ਹੈ। ਤੁਹਾਨੂੰ ਕਿਤੇ ਅਹੰਕਾਰ ਦਿਸਿਆ?''

    ''ਮੋਦੀ ਜੀ ਪ੍ਰਧਾਨ ਮੰਤਰੀ ਹਨ, ਯੋਗੀ ਜੀ ਮੁੱਖ ਮੰਤਰੀ ਹਨ ਤੁਸੀਂ ਕਦੇ ਉਨ੍ਹਾਂ ਨੂੰ ਲੋਕਾਂ ਨਾਲ ਮਿਲਦਿਆਂ ਉਨ੍ਹਾਂ ਦੀ ਮਦਦ ਕਰਦਿਆਂ ਦੇਖਿਆ ਹੈ?''

    ''ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਤੇ ਸਾਡੀ ਪੂਰੀ ਟੀਮ ਪੰਜਾਬ ਨੂੰ ਬਦਲਣ ਆਈ ਹੈ।''

  9. ਚਰਨਜੀਤ ਸਿੰਘ ਚੰਨੀ, ‘ਮੈਂ ਤੇ ਮੇਰੀ ਪਤਨੀ ਆਪਣੇ ਨਾਂ ’ਤੇ ਨਾ ਕੋਈ ਜਾਇਦਾਦ ਖਰੀਦਾਂਗੇ ਨਾ ਵਪਾਰ ਕਰਾਂਗੇ’

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 700 ਕਿਸਾਨਾਂ ਦੀਆਂ ਜਾਨਾਂ ਜਾਣ ਲਈ ਜਿੱਥੇ ਭਾਜਪਾ ਜ਼ਿੰਮੇਵਾਰ ਹੈ ਉੱਥੇ ਹੀ ਉਸਦੇ ਭਾਈਵਾਲ ਅਕਾਲੀ ਦਲ ਵੀ ਉਨਾ ਹੀ ਜ਼ਿੰਮੇਵਾਰ ਹਨ ਤੇ ਕੇਜਰੀਵਾਲ ਜਿਸ ਨੇ ਸਭ ਤੋਂ ਪਹਿਲਾਂ ਕਾਨੂੰਨ ਦਿੱਲੀ ਵਿੱਚ ਲਾਗੂ ਕੀਤੇ।

    ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਪਰ ਤੰਜ ਕੀਤਾ ਕਿ ਉਹ ਕਹਿੰਦੇ ਨੇ ਤੁਸੀਂ ਅਕਾਲੀ ਦੇਖ ਲਏ ਕਾਂਗਰਸ ਦੇਖ ਲਈ ਹੁਣ ਸਾਨੂੰ ਦੇਖੋ। ਮੈਂ ਕਹਿੰਦਾ ਹਾਂ ਕਿ ਸਾਨੂੰ ਤਾਂ ਸਿਰਫ਼ ਤਿੰਨ ਮਹੀਨੇ ਹੀ ਦੇਖਿਆ ਹੈ, ਸਾਨੂੰ ਹੀ ਦੇਖੋ।

    “ਅਸੀਂ ਹਰ ਤਰ੍ਹਾਂ ਦੇ ਮਾਫ਼ੀਆ, ਡਰਗਜ਼ ਉੱਪਰ ਕਾਰਵਾਈ ਕੀਤੀ ਹੈ।”

    ਉਨ੍ਹਾਂ ਨੇ ਕਿਹਾ, “ਮੇਰੇ ਉੱਪਰ ਅੱਜ ਤੱਕ ਕੋਈ ਦਾਗ ਨਹੀਂ ਰਿਹਾ।”

    ਉਨ੍ਹਾਂ ਨੇ ਕਿਹਾ, “ਹੁਣ ਤੋਂ ਨਾ ਮੈਂ ਆਪਣੇ ਨਾਮ ਤੇ ਅਤੇ ਨਾ ਹੀ ਆਪਣੀ ਘਰਵਾਲੀ ਦੇ ਨਾਮ ’ਤੇ ਕੋਈ ਜਾਇਦਾਦ ਬਣਾਵਾਂਗਾ ਤੇ ਨਾਹੀ ਕੋਈ ਕਾਰੋਬਾਰ ਕਰਾਂਗਾ।”

    ਉਨ੍ਹਾਂ ਨੇ ਕਿਹਾ, “ਆਮ ਆਦਮੀ ਪਾਰਟੀ ਕਿੱਥੋਂ ਨਵੀਂ ਪਾਰਟੀ ਹੈ ਉਨ੍ਹਾਂ ਦੇ ਉਮੀਦਵਾਰ ਜਾਂ ਤਾਂ ਅਕਾਲੀ ਦਲ ਵਿੱਚੋਂ ਗਏ ਨੇ ਜਾਂ ਕਾਂਗਰਸ ਵਿੱਚੋਂ ਜਾਂ ਭਾਜਪਾ ਵਿੱਚੋਂ ਗਏ ਨੇ। ਜਿਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ, ਕਾਂਗਰਸ ਨੇ ਟਿਕਟ ਨਹੀਂ ਦਿੱਤੀ।”

    ਉਨ੍ਹਾਂ ਨੇ ਕਿਹਾ,'ਜਿਸਨੂੰ ਵੀ ਮੁੱਖ ਮੰਤਰੀ ਚੁਣਿਆ ਜਾਵੇਗਾ ਉਸ ਦੇ ਨਾਲ ਲੱਗ ਕੇ ਪੰਜਾਬ ਦੀ ਬਿਹਤਰੀ ਲਈ ਲੜਾਂਗੇ।'

  10. ਨਵਜੋਤ ਸਿੰਘ ਸਿੱਧੂ - ਇਸ ਵਾਰ ਸਿੱਧੂ ਦਰਸ਼ਨੀ ਘੋੜਾ ਨਹੀਂ ਰੇਸ ਜਿਤਾਉਣ ਵਾਲਾ ਅਰਬੀ ਘੋੜਾ ਬਣੇਗਾ

    ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ,''ਅੱਜ ਸ਼ਸ਼ੋਪੰਜ ਵਿੱਚ ਕੱਢਣ ਦਾ ਦਿਨ ਹੈ।''

    ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਨਾਅਰਾ ਹੈ ''10 ਪਰਸੈਂਟ ਸੇਵਾ ਤੇ 90 ਪਰਸੈਂਟ ਮੇਵਾ।''

    ਉਨ੍ਹਾਂ ਨੇ ਕਿਹਾ,''ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਮਾਰਿਆ ਜੋ ਕਿ ਭਾਜਪਾ ਵੱਲੋਂ ਚਾਬੀ ਦੇ ਕੇ ਛੱਡੇ ਗਏ ਸਨ।''

    ਉਨ੍ਹਾਂ ਨੇ ਚਨਰਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਸ਼ਲਾਘਾ ਕੀਤੀ।

    ਉਨ੍ਹਾਂ ਨੇ ਕਿਹਾ,''ਘਰ ਵਿੱਚ ਜਦੋਂ ਕੋਈ ਮੁੰਡਾ ਪੈਦਾ ਹੁੰਦਾ ਹੈ ਤਾਂ ਨੀਹਾਂ ਰੋਦੀਆਂ ਨੇ, ਕਿ ਜੇ ਕੰਮ ਦਾ ਨਿਕਲਿਆ ਤਾਂ ਢਾਹ ਕੇ ਬਣਾਵੇਗਾ ਜੇ ਸ਼ਰਾਬੀ ਨਿਕਲਿਆ ਤਾਂ ਇਸੇ ਤਰ੍ਹਾਂ ਹੀ ਗਲ ਜਾਵਾਂਗੀਆਂ। ਮੈਂ ਨੀਂਹ ਬਣ ਕੇ ਤਿਆਰ ਹਾਂ।''

    “ਜੇ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ ਤਾਂ ਕਾਂਗਰਸ ਦੇ ਕਿਸੇ ਵੀ ਵਿਧਾਇਕ ਨੂੰ ਚੇਅਰਮੈਨੀ ਨਹੀਂ ਮਿਲੇਗੀ, ਵਰਕਰਾਂ ਨੂੰ ਮਿਲੇਗੀ।”

    “ਇਸ ਵਾਰ ਸਿੱਧੂ ਦਰਸ਼ਨੀ ਘੋੜਾ ਨਹੀਂ ਰੇਸ ਜਿਤਾਉਣ ਵਾਲਾ ਅਰਬੀ ਘੋੜਾ ਬਣੇਗਾ।”

  11. 'ਹੁਣ ਹਨੂਮਾਨ ਤਾਂ ਅਸੀਂ ਨਹੀਂ ਹਾਂ ਕਿ ਛਾਤੀ ਖੋਲ੍ਹ ਕੇ ਦਿਖਾ ਦੇਈਏ ਕਿ ਕਿਸਾਨਾਂ ਲਈ ਕਿੰਨਾ ਪਿਆਰ ਹੈ'-ਜਾਖੜ

    ਰਾਹੁਲ ਗਾਂਧੀ ਦੀ ਲੁਧਿਆਣਾ ਵਿੱਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਆਪਣੀ ਪਾਰਟੀ ਦੀ ਕਿਸਾਨਾਂ ਪ੍ਰਤੀ ਵਚਨਬੱਧਤਾ ਦੁਹਰਾਈ।

    ਲਖੀਮਪੁਰ ਖੀਰੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਧੱਕੇ ਖਾਧੇ ਰਾਹੁਲ ਗਾਂਧੀ ਨੇ ਅਤੇ ਫੜਿਆ ਕੌਣ ਗਿਆ ਪ੍ਰਿਅੰਕਾ ਗਾਂਧੀ। ਅਕਾਲੀ ਕਿਉਂ ਨਹੀਂ ਗਏ। ਕੇਜਰੀਵਾਲ ਅਤੇ ਭਗਵੰਤ ਮਾਨ ਕਿਉਂ ਨਹੀਂ ਗਿਆ।

    ਉਨ੍ਹਾਂ ਨੇ ਕਿਹਾ, “ਮੈਨੂੰ ਉਮੀਦ ਸੀ ਕਿ ਮੋਦੀ ਜੀ ਨੇ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਤਾਂ ਨਹੀਂ ਦਿੱਤੀ ਪਰ ਬਜਟ ਵਿੱਚ ਰਾਹਤ ਦੇਣਗੇ। ਪਰ ਉਨ੍ਹਾਂ ਨੇ ਖਾਦਾਂ ਦੀ ਸਬਸਿਡੀ ਘਟਾਅ ਕੇ ਹੋਰ ਬੋਝ ਪਾ ਦਿੱਤਾ ਹੈ।”

  12. ਅਕਾਲੀ ਦਲ ਮੁਤਾਬਕ ਕਾਂਗਰਸ ਵੱਲੋਂ ਚਿਹਰਾ ਨਾ ਐਲਾਨਣਾ 'ਨੌਟੰਕੀ'

    ਅਕਾਲੀ ਦਲ ਦੇ ਆਗੂ ਹਰਚਰਨ ਬੈਂਸ ਨੇ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਉੱਪਰ ਹੈਰਾਨੀ ਪ੍ਰਗਟਾਈ ਹੈ।

    ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, ‘’ਮੁੱਖ ਮੰਤਰੀ ਦਾ ਚਿਹਰਾ ਐਲਾਨਣ ਬਾਰੇ ਕਾਂਗਰਸ ਵਿੱਚ ਅਦਭੁਤ ਦੇਰੀ, ਸ਼ਸ਼ੋਪੰਜ ਅਤੇ ਨੌਟੰਕੀ ਦਰਸਾਉਂਦੀ ਹੈ ਕਿ ਉਸ ਪਾਰਟੀ ਵਿੱਚ ਇੱਕ ਦਲਿਤ ਨੂੰ ਸਵੀਕਾਰ ਕਰਨ ਵਿੱਚ ਕਿੰਨਾ ਅੰਦਰੂਨੀ ਵਿਰੋਧ ਹੈ।‘’

  13. ਭਾਜਪਾ ਨੇ ਯੂਪੀ ਚੋਣਾਂ ਲਈ ਮੈਨੀਫੈਸਟੋ ਜਾਰੀ ਕਰਨਾ ਮੁਲਤਵੀ ਕੀਤਾ

    ਭਾਜਪਾ ਨੇ ਯੂਪੀ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ਨੂੰ ਜਾਰੀ ਕਰਨ ਨੂੰ ਮੁਲਤਵੀ ਕਰ ਦਿੱਤਾ ਹੈ।

    ਭਾਜਪਾ ਨੇ ਇਹ ਫੈਸਲਾ ਲਤਾ ਮੰਗੇਸ਼ਕਰ ਦੇ ਦੇਹਾਂਤ ਕਾਰਨ ਉਨ੍ਹਾਂ ਦੇ ਸਨਮਾਨ ਵਜੋਂ ਲਿਆ ਹੈ।

  14. 'ਬਿਨਾਂ ਕਿਸੇ ਫੈਸਲੇ ਦੇ ਕਦੇ ਵੀ ਕੁਝ ਮਹਾਨ ਪ੍ਰਾਪਤ ਨਹੀਂ ਹੋਇਆ'

    ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਰਾਹੁਲ ਗਾਂਧੀ ਦਾ ਸੁਆਗਤ ਕੀਤਾ ਹੈ।

    ਆਪਣੇ ਟਵੀਟ 'ਚ ਉਨ੍ਹਾਂ ਲਿਖਿਆ ਕਿ ਰਾਹੁਲ ਦੇ ਫੈਸਲੇ ਦਾ ਹਰ ਕੋਈ ਪਾਲਣ ਕਰੇਗਾ।

    ਉਨ੍ਹਾਂ ਲਿਖਿਆ, ''ਬਿਨਾਂ ਕਿਸੇ ਫੈਸਲੇ ਦੇ ਕਦੇ ਵੀ ਕੁਝ ਮਹਾਨ ਪ੍ਰਾਪਤ ਨਹੀਂ ਹੋਇਆ.... ਪੰਜਾਬ ਨੂੰ ਸਪੱਸ਼ਟਤਾ ਦੇਣ ਲਈ ਆਏ ਸਾਡੇ ਮੋਹਰੀ ਪ੍ਰਕਾਸ਼ ਰਾਹੁਲ ਜੀ ਦਾ ਨਿੱਘਾ ਸੁਆਗਤ ਹੈ... ਸਾਰੇ ਉਨ੍ਹਾਂ ਦੇ ਫੈਸਲੇ ਦੀ ਪਾਲਣਾ ਕਰਨਗੇ !!!''

    ਇਸ ਤੋਂ ਪਹਿਲਾਂ, ਕੱਲ੍ਹ ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਮੁੱਖ ਮੰਤਰੀ ਤਾਂ ਚੁਣਿਆ ਜਾਵੇਗਾ ਜੇ 60 ਵਿਧਾਇਕ ਹੋਣਗੇ ਤੇ ਕੋਈ ਵੀ 60 ਵਿਧਾਇਕਾਂ ਦੀ ਗੱਲ ਨਹੀਂ ਕਰ ਰਿਹਾ।

  15. ਰਾਹੁਲ ਗਾਂਧੀ ਪੰਜਾਬ ਦੌਰੇ 'ਤੇ, ਅੱਜ ਕਰਨਗੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ

    ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ 'ਤੇ ਹਨ। ਉਹ ਲੁਧਿਆਣਾ ਵਿੱਚ ਇੱਕ ਵਰਚੁਅਲ ਰੈਲੀ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨਗੇ।

  16. 5 ਫਰਵਰੀ ਦਾ ਮੁੱਖ ਘਟਨਾਕ੍ਰਮ

    • ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਉਮੀਦਵਾਰ ਦੀ ਚੋਣ ਬਾਰੇ ਕਿਹਾ ਮੁੱਖ ਮੰਤਰੀ ਤਾਂ ਚੁਣਿਆ ਜਾਵੇਗਾ ਜੇ 60 ਵਿਧਾਇਕ ਹੋਣਗੇ ਤੇ ਕੋਈ ਵੀ 60 ਵਿਧਾਇਕਾਂ ਦੀ ਗੱਲ ਨਹੀਂ ਕਰ ਰਿਹਾ।
    • ਰਾਹੁਲ ਗਾਂਧੀ ਨੇ ਕਿਹਾ ਦੇਸ਼ ਵਿੱਚ ਕੋਈ ਪ੍ਰਧਾਨ ਮੰਤਰੀ ਨਹੀਂ ਸਗੋਂ ਇੱਕ ਰਾਜਾ ਰਾਜ ਕਰ ਰਹੇ ਹਨ।
    • ਕਾਂਗਰਸ ਆਗੂ ਮਨੀਸ਼ ਤਿਵਾੜੀ ਨੂੰ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਹੈ। ਇਸ ’ਤੇਉਨ੍ਹਾਂ ਨੇ ਕਿਹਾ ਮੈਨੂੰ ਕੋਈ ਹੈਰਾਨੀ ਵੀ ਨਹੀਂ ਹੈ।
    • ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ।
    • ਅਰਵਿੰਦ ਕੇਜਰੀਵਾਲ ਨੇ ਕਿਹਾ,’’ਘਰ-ਜ਼ਮੀਨਾਂ ਵੇਚ ਕੇ 20-25 ਲੱਖ ਰੁਪਏ ਇਕੱਠੇ ਕਰਕੇ ਬਹੁਤ ਸਾਰੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਨੂੰ ਮਜਬੂਰ ਹਨ ਤਾਂ ਫਿਰ ਪੰਜਾਬ ਦਾ ਕੀ ਬਣੇਗਾ। ਅਸੀਂ ਇੱਦਾਂ ਨਹੀ ਹੋਣ ਦਿਆਂਗੇ।‘’
  17. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਚੋਣਾਂ ਵਿੱਚ ਹੋ ਰਹੀਆਂ ਗਤਿਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ।