'ਨਨਕਾਣਾ ਸਾਹਿਬ ਜ਼ਿਲ੍ਹੇ ਦੀ ਤੁਹਾਡੀ ਬਰਾਦਰੀ ਨਾਲ ਹੀ ਪੂਰੀ ਦੁਨੀਆਂ ’ਚ ਮਸ਼ਹੂਰੀ ਹੈ’

ਪ੍ਰਕਾਸ਼ਿਤ

ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਸ਼ੁੱਕਰਵਾਰ ਦੀ ਘਟਨਾ ਤੋਂ ਬਾਅਦ ਘੱਟਗਿਣਤੀਆਂ ਦੇ ਆਗੂਆਂ ਦਾ ਇਕੱਠ ਹੋਇਆ। ਇਸ ਮੌਕੇ ਪਾਕ ਵਿੱਚ ਸਿੱਖ ਆਗੂ, ਜ਼ਿਲ੍ਹੇ ਦੇ ਡੀਸੀ, ਡੀਪੀਓ, ਵਿਧਾਇਕ ਤੇ ਮੁਸਲਿਮ ਧਾਰਮਿਕ ਨੇਤਾ ਵੀ ਮੌਜੂਦ ਰਹੇ।

ਮੁਸਲਿਮ ਧਾਰਮਿਕ ਨੇਤਾ ਮੁਹਬਲ ਨਬੀ ਤਾਹਿਰ ਨੇ ਕਿਹਾ, ''ਪਾਕਿਸਤਾਨ ਵਾਹਿਦ ਮੁਲਕ ਹੈ ਜਿੱਥੇ ਤਮਾਮ ਇਬਾਦਤਗਾਹਾਂ ਤੇ ਮਜ਼ਹਬੀ ਹਲਕੇ ਹਨ। ਨਨਕਾਣੇ ਨੇ ਪਹਿਲਾਂ ਵੀ ਇਸ ਗੱਲ ਦਾ ਸਬੂਤ ਦਿੱਤਾ ਸੀ ਅਤੇ ਕਿਆਮਤ ਤੱਕ ਇਸ ਗੱਲ ਦਾ ਸਬੂਤ ਦਿੰਦੇ ਰਹਾਂਗੇ, ਇੱਥੇ ਸਿੱਖ-ਮੁਸਲਮਾਨਾਂ ਦੀ ਦੋਸਤੀ ਦਾ ਪੁਖਤਾ ਸਬੂਤ ਹੈ। ਸਾਡੇ ਲਈ ਗੁਰਦੁਆਰਾ, ਚਰਚ, ਇਹ ਸਾਰੇ ਸਾਡੇ ਲਈ ਮੁਕੱਦਸ ਹਨ।"

ਸਿੱਖ ਆਗੂ ਗੋਪਾਲ ਸਿੰਘ ਨੇ ਇਸ ਮੌਕੇ ਆਪਣੀ ਮੰਗ ਰੱਖਦਿਆਂ ਕਿਹਾ, ''ਇਸ ਨੂੰ ਸਿੱਖ-ਮੁਸਲਿਮ ਫਸਾਦ ਦਾ ਦਰਜਾ ਨਾ ਦਿੱਤਾ ਜਾਵੇ। ਇਹ ਇੱਕ ਪਰਿਵਾਰ ਦਾ ਮਸਲਾ ਹੈ ਅਤੇ ਕਾਰਵਾਈ ਸਿਰਫ਼ ਮੁਲਜ਼ਮਾਂ ਖਿਲਾਫ਼ ਹੀ ਹੋਵੇ।''

ਹਲਕੇ ਦੇ ਵਿਧਾਇਕ ਮੁਹੰਮਦ ਆਤਿਫ਼ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਉਹ ਇਸ ਘਟਨਾ ਨਾਲ ਬੇਹੱਦ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਮੈਂ ਤਾਂ ਅੱਜ ਤੱਕ ਇਹ ਮਿਸਾਲ ਦਿੰਦਾ ਹੁੰਦਾ ਸੀ ਕਿ ਸਾਡੇ ਜ਼ਿਲ੍ਹੇ ਨਨਕਾਣੇ ਨੂੰ ਅਜੇ ਤੱਕ ਕਿਸੇ ਵੀ ਕਿਸਮ ਦਾ ਕੋਈ ਮਸਲਾ ਦਰਪੇਸ਼ ਨਹੀਂ ਆਇਆ ਕਿ ਕਿਸੇ ਵੀ ਭਾਈਚਾਰੇ ਦੀ ਇਬਾਦਤਗਾਹ ਨੂੰ ਨੁਕਸਾਨ ਪਹੁੰਚਾਇਆ ਗਿਆ ਹੋਵੇ।"

ਉਨ੍ਹਾਂ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਦੀਵਾਰ ਬਣ ਕੇ ਖੜ੍ਹੇ ਹਨ। "ਸਾਡੀ ਸਰਕਾਰ ਤੇ ਪੂਰਾ ਪਾਕਿਸਤਾਨ ਸਿੱਖ ਬਿਰਾਦਰੀ ਦੇ ਨਾਲ ਹੈ।"

ਆਤਿਫ਼ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ਦੀ ਸਿੱਖਾਂ ਦੀ ਕਰਕੇ ਪੂਰੀ ਦੁਨੀਆਂ ਵਿੱਚ ਮਸ਼ਹੂਰੀ ਹੈ। ਜੇਕਰ ਇਹ ਮਸਲਾ ਨਿੱਜੀ ਸੀ ਤਾਂ ਅਸੀਂ ਸਾਰੇ ਪਾਕਿਸਤਾਨ ਜਾਂ ਸਾਰੇ ਮੁਸਲਮਾਨਾਂ ਨੂੰ ਦੋਸ਼ ਨਹੀਂ ਦਿਆਂਗੇ।

ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਾਂਗੇ। ਨਨਕਾਣਾ ਵਿੱਚ ਅਮਨ ਪਹਿਲਾਂ ਵੀ ਸੀ ਤੇ ਕਿਆਮਤ ਅਮਨ ਬਰਕਰਾਰ ਰਹੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)