ਰਾਹੁਲ ਗਾਂਧੀ ਦੇ ਹਰਿਆਣਾ ਦੌਰੇ ਤੋਂ ਪਹਿਲਾਂ ਅਨਿਲ ਵਿਜ ਨੇ ਕੀ ਚੇਤਾਇਆ

ਪ੍ਰਕਾਸ਼ਿਤ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਰਾਹੁਲ ਗਾਂਧੀ ਨੂੰ ਚੇਤਾਉਂਦੇ ਹੋਏ ਕਿਹਾ ਹੈ ਕਿ ਜੇ ਰਾਹੁਲ ਪੰਜਾਬ ਤੋਂ ਹਰਿਆਣਾ ਵਿੱਚ ਇਕੱਲੇ ਜਿੰਨੀ ਮਰਜ਼ੀ ਵਾਰ ਆਉਣ ਪਰ ਕਾਫਿਲੇ ਨਾਲ ਹਰਿਆਣਾ ਦਾਖਿਲ ਨਹੀਂ ਹੋਣ ਦਿੱਤਾ ਜਾਵੇਗਾ।

ਵਿਜ ਮੁਤਾਬਕ ਕੋਰੋਨਾ ਕਾਲ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰਾਹੁਲ ਨੂੰ 100 ਤੋਂ ਵੱਧ ਲੋਕਾਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੈ।

ਰਾਹੁਲ ਗਾਂਧੀ ਬੀਤੇ ਦੋ ਦਿਨਾਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿੱਚ ਰੈਲੀਆਂ ਕਰ ਰਹੇ ਹਨ। ਹੁਣ ਰਾਹੁਲ ਦੇ ਹਰਿਆਣਾ ਦੇ ਪ੍ਰੋਗਰਾਮ ਵਿੱਚ ਵੀ ਫੇਰਬਦਲ ਹੋਇਆ ਹੈ।

ਪਹਿਲਾਂ ਰਾਹੁਲ ਗਾਂਧੀ ਦਾ ਪ੍ਰੋਗਰਾਮ 2 ਦਿਨਾਂ 6 ਅਤੇ 7 ਅਕਤੂਬਰ ਦਾ ਰੱਖਿਆ ਗਿਆ ਸੀ। ਜਿਸ ਤਹਿਤ ਉਨ੍ਹਾਂ ਪੇਹਵਾ ਤੇ ਕੁਰੁਕਸ਼ੇਤਰ ਤੋਂ ਇਲਾਵਾ ਪੀਪਲੀ, ਨੀਲੋਖੇੜੀ ਅਤੇ ਕਰਨਾਲ ਪਹੁੰਚਣਾ ਸੀ। ਪਰ ਸੋਮਵਾਰ ਸ਼ਾਮ ਨੂੰ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੇ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਰਾਹੁਲ ਗਾਂਧੀ ਦਾ ਹਰਿਆਣਾ ਦਾ ਦੌਰਾ 2 ਦੀ ਥਾਂ ਇੱਕ ਦਿਨ ਦਾ ਹੋਵੇਗਾ।

ਉਨ੍ਹਾਂ ਮੁਤਾਬਕ ਰਾਹੁਲ ਮੰਗਲਵਾਰ ਸਵੇਰੇ 10 ਵਜੇ ਪੰਜਾਬ ਤੋਂ ਹਰਿਆਣਾ ਦੇ ਪੇਹਵਾ ਆਉਣਗੇ ਅਤੇ ਫਿਰ ਉੱਥੋਂ ਕੁਰੁਕਸ਼ੇਤਰ ਜਾਣਗੇ ਅਤੇ ਕੁਰੁਕਸ਼ੇਤਰ ਵਿੱਚ ਹੀ ਉਨ੍ਹਾਂ ਦੀ ਯਾਤਰਾ ਸਮਾਪਤ ਹੋਵੇਗੀ।

ਇਸ ਤੋਂ ਪਹਿਲਾਂ ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਹੁਲ ਦੀ ਹਰਿਆਣਾ ਫੇਰੀ ਨੂੰ ਲੈ ਕੇ ਬਿਆਨ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)