You’re viewing a text-only version of this website that uses less data. View the main version of the website including all images and videos.
ਕੈਨੇਡਾ 'ਚ ਮਨਾਇਆ ਗਿਆ ਖਾਲਸਾ ਦਿਵਸ, ਟਰੂਡੋ ਬੋਲੇ, ‘ਸਿੱਖਾਂ ਦੇ ਹੱਕਾਂ ਲਈ ਖੜ੍ਹੇ ਰਹਾਂਗੇ’
ਐਤਵਾਰ ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਖਾਲਸਾ ਦਿਵਸ ਮਨਾਇਆ ਗਿਆ, ਇਸ ਮੌਕੇ ਸਲਾਨਾ ਖਾਲਸਾ ਡੇਅ ਪਰੇਡ ਕੱਢੀ ਗਈ ਜਿਸ ਵਿੱਚ ਸਿੱਖ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ।
ਮੋਟਰ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਕੱਢਿਆ ਵੀ ਗਿਆ ਤੇ ਕਈ ਸਿੱਖਾਂ ਵੱਲੋਂ ਕਰਤੱਬ ਵੀ ਦਿਖਾਏ ਗਏ।
28 ਅਪ੍ਰੈਲ ਨੂੰ ਹੋਏ ਇਸ ਪ੍ਰੋਗਰਾਮ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਇੱਥੇ ਸਿੱਖ ਭਾਈਚਾਰੇ ਨੂੰ ਸੰਬੋਧਨ ਕੀਤਾ।
ਜਸਟਿਨ ਟਰੂਡੋ ਨੇ ਇਸ ਮੌਕੇ ਸਿੱਖ ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੇ ਹੱਕਾਂ ਅਤੇ ਆਜ਼ਾਦੀ ਲਈ ਹਮੇਸ਼ਾ ਖੜ੍ਹੇ ਰਹਿਣਗੇ.. ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ ਇਸਦੀ ਵਿਭਿੰਨਤਾ... ਅਸੀਂ ਆਪਣੇ ਮਤਭੇਦਾਂ ਦੇ ਬਾਵਜੂਦ ਨਹੀਂ ਸਗੋਂ ਮਤਭੇਦਾਂ ਦੇ ਕਾਰਨ ਮਜ਼ਬੂਤ ਹਾਂ।
ਉਨ੍ਹਾਂ ਕਿਹਾ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਸਿੱਖਾਂ ਦੀਆਂ ਕਦਰਾਂ ਕੀਮਤਾਂ ਹੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਹਨ।
ਇਸ ਦੌਰਾਨ ਕਥਿਤ ਤੌਰ ’ਤੇ ਉਨ੍ਹਾਂ ਦੀ ਮੌਜੂਦਗੀ ’ਚ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲੱਗੇ ਜਿਸ ਦਾ ਭਾਰਤ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡੀਆਈ ਡਿਪਟੀ ਹਾਈ ਕਮਿਸ਼ਨਰ ਨੂੰ ਸੰਮਨ ਕੀਤਾ ਹੈ।
ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਵਸਦੇ ਕਰੀਬ 8 ਲੱਖ ਸਿੱਖ ਵਿਰਾਸਤ ਦੇ ਲੋਕ ਵੱਸਦੇ ਹਨ। ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ ਤੇ ਨਫਰਤ ਤੇ ਵਿਤਕਰੇ ਦੇ ਵਿਰੁੱਧ ਤੁਹਾਡੇ ਭਾਈਚਾਰੇ ਦੀ ਰਾਖੀ ਕਰਾਂਗੇ।
ਇਸ ਲਈ ਅਸੀਂ ਸੁਰੱਖਿਆ ਬੁਨਿਆਦੀ ਢਾਂਚੇ ਦੇ ਪ੍ਰੋਗਰਾਮ ਨੂੰ ਵਧਾ ਰਹੇ ਹਾਂ। ਕਮਿਊਨਿਟੀ ਸੈਂਟਰਾਂ ਤੇ ਸਾਰੇ ਗੁਰਦੁਆਰਿਆਂ ਸਣੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਰਹੇ ਹਾਂ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬਿਨਾਂ ਕਿਸੇ ਡਰ ਦੇ ਤੁਹਾਨੂੰ ਆਪਣੇ ਧਰਮ ਦੇ ਪਾਲਣ ਦਾ ਅਧਿਕਾਰ ਬਿਲਕੁਲ ਉਸੇ ਤਰ੍ਹਾਂ ਹੀ ਹੈ, ਜਿਵੇਂ ਇੱਕ ਮੌਲਿਕ ਅਧਿਕਾਰ ਜਿਸਦੀ ਗਾਰੰਟੀ ਕੈਨੇਡਾਈ ਚਾਰਟਰ ਆਫ ਰਾਈਟਸ ਐਂਡ ਫ੍ਰੀਡਮ ਵਿੱਚ ਦਿੱਤੀ ਗਈ ਹੈ। ਅਸੀਂ ਤੁਹਾਡੇ ਨਾਲ ਖੜ੍ਹੇ ਰਹਾਂਗੇ।
ਜਸਟਿਨ ਟਰੂਡੋ ਨੇ ਇਸ ਮੌਕੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਭਾਰਤ ਤੇ ਕੈਨੇਡਾ ਵਿੱਚ ਫਲਾਈਟਾਂ ਹੋਰ ਵਧਾਉਣਗੇ ਤੇ ਸਿੱਧੀਆਂ ਅੰਮ੍ਰਿਤਸਰ ਲਈ ਉਡਾਨਾਂ ਵੱਲ ਵੀ ਵੱਧ ਧਿਆਨ ਦਿੱਤਾ ਜਾਵੇਗਾ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)