You’re viewing a text-only version of this website that uses less data. View the main version of the website including all images and videos.
ਅਕਾਲ ਤਖ਼ਤ 'ਤੇ ਸੁੱਚਾ ਸਿੰਘ ਲੰਗਾਹ ਨੇ ਮੰਨੀ ਗ਼ਲਤੀ, ਜਥੇਦਾਰ ਨੇ ਸਖ਼ਤ ਲਹਿਜ਼ੇ 'ਚ ਸੁਣਾਈ ਸਜ਼ਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਵੱਲੋਂ ਤਨਖਾਹ ਲਗਾਈ ਗਈ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਸਜਾ ਸੁਣਾਉਣ ਤੋਂ ਪਹਿਲਾਂ ਉਨ੍ਹਾਂ ਨੇ 5 ਵਾਰ ਮਾਫੀ ਮੰਗੀ ਤੇ ਆਪਣਾ ਗੁਨਾਹ ਕਬੂਲ ਕੀਤਾ।
ਦਰਅਸਲ ਸਾਲ 2017 ਵਿੱਚ ਇੱਕ ਮਹਿਲਾ ਵੱਲੋਂ ਸੁੱਚਾ ਸਿੰਘ ਲੰਗਾਹ ਉੱਤੇ ਰੇਪ ਅਤੇ ਧੋਖਾਧੜੀ ਦੇ ਇਲਜਾਮ ਲਗਾਏ ਗਏ ਸਨ।
ਉਸ ਵੇਲੇ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ 'ਚੋ ਵੀ ਛੇਕ ਦਿੱਤਾ ਗਿਆ ਸੀ।
2017 ਵਿੱਚ ਜਦੋਂ ਸੁੱਚਾ ਸਿੰਘ ਉੱਤੇ ਇਲਜਾਮ ਲੱਗੇ ਸਨ ਉਦੋਂ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਅਕਾਲੀ ਦਲ ਨੇ ਵੀ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ।
ਹਾਲਾਂਕਿ ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਏਡਿਸ਼ਨਲ ਸ਼ੈਸ਼ਨ ਅਦਾਲਤ ਨੇ 30 ਜੁਲਾਈ 2018 ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ ਕਿਉਕਿ ਮਹਿਲਾ ਬਾਅਦ ਵਿੱਚ ਆਪਣੇ ਬਿਆਨ ਤੋਂ ਮੁੱਕਰ ਗਈ ਸੀ।
ਦਰਅਸਲ ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਲੰਗਾਹ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ। ਸ਼ਿਕਾਇਤ 'ਚ ਉਸ ਔਰਤ ਨੇ ਕਿਹਾ ਸੀ ਕਿ ਲੰਗਾਹ ਉਸ ਨਾਲ 2009 ਤੋਂ ਬਲਾਤਕਾਰ ਕਰ ਰਹੇ ਸਨ।
ਪੀੜਤ ਔਰਤ ਨੇ ਲੰਗਾਹ 'ਤੇ ਪੈਸੇ ਹੜੱਪਣ ਦੇ ਵੀ ਇਲਜ਼ਾਮ ਲਾਏ ਸਨ।
ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ 2008 'ਚ ਉਸਦੇ ਪਤੀ ਦੀ ਮੌਤ ਹੋ ਗਈ ਸੀ।
ਇਸ ਸਬੰਧ ਵਿੱਚ ਗੁਰਦਾਸਪੁਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਮਹਿਲਾ ਅਤੇ ਲੰਗਾਹ ਦਾ ਕਥਿਤ ਤੌਰ 'ਤੇ ਇੱਕ ਅਸ਼ਲੀਲ ਵੀਡੀਓ ਵੀ ਵਾਇਰਲ ਹੋਇਆ ਸੀ।