ਅਮਰੀਕਾ ਵਿੱਚ ਟਰੱਕ ਅੰਦਰੋਂ ਮਿਲੀਆਂ 46 ਲਾਸ਼ਾਂ, ਮੌਤ ਦੇ ਕਾਰਨ ਇਹ ਹੋ ਸਕਦੇ ਹਨ

ਪ੍ਰਕਾਸ਼ਿਤ

ਅਮਰੀਕਾ ਦੇ ਟੈਕਸਸ ਦੇ ਸੈਨ ਐਨਟੋਨੀਓ ਦੇ ਬਾਹਰੀ ਇਲਾਕੇ ਵਿੱਚ ਟਰੱਕ ਵਿੱਚ ਘੱਟੋ-ਘੱਟ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਲੋਕ ਪਰਵਾਸੀ ਮੰਨੇ ਜਾ ਰਹੇ ਹਨ ਜਿਨ੍ਹਾਂ ਦੀ ਮੌਤ ਗਰਮੀ ਤੇ ਪਾਣੀ ਦੀ ਕਮੀ ਕਾਰਨ ਹੋਈ ਹੋ ਸਕਦੀ ਹੈ।

ਫਾਇਰ ਡਿਪਾਰਟਮੈਂਟ ਦੇ ਅਫ਼ਸਰਾਂ ਅਨੁਸਾਰ ਕਰੀਬ 16 ਲੋਕਾਂ ਨੂੰ ਪ੍ਰਸ਼ਾਸਨ ਦੇ ਮੁਲਾਜ਼ਮ ਵੱਖ-ਵੱਖ ਸਿਹਤ ਕਾਰਨਾਂ ਕਰਕੇ ਹਸਪਤਾਲ ਲੈ ਕੇ ਗਏ ਹਨ। ਇਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ।

ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਰੱਕ ਦੇ ਬਾਹਰ ਇੱਕ ਲਾਸ਼ ਦਿਖਾਈ ਦਿੱਤੀ ਅਤੇ ਇਸ ਤੋਂ ਬਾਅਦ ਦਰਵਾਜ਼ਾ ਖੁੱਲ੍ਹਣ 'ਤੇ ਹੋਰ ਲਾਸ਼ਾਂ ਵੀ ਨਜ਼ਰ ਆਈਆਂ।

ਫਾਇਰ ਡਿਪਾਰਟਮੈਂਟ ਅਨੁਸਾਰ ਟਰੱਕ ਵਿੱਚ ਏਅਰਕੰਡੀਸ਼ਨ ਦਾ ਇੰਤਜ਼ਾਮ ਨਹੀਂ ਸੀ ਤੇ ਨਾ ਹੀ ਪਾਣੀ ਦੀ ਕੋਈ ਵਿਵਸਥਾ ਸੀ।

ਸੈਨ ਅਨਟੋਨੀਓ ਟੈਕਸਸ ਵਿੱਚ ਹੈ ਜੋ ਯੂਐੱਸ ਮੈਕਸੀਕਨ ਬਾਰਡਰ ਤੋਂ 250 ਕਿਲੋਮੀਟਰ ਦੂਰ ਹੈ। ਸੈਨ ਐਨਟੋਨੀਓ ਦੇ ਇਸ ਇਲਾਕੇ ਵਿੱਚ ਇਸ ਵੇਲੇ ਤਾਪਮਾਨ ਵੀ 40 ਡਿਗਰੀ ਤੱਕ ਪਹੁੰਚ ਜਾਂਦਾ ਹੈ।

ਮੈਕਸੀਕੋ ਦੇ ਵਿਦੇਸ਼ ਮੰਤਰੀ ਅਨੁਸਾਰ ਹਸਪਤਾਲ ਵਿੱਚ ਲਿਜਾਏ ਗਏ ਲੋਕਾਂ ਵਿੱਚੋਂ 2 ਲੋਕ ਦੱਖਣੀ ਅਮਰੀਕਾ ਮਹਾਂਦੀਪ ਦੇ ਗੁਆਟੇਮਾਲਾ ਦੇ ਹਨ ਤੇ ਅਜੇ ਤੱਕ ਬਾਕੀ ਲੋਕ ਕਿਹੜੇ ਦੇਸ ਦੇ ਹਨ ਇਸ ਬਾਰੇ ਪਤਾ ਨਹੀਂ ਲਗਿਆ ਹੈ।

ਤਿੰਨ ਲੋਕਾਂ ਨੂੰ ਜਾਂਚ ਲਈ ਕਸਟਡੀ ਵਿੱਚ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਫੈਡਰਲ ਏਜੰਟਸ ਨੂੰ ਸੌਂਪ ਦਿੱਤਾ ਗਿਆ ਹੈ।

ਮਨੁੱਖਾਂ ਦੀ ਤਸਕਰੀ ਨਾਲ ਜੁੜੇ ਲੋਕ ਅਕਸਰ ਗੈਰ ਕਾਨੂੰਨੀ ਪਰਵਾਸੀਆਂ ਨੂੰ ਇਸ ਤਰ੍ਹਾਂ ਦੇ ਟਰੱਕਾਂ ਵਿੱਚ ਲੈ ਕੇ ਜਾਂਦੇ ਹਨ ਤੇ ਵੀਰਾਨ ਇਲਾਕੇ ਵਿੱਚ ਲੈ ਜਾ ਕੇ ਉਨ੍ਹਾਂ ਨੂੰ ਛੱਡ ਦਿੰਦੇ ਹਨ।

ਗ਼ੈਰ ਕਾਨੂੰਨੀ ਪਰਵਾਸ ਅਮਰੀਕਾ ਵਿੱਚ ਵੱਡੀ ਸਮੱਸਿਆ ਹੈ। ਮਈ ਵਿੱਚ ਰਿਕਾਰਡ ਗਿਣਤੀ ਵਿੱਚ ਮੈਕਸੀਕੋ ਸਰਹੱਦ ਤੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਇਲਜ਼ਾਮਾਂ ਤਹਿਤ ਹਿਰਾਸਤ ਵਿੱਚ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਰਹੱਦ ਪਾਰ ਕਰਨ ਲਈ ਲੋਕ ਆਪਣੀ ਜਾਨ ਜੋਖ਼ਮ ਵਿੱਚ ਪਾਉਂਦੇ ਹਨ ਤੇ ਤਸਕਰਾਂ ਨੂੰ ਵੱਡੀ ਰਕਮ ਵੀ ਅਦਾ ਕਰਦੇ ਹਨ।

ਐਡਿਟ- ਅਸਮਾ ਹਾਫ਼ਿਜ਼