You’re viewing a text-only version of this website that uses less data. View the main version of the website including all images and videos.
ਅਫ਼ਸਰ, ਜਿਸ ਨੂੰ ‘47 ’ਚ ਉੱਜੜੇ ਲੋਕਾਂ ਦੇ ਵਸੇਬੇ ਦਾ ਸਿਹਰਾ ਦਿੱਤਾ ਜਾਂਦਾ
ਅਗਸਤ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਮੌਕੇ ਦਿੱਲੀ ਦੇ ਡਿਪਟੀ ਕਮਿਸ਼ਨਰ ਰਹੇ ਮਹਿੰਦਰ ਸਿੰਘ ਰੰਧਾਵਾ ਨੇ ਇਸ ਅੱਖੀਂ ਡਿੱਠੇ ਹਾਲ ਬਾਰੇ ਆਪਣੀ ਸਵੈ-ਜੀਵਨੀ ‘ਆਪ ਬੀਤੀ’ ਵਿੱਚ ਲਿਖਿਆ ਹੈ। ਮਹਿੰਦਰ ਸਿੰਘ ਰੰਧਾਵਾ 1934 ਵਿੱਚ ਆਈਸੀਐੱਸ ਅਫ਼ਸਰ ਬਣੇ ਸਨ।
ਮਹਿੰਦਰ ਸਿੰਘ ਰੰਧਾਵਾ ਦਾ ਜੱਦੀ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਬੋਦਲਾਂ ਹੈ। ਉਨ੍ਹਾਂ ਨੂੰ ਆਜ਼ਾਦੀ ਵੇਲੇ ਦਿੱਲੀ ਦਾ ਡਿਪਟੀ ਕਮਿਸ਼ਨਰ ਹੁੰਦਿਆਂ ਫਿਰਕੂ-ਹਿੰਸਾ ਨਾਲ ਨਜਿੱਠਣ, ਚੰਡੀਗੜ੍ਹ ਦਾ ਰੂਪ-ਰੰਗ ਸਵਾਰਨ ਤੇ ਹਰੇ ਇਨਕਲਾਬ ਲਈ ਲੋੜੀਂਦਾ ਮਾਹੌਲ ਸਿਰਜਣ ਲਈ ਜਾਣਿਆ ਜਾਂਦਾ ਹੈ।
ਪਰ ਇੱਕ ਅਹਿਮ ਅਤੇ ਵੱਡਾ ਕਾਰਜ ਜਿਸ ਨੂੰ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ, ਉਹ ਹੈ – ਵੰਡ ਕਾਰਨ ਉੱਜੜੇ ਪਰਿਵਾਰਾਂ ਦੇ ਮੁੜ ਵਸੇਬੇ ਦਾ। ਵੰਡ ਦੇ ਇਸ ਦੌਰ ਨੂੰ ਪੰਜਾਬੀ ਲੋਕ ਹੱਲੇ ਆਖਦੇ ਹਨ।
ਜਿਨ੍ਹਾਂ ਦੌਰਾਨ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ ਅਤੇ 10 ਲੱਖ ਲੋਕ ਮਾਰੇ ਗਏ ਸਨ। ਇਸ ਵੰਡ ਦੌਰਾਨ ਮੁਸਲਮਾਨਾਂ ਨੂੰ ਭਾਰਤ ਤੋਂ ਪਾਕਿਸਤਾਨ ਜਾਣਾ ਪਿਆ ਅਤੇ ਹਿੰਦੂ-ਸਿੱਖਾਂ ਨੂੰ ਭਾਰਤ ਵਾਲੇ ਪਾਸੇ ਆਉਣਾ ਪਿਆ ਸੀ।
ਮਹਿੰਦਰ ਸਿੰਘ ਰੰਧਾਵਾ ਲਿਖਦੇ ਹਨ ਕਿ ਮਈ 1949 ਪੰਜਾਬ ਵਿੱਚ ਮੁੱਖ ਮੰਤਰੀ ਭੀਮ ਸੈਨ ਸੱਚਰ ਦੀ ਸਰਕਾਰ ਵੇਲੇ ਰਿਹੈਬੀਲੀਟੇਸ਼ਨ(ਮੁੜ ਵਸੇਬਾ) ਮੰਤਰੀ ਸਰਦਾਰ ਜੋਗਿੰਦਰ ਸਿੰਘ ਮਾਨ ਉਨ੍ਹਾਂ ਨੂੰ ਮਿਲਣ ਆਏ ਤੇ ਕਿਹਾ ਕਿ ਬਹੁਤ ਕੰਮ ਬਾਕੀ ਹੈ ਜੋ ਸਿਰਫ਼ ਉਹ (ਰੰਧਾਵਾ) ਹੀ ਕਰ ਸਕਦੇ ਹਨ।
ਰੰਧਾਵਾ ਲਿਖਦੇ ਹਨ ਕਿ ਉਨ੍ਹਾਂ ਨੂੰ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਦੇ ਕਮਿਸ਼ਨਰ ਪ੍ਰੇਮ ਨਾਥ ਥਾਪਰ ਬਹੁਤ ਹੁਸ਼ਿਆਰ ਹਨ ਅਤੇ ਕਿਸਾਨਾਂ ਦੀਆਂ ਦਿੱਕਤਾਂ ਤੋਂ ਜਾਣੂ ਹਨ, ਤੇ ਇਸ ਸਕੀਮ ਦੇ ਡਾਇਰੈਕਟਰ ਜਨਰਲ ਤ੍ਰਿਲੋਕ ਸਿੰਘ ਚੋਟੀ ਦੇ ਵਿਓਂਤਘਾੜੇ ਹਨ ਪਰ ਪੇਂਡੂ ਜਨ-ਜੀਵਨ ਬਾਰੇ ਘੱਟ ਜਾਣਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ