You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਵਿਧਾਨ ਸਭਾ ਲਈ ਹੁਣ ਵੋਟਾਂ 20 ਫਰਵਰੀ ਨੂੰ ਪੈਣਗੀਆਂ, ਇਹ ਰਿਹਾ ਕਾਰਨ

ਪੰਜਾਬ ਵਿੱਚ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ

ਲਾਈਵ ਕਵਰੇਜ

  1. ਅਸੀਂ ਪੰਜਾਬ ਚੋਣਾਂ ਬਾਰੇ ਅੱਜ ਦੇ ਲਾਈਵ ਪੇਜ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂ ਦੇਸ-ਵਿਦੇਸ਼ ਦੀਆਂ ਅਹਿਮ ਖਬਰਾਂ ਨਾਲ ਬੀਬੀਸੀ ਪੰਜਾਬੀ ਰਾਹੀਂ ਜੁੜ ਸਕਦੇ ਹੋ, ਧੰਨਵਾਦ

  2. ਆਸ਼ੂ ਬਾਂਗੜ ਹੋਏ ਕਾਂਗਰਸ ਵਿੱਚ ਸ਼ਾਮਿਲ

    ਫਿਰੋਜ਼ਪੁਰ ਦਿਹਾਤੀ ਤੋਂ ‘ਆਪ’ ਦੇ ਸਾਬਕਾ ਉਮੀਦਵਾਰ ਆਸ਼ੂ ਬਾਂਗੜ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ।

    ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ।

    ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਉਹ ਬਾਂਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਹੀ ਚੋਣ ਲੜਵਾਉਣਗੇ।

    ਦਰਅਸਲ, ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਐਲਾਨੇ ਗਏ ਉਮੀਦਵਾਰ ਆਸ਼ੂ ਬਾਂਗੜ ਨੇ ਅੱਜ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਕਰਦਿਆਂ ਹਲਕੇ ਦੀ ਉਮੀਦਵਾਰੀ, ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਗੱਲ ਆਖੀ ਸੀ।

    ਆਸ਼ੂ ਬਾਂਗੜ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨੇ ਇੱਕ ਪਾਰਟੀ ਦੀ ਥਾਂ ਕੰਪਨੀ ਦੱਸਿਆ।

  3. ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਕਮਿਸ਼ਨ ਦਾ ਧੰਨਵਾਦ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪੰਜਾਬ ਵਿੱਚ ਚੋਣਾਂ ਦੀ ਤਰੀਕ ਅੱਗੇ ਵਧਾਉਣ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ।

    ਉਨ੍ਹਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਦੀ ਗੱਲ ਮੰਨ ਕੇ ਚੋਣਾਂ ਦੀ ਤਰੀਕ ਅੱਗੇ ਕਰ ਦਿੱਤੀ ਹੈ।

    ਦਰਅਸਲ, ਕਰੀਬ ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਵਿੱਚ ਚੋਣਾਂ ਦੀ ਤਰੀਕ ਨੂੰ ਅੱਗੇ ਵਧਾਇਆ ਜਾਵੇ।

    ਜਿਸ ਦਾ ਕਾਰਨ ਉਨ੍ਹਾਂ ਨੇ 16 ਫਰਵਰੀ ਨੂੰ ਆਉਣ ਵਾਲੀ ਰਵਿਦਾਸ ਜਯੰਤੀ ਦਾ ਕਾਰਨ ਦੱਸਿਆ ਸੀ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਰਵਿਦਾਸ ਭਾਈਚਾਰੇ ਦੇ ਵਧੇਰੇ ਲੋਕ ਬਨਾਰਸ ਜਾਂਦੇ ਹਨ।

  4. ਪੰਜਾਬ 'ਚ ਚੋਣਾਂ ਹੁਣ 20 ਫਰਵਰੀ ਨੂੰ

    ਪੰਜਾਬ ਵਿੱਚ ਚੋਣਾਂ ਦੀ ਤਰੀਕ 14 ਫਰਵਰੀ ਤੋਂ ਬਦਲ ਕੇ 20 ਫਰਵਰੀ ਕਰ ਦਿੱਤੀ ਗਈ ਹੈ।

    ਵੋਟਾਂ ਦੀ ਗਿਣਤੀ ਦੀ ਤਰੀਕ ਵਿਚ ਕੋਈ ਬਦਲਾਅ ਨਹੀਂ ਹੈ।ਇਹ ਪਹਿਲਾਂ ਵਾਂਗ 10 ਮਾਰਚ ਨੂੰ ਹੀ ਹੋਵੇਗੀ।

    ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਕ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

    ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ ਸੀ ਚੋਣ ਕਮਿਸ਼ਨ ਨੂੰ ਅਪੀਲ

    ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਸੀ ਕਿ ਪੰਜਾਬ ਵਿਚ ਚੋਣਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਜਾਵੇ।

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਮਿਸ਼ਨ ਨੂੰ ਇੱਕ ਚਿੱਠੀ ਲਿਖ ਕੇ ਅਪੀਲ ਕੀਤੀ ਗਈ ਸੀ ਕਿ ਚੋਣਾਂ ਦੀਆਂ ਤਰੀਕਾਂ ਵਿੱਚ ਬਦਲਾਅ ਹੋਵੇ। ਇਹ ਚਿੱਠੀ 13 ਜਨਵਰੀ ਨੂੰ ਲਿਖੀ ਗਈ ਸੀ।

    ਚੰਨੀ ਵੱਲੋਂ ਚਿੱਠੀ ਵਿੱਚ ਆਖਿਆ ਗਿਆ ਸੀ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀ ਦੇ ਲਗਪਗ ਫ਼ੀਸਦ 32 ਲੋਕ ਹਨ।ਉਨ੍ਹਾਂ ਨੇ ਲਿਖਿਆ ਸੀ ਕਿ 16 ਫਰਵਰੀ ਨੂੰ ਰਵਿਦਾਸ ਜਯੰਤੀ ਕਰਕੇ ਵੱਡੀ ਗਿਣਤੀ ਵਿੱਚ ਵੋਟਰ 10-16 ਫਰਵਰੀ ਤੱਕ ਉੱਤਰ ਪ੍ਰਦੇਸ਼ ਦੇ ਬਨਾਰਸ ਜਾਣਗੇ। ਅਜਿਹੇ ਵਿੱਚ ਇਹ ਵੋਟਰ ਆਪਣੀ ਵੋਟ ਨਹੀਂ ਦੇ ਸਕਣਗੇ।

    ਕਾਂਗਰਸ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਗੱਠਜੋੜ ਸਾਥੀ ਪੰਜਾਬ ਲੋਕ ਕਾਂਗਰਸ ਵੱਲੋਂ ਵੀ ਭਾਰਤੀ ਚੋਣ ਕਮਿਸ਼ਨ ਨੂੰ ਅਜਿਹੀ ਹੀ ਅਪੀਲ ਕੀਤੀ ਗਈ ਹੈ।

  5. ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਦਿੱਤਾ ਪਾਰਟੀ ਤੋਂ ਅਸਤੀਫਾ

    ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਕਾਂਗਰਸ ਉਪਰ ਮੁੱਖ ਮੰਤਰੀ ਦੇ ਪਰਿਵਾਰ ਦੀ ਅਣਗਹਿਲੀ ਦੇ ਦੋਸ਼ ਲਗਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਪਾਰਟੀ ਦੇ ਆਪਣੇ ਉਮੀਦਵਾਰ ਨੇ ਅਸਤੀਫ਼ਾ ਦੇ ਦਿੱਤਾ ਹੈ।

    ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਆਸ਼ੂ ਬਾਂਗੜ ਨੇ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਕਰਦਿਆਂ ਹਲਕੇ ਦੀ ਉਮੀਦਵਾਰੀ, ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਗੱਲ ਆਖੀ ਹੈ।

    ਆਸ਼ੂ ਬਾਂਗੜ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਆਰੋਪ ਲਗਾਇਆ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨੇ ਇੱਕ ਪਾਰਟੀ ਦੀ ਜਗ੍ਹਾ ਕੰਪਨੀ ਦੱਸਿਆ।

  6. ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦਾ ਕੀਤਾ ਇਸਤੇਮਾਲ: ਰਾਘਵ ਚੱਢਾ

    ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਪ੍ਰੈਸ ਵਾਰਤਾ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਪ੍ਰਤੀ ਅਣਗਹਿਲੀ ਦੇ ਆਰੋਪ ਲਗਾਏ ਹਨ।

    ਰਾਘਵ ਚੱਢਾ ਨੇ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਭਰਾ ਮਨੋਹਰ ਸਿੰਘ ਨੂੰ ਬੱਸੀ ਪਠਾਣਾਂ ਤੋਂ ਟਿਕਟ ਨਹੀਂ ਦਿੱਤੀ ਗਈ।

    ਉਨ੍ਹਾਂ ਨੇ ਆਖਿਆ ਕਿ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦਾ ਕੇਵਲ ਇਸਤੇਮਾਲ ਕੀਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅਣਦੇਖਾ ਕੀਤਾ ਗਿਆ ਹੈ।

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਵੱਲੋਂ ਬਸੀ ਪਠਾਣਾਂ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਹੀ ਟਿਕਟ ਦਿੱਤੀ ਗਈ ਹੈ।

  7. ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੱਲ੍ਹ: ਅਰਵਿੰਦ ਕੇਜਰੀਵਾਲ

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਮੰਗਲਵਾਰ ਦੁਪਹਿਰ 12 ਵਜੇ ਕੀਤਾ ਜਾਵੇਗਾ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ।

    ਪੰਜਾਬ ਦੇ ਮੁੱਖ ਮੰਤਰੀ ਚਿਹਰੇ ਲਈ ਆਮ ਆਦਮੀ ਪਾਰਟੀ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਸੀ, ਜਿਸ ਰਾਹੀਂ ਲੋਕਾਂ ਨੂੰ ਆਪਣੀ ਰਾਇ ਦੱਸਣ ਦੀ ਅਪੀਲ ਕੀਤੀ ਗਈ ਸੀ।

  8. ਵਿਧਾਨ ਸਭਾ ਚੋਣਾਂ 2022: ਭਾਰਤੀ ਜਨਤਾ ਪਾਰਟੀ ਦੀ ਦਿੱਲੀ ਵਿੱਚ ਅੱਜ ਬੈਠਕ

    ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਸਰਗਰਮੀ ਵੀ ਵੱਧ ਗਈ ਹੈ।

    ਸੋਮਵਾਰ ਸਵੇਰੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਪਾਰਟੀ ਦੇ ਹੈੱਡਕੁਆਰਟਰ ਵਿਖੇ ਪੁੱਜੇ।

    ਪੰਜਾਬ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਨੂੰ ਲੈ ਕੇ ਪਾਰਟੀ ਦੇ ਆਗੂਆਂ ਨਾਲ ਬੈਠਕ ਕੀਤੀ ਜਾਵੇਗੀ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਪਾਰਟੀ ਦੇ ਆਗੂ ਵੀ ਬੀਜੇਪੀ ਹੈੱਡਕੁਆਰਟਰਜ਼ ਵਿਖੇ ਪਹੁੰਚ ਗਏ ਹਨ।

    ਜ਼ਿਕਰਯੋਗ ਹੈ ਕਿ ਕੋਵਿਡ ਪੌਜ਼ੀਟਿਵ ਆਉਣ ਤੋਂ ਬਾਅਦ ਜੇਪੀ ਨੱਡਾ ਇਕਾਂਤਵਾਸ ਵਿੱਚ ਚਲੇ ਗਏ ਸਨ।

    ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤੇ ਜਾਣਾ ਫਿਲਹਾਲ ਬਾਕੀ ਹੈ।

  9. ਚੋਣਾਂ ਦੀ ਤਰੀਕ ਬਦਲਣ ਲਈ ਪ੍ਰਦਰਸ਼ਨ

    ਪੰਜਾਬ ਵਿਧਾਨ ਸਬਾ ਚੋਣਾਂ ਦੀ ਤਰੀਕ ਬਦਲਣ ਲਈ ਜਲੰਧਰ ਵਿੱਚ ਲੋਕਾਂ ਨੇ ਹਾਈਵੇਅ ਦੇ ਨਾਲ ਸਰਵਿਸ ਲੇਨ ਵਿੱਚ ਪ੍ਰਦਰਸ਼ਨ ਸ਼ੁਰੂ ਕੀਤਾ ਹੈ।

    ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਇਹ ਮੰਗ ਚੁੱਕੀ ਹੈ।

    ਇਹ ਮੰਗ ਗੁਰੂ ਰਵਿਦਾਸ ਜਯੰਤੀ ਦੇ ਮੱਦੇਨਜ਼ਰ ਚੁੱਕੀ ਗਈ ਹੈ।

    ਮੁੱਖ ਮੰਤਰੀ ਚੰਨੀ ਨੇ ਬਾਰੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੂੰ ਇੱਕ ਪਤੱਰ ਵੀ ਲਿਖਿਆ ਹੈ।

    ਇਸ ਪੱਤਰ 'ਚ ਸੀਐੱਮ ਨੇ ਕਿਹਾ ਹੈ ਕਿ ਸੂਬੇ ਦੀ ਆਬਾਦੀ ਦਾ 32 ਫੀਸਦੀ ਹਿੱਸਾ ਰੱਖਣ ਵਾਲੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਕੁਝ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ 16 ਫਰਵਰੀ ਨੂੰ ਆਉਂਦਾ ਹੈ।

    "ਇਸ ਮੌਕੇ ਸੰਭਾਵਨਾ ਹੈ, 10 ਤੋਂ 16 ਫਰਵਰੀ ਤੱਕ ਵੱਡੀ ਗਿਣਤੀ ਵਿੱਚ ਅਨੁਸੂਚਿਤ ਜਾਤੀ ਦੇ ਸ਼ਰਧਾਲੂ (ਲਗਭਗ 20 ਲੱਖ) ਸੂਬੇ ਤੋਂ ਉੱਤਰ ਪ੍ਰਦੇਸ਼ ਦੇ ਬਨਾਰਸ ਵਿੱਚ ਪਹੁੰਚ ਸਕਦੇ ਹਨ।"

    "ਅਜਿਹੀ ਸਥਿਤੀ ਵਿੱਚ, ਇਸ ਭਾਈਚਾਰੇ ਦੇ ਬਹੁਤ ਸਾਰੇ ਲੋਕ ਵਿਧਾਨ ਸਭਾ ਚੋਣਾਂ ਲਈ ਆਪਣੀ ਵੋਟ ਨਹੀਂ ਪਾ ਸਕਣਗੇ, ਜੋ ਕਿ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ।''

  10. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡੀ ਸਵਾਗਤ ਹੈ। ਪੰਜਾਬ ਸਣੇ ਭਾਰਤ ਦੇ ਚਾਰ ਹੋਰ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪੇਜ ਰਾਹੀਂ ਅਸੀਂ ਤੁਹਾਡੇ ਲਈ ਚੋਣਾਂ ਨਾਲ ਜੁੜੀ ਜਾਣਕਾਰੀ ਸਾਂਝੀ ਕਰਾਂਗੇ।