ਪੈਰਾਸੀਟਾਮੋਲ, ਪੈਨ-ਡੀ ਅਤੇ ਗਲਾਈਸੀਮੇਟ ਸਣੇ ਕਿਹੜੀਆਂ 48 ਦਵਾਈਆਂ ਨੂੰ 'ਨਕਲੀ' ਦੱਸਿਆ ਗਿਆ, ਜਾਣੋ ਕਿਵੇਂ ਕਰਨੀ ਹੈ ਪਛਾਣ

ਦਵਾਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਣੇ 48 ਦਵਾਈਆਂ ਲੋੜੀਂਦੇ ਗੁਣਵੱਤਾ ਦੇ ਮਿਆਰਾਂ ʼਤੇ ਖ਼ਰੀਆਂ ਨਹੀਂ ਉਤਰਦੀਆਂ
    • ਲੇਖਕ, ਸ਼ਾਰਦਾ ਵੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਸੈਂਟਰਲ ਡਰੱਗ ਸਟੈਂਡਰਡ ਕੰਟ੍ਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਆਪਣੀ ਮਹੀਨਾਵਾਰ ਸੂਚੀ ਵਿੱਚ ਦੱਸਿਆ ਹੈ ਕਿ ਪੈਰਾਸੀਟਾਮੋਲ, ਪੈਨ-ਡੀ, ਅਤੇ ਗਲਾਈਸੀਮੇਟ ਐੱਸਆਰ 500 ਵਰਗੀਆਂ ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਣੇ 48 ਦਵਾਈਆਂ ਲੋੜੀਂਦੇ ਗੁਣਵੱਤਾ ਦੇ ਮਿਆਰਾਂ ʼਤੇ ਖ਼ਰੀਆਂ ਨਹੀਂ ਉਤਰਦੀਆਂ।

ਹਰ ਮਹੀਨੇ, ਸੀਡੀਐੱਸਸੀਓ ਘਟੀਆ ਦਵਾਈਆਂ ਦੀ ਸੂਚੀ ਪ੍ਰਕਾਸ਼ਿਤ ਕਰਦਾ ਹੈ। ਅਗਸਤ ਮਹੀਨੇ ਦੀ ਸੂਚੀ ਵਿੱਚ 48 ਦਵਾਈਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਲੋਕਾਂ ਵੱਲੋਂ ਵਿਆਪਕ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਹਨ।

ਕਰਨਾਟਕ ਐਂਟੀਬਾਇਓਟਿਕਸ ਅਤੇ ਫਾਰਮਾਸਿਊਟੀਕਲਸ ਵੱਲੋਂ ਤਿਆਰ ਕੀਤੀ ਜਾਂਦੀ ਪੈਰਾਸੀਟਾਮੋਲ ਆਈਪੀ 500mg, ਅਲਕੇਮ ਹੈਲਥ ਸਾਇੰਸ ਵੱਲੋਂ ਨਿਰਮਿਤ ਪੈਨ ਡੀ, ਪਿਓਰ ਐਂਡ ਕਯੂਰ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਵੱਲੋਂ ਨਿਰਮਿਤ ਮੋਂਟੇਅਰ ਐੱਲਸੀ ਕਿਡ ਅਤੇ ਸਕੌਟ-ਏਡੀਲ ਫਾਰਮਾਸੀਆ ਵੱਲੋਂ ਨਿਰਮਿਤ ਗਲਾਈਸੀਮੇਟ ਐੱਸਆਰ 500 ਵਰਗੀਆਂ ਕੁਝ 48 ਦਵਾਈਆਂ ਹਨ ਜਿਨ੍ਹਾਂ ਨੂੰ ਐੱਨਐੱਸਕਿਊ (ਸਟੈਂਡਰਡ ਕੁਆਲਿਟੀ ਦੇ ਨਹੀਂ) ਕਰ ਕੇ ਸ਼੍ਰੇਣੀਬੱਧ ਕੀਤਾ ਗਿਆ ਹੈ।

ਸਨ ਫਾਰਮਾ ਅਤੇ ਟੋਰੈਂਟ ਸਮੇਤ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀਆਂ ਨੇ ਕਿਹਾ ਹੈ ਕਿ ਕੇਂਦਰੀ ਡਰੱਗ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਵਿੱਚ ਜ਼ਿਕਰ ਕੀਤੀਆਂ ਦਵਾਈਆਂ ʻਨਕਲੀ ਉਤਪਾਦʼ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਦਾ ਨਿਰਮਾਣ ਨਹੀਂ ਕੀਤਾ ਹੈ।

ਪੈਰਾਸੀਟਾਮੋਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨ੍ਹਾਂ ਵਿੱਚ ਪੈਰਾਸੀਟਾਮੋਲ ਆਈਪੀ 500mg ਵੀ ਸ਼ਾਮਲ ਹੈ

ʻਸਟੈਂਡਰਡ ਕੁਆਲਿਟੀ ʼਤੇ ਖਰੇ ਨਾ ਉਤਰਨਾʼ ਦਾ ਕੀ ਮਤਲਬ ਹੈ?

ਐਲਾਨ ਕੀਤੇ ਗਏ ਵਜ਼ਨ ਤੋਂ ਘੱਟ ਵਜ਼ਨ, ਭੌਤਿਕ ਦਿੱਖ, ਵਿਘਟਨ, ਵੇਰਵੇ 'ਤੇ ਸਮੱਗਰੀ ਸਮੇਤ ਵੱਖ-ਵੱਖ ਕਾਰਨਾਂ ਕਰਕੇ ਮਾਨਕ ਗੁਣਵੱਤਾ ਦੇ ਨਾ ਹੋਣ ʼਤੇ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ।

ਨਕਲੀ ਦਵਾਈਆਂ ਉਹ ਹੁੰਦੀਆਂ ਹਨ, ਜੋ ਕਿਸੇ ਉਤਪਾਦ ਦੀ ਅਸਲ ਪਛਾਣ ਛੁਪਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਦੂਜੀ ਦਵਾਈ ਵਜੋਂ ਵੇਚਿਆ ਜਾਂਦਾ ਹੈ।

ਮੌਜੂਦਾ ਸੂਚੀ ਵਿੱਚ ਅਮੌਕਸੀਲਿਨ ਅਤੇ ਪੋਟਾਸ਼ੀਅਮ ਕਲਾਵੁਲਨੇਟ ਟੈਬਲੇਟ ਆਈਪੀ (ਕਲੈਵਮ 625) ਅਮੌਕਸੀਸਿਲਿਨ ਅਤੇ ਪੋਟਾਸ਼ੀਅਮ ਟੈਬਲੇਟ (ਮੈਕਸਕਲੈਵ 625), ਪੈਂਟੋਪ੍ਰੋਜ਼ੋਲ ਗੈਸਟ੍ਰੋ-ਰੈਸਿਸਟੈਂਟ ਅਤੇ ਡੋਮਪੇਰੀਡੋਨ ਪ੍ਰੋਲਾਂਗਡ-ਰਿਲੀਜ਼ ਕੈਪਸੂਲ ਆਈਪੀ (ਪੈਨ-ਡੀ) ਨੂੰ ਨਕਲੀ ਦਵਾਈਆਂ ਵਜੋਂ ਪਛਾਣਿਆ ਗਿਆ ਹੈ।

ਨਕਲੀ ਦਵਾਈਆਂ ਦੇ ਮਾਮਲੇ ਵਿੱਚ ਡਰੱਗਜ਼ ਐਂਡ ਕਾਸਮੈਟਿਕਸ ਐਕਟ 2008 ਦੇ ਤਹਿਤ ਨਿਰਮਾਤਾਵਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਕਾਨੂੰਨ ਤਹਿਤ ਘੱਟੋ-ਘੱਟ 10 ਸਾਲ ਦੀ ਕੈਦ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ, ਘੱਟੋ-ਘੱਟ ਦਸ ਲੱਖ ਰੁਪਏ ਜਾਂ ਜ਼ਬਤ ਕੀਤੀਆਂ ਗਈਆਂ ਦਵਾਈਆਂ ਦੀ ਕੀਮਤ ਦਾ ਤਿੰਨ ਗੁਣਾ, ਜੋ ਵੀ ਵੱਧ ਹੋਵੇ, ਜੁਰਮਾਨਾ ਲਗਾਇਆ ਜਾ ਸਕਦਾ ਹੈ।

ਸੂਚੀ ਵਿਚਲੀਆਂ ਹੋਰ ਦਵਾਈਆਂ ਨੂੰ ਉਹਨਾਂ ਦੀਆਂ ਸਮੱਗਰੀਆਂ, ਵਿਘਟਨ (ਦਵਾਈ ਦਾ ਘੁਲਣਾ ਅਤੇ ਸਰੀਰ ਵਿੱਚ ਜਜ਼ਬ ਹੋਣਾ) ਅਤੇ ਵੇਰਵੇ, ਭੌਜਿਤ ਦਿੱਖ ਦੇ ਕਾਰਨ ਘਟੀਆ ਉਤਪਾਦ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਵਿਸ਼ੇਸ਼ ਬੈਚ ਦੀਆਂ ਸਾਰੀਆਂ ਦਵਾਈਆਂ ਜੋ ਗੁਣਵੱਤਾ ਜਾਂਚਾਂ ਵਿੱਚ ਅਸਫ਼ਲ ਰਹੀਆਂ ਸਨ, ਬਾਜ਼ਾਰਾਂ ਵਿੱਚੋਂ ਵਾਪਸ ਮੰਗਵਾਈਆਂ ਗਈਆਂ ਸਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲੋਕਾਂ ਦੀ ਚਿੰਤਾ

ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਘਟੀਆ ਹੋਣ ਦੀਆਂ ਖ਼ਬਰਾਂ ਨੇ ਲੋਕਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ।

ਕੋਲਾਥੁਰ, ਚੇੱਨਈ ਦੇ ਰਹਿਣ ਵਾਲੇ 58 ਸਾਲਾ ਸ਼ੰਕਰਨ ਦਾ ਕਹਿਣਾ ਹੈ, "ਮੈਂ 10 ਸਾਲਾਂ ਤੋਂ ਸ਼ੂਗਰ ਦੀਆਂ ਦਵਾਈਆਂ ਲੈ ਰਿਹਾ ਹਾਂ। ਮੈਨੂੰ ਇਹ ਨਿਯਮਿਤ ਤੌਰ 'ਤੇ ਲੈਣੀ ਪੈਂਦੀ ਹੈ।"

"ਇਸ ਲਈ ਮੈਂ ਬਦਲ ਲਈ ਕਿੱਥੇ ਜਾਵਾਂ? ਮੈਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜੀ ਦਵਾਈ ਮਾਨਕ ਗੁਣਵੱਤਾ ਮੁਤਾਬਕ ਹੈ, ਜੇਕਰ ਮੈਂ ਲੰਬੇ ਸਮੇਂ ਤੱਕ ਇਸ ਦਾ ਸੇਵਨ ਕਰਦਾ ਹਾਂ ਤਾਂ ਇਸ ਦੇ ਕੀ ਪ੍ਰਭਾਵ ਹਨ? ਕਿਸੇ ਨੇ ਇਸ ਬਾਰੇ ਲੋਕਾਂ ਨੂੰ ਕਿਉਂ ਨਹੀਂ ਦੱਸਿਆ? ਸਾਨੂੰ ਅਸਪੱਸ਼ਟ ਜਾਣਕਾਰੀ ਅਤੇ ਰਿਪੋਰਟਾਂ ਬਾਰੇ ਹਨੇਰੇ ਵਿੱਚ ਰੱਖਿਆ ਜਾਂਦਾ ਹੈ।"

ਚੇੱਨਈ ਦੇ ਹੀ ਅਰੁਮਬੱਕਮ ਪੁੱਛਦੇ ਹਨ, "ਜੇਕਰ ਡਾਕਟਰਾਂ ਵੱਲੋਂ ਤਜਵੀਜ਼ ਕੀਤੀਆਂ ਗਈਆਂ ਦਵਾਈਆਂ ਵੀ ਸੁਰੱਖਿਅਤ ਨਹੀਂ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?"

ਦਵਾਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਘਟੀਆ ਹੋਣ ਦੀਆਂ ਖ਼ਬਰਾਂ ਨੇ ਲੋਕਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ

ਗੁਣਵੱਤਾ ਵਾਲੀਆਂ ਦਵਾਈਆਂ ਦੀ ਪਛਾਣ ਕਿਵੇਂ ਕਰੀਏ?

ਡਾਕਟਰ ਚੇਤਾਵਨੀ ਦਿੰਦੇ ਹਨ ਕਿ ਘਟੀਆ ਦਵਾਈਆਂ ਦੀ ਲਗਾਤਾਰ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਚੇੱਨਈ ਦੇ ਜਨਰਲ ਫਿਜ਼ੀਸ਼ੀਅਨ ਡਾ. ਚੰਦਰਸ਼ੇਖਰ ਨੇ ਗੁਣਵੱਤਾ ਵਾਲੀਆਂ ਦਵਾਈਆਂ ਦੇ ਪ੍ਰਭਾਵਾਂ ਅਤੇ ਘਟੀਆ ਦਵਾਈਆਂ ਖਰੀਦਣ ਤੋਂ ਕਿਵੇਂ ਬਚਣਾ ਹੈ ਬਾਰੇ ਕੁਝ ਮਹੱਤਵਪੂਰਨ ਨੁਕਤੇ ਸਾਡੇ ਨਾਲ ਸਾਂਝੇ ਕੀਤੇ ਹਨ-

1. ਸਹੀ ਅਨੁਪਾਤ ਵਿੱਚ ਸਹੀ ਸਮੱਗਰੀ ਤੋਂ ਬਿਨਾਂ ਦਵਾਈਆਂ ਦੇ ਲੋੜੀਂਦੇ ਨਤੀਜੇ ਨਹੀਂ ਹੋਣਗੇ।

ਘਟੀਆ ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਤੁਹਾਡੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਜੇਕਰ ਕੋਈ ਵਿਅਕਤੀ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਥਿਤੀਆਂ ਲਈ ਦਵਾਈ ਲੈ ਰਿਹਾ ਹੈ, ਤਾਂ ਤੁਹਾਡੇ ਵੱਲੋਂ ਲਈਆਂ ਜਾਣ ਵਾਲੀਆਂ ਦਵਾਈਆਂ ਬਾਰੇ ਸਮੇਂ-ਸਮੇਂ 'ਤੇ ਆਪਣੇ ਡਾਕਟਰ ਤੋਂ ਪਤਾ ਕਰਨਾ ਜ਼ਰੂਰੀ ਹੈ।

3. ਦੁਕਾਨਾਂ ਤੋਂ ਦਵਾਈਆਂ ਖਰੀਦਣ ਵੇਲੇ, ਪੈਕੇਜਿੰਗ 'ਤੇ ਆਈਐੱਸਓ (ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ) ਜਾਂ ਡਬਲਯੂਐੱਚਓ-ਜੀਐੱਮਪੀ (ਵਰਲਡ ਹੈਲਥ ਆਰਗੇਨਾਈਜ਼ੇਸ਼ਨ ਗੁੱਡ ਮੈਨਿਊਫੈਕਚਰਿੰਗ ਪ੍ਰੈਕਟਿਸ) ਸਰਟੀਫਿਕੇਟ ਦੇਖੋ। ਇਹ ਗੁਣਵੱਤਾ ਦੇ ਸੂਚਕ ਹਨ।

4. ਉਹ ਦਵਾਈਆਂ ਖਰੀਦਣ ਤੋਂ ਪਰਹੇਜ਼ ਕਰੋ ਜੋ ਉਹਨਾਂ ਦੀ ਮਿਆਦ ਪੁੱਗਣ ਦੀ ਮਿਤੀ ਦੇ ਨੇੜੇ ਹਨ। ਕੁਝ ਦਵਾਈਆਂ ਆਪਣੀ ਪ੍ਰਭਾਵਸ਼ੀਲਤਾ ਗੁਆ ਸਕਦੀਆਂ ਹਨ ਜੇਕਰ ਉਹਨਾਂ ਨੂੰ ਸਹੀ ਸਥਿਤੀਆਂ ਵਿੱਚ ਪੈਕ ਜਾਂ ਸਟੋਰ ਨਹੀਂ ਕੀਤਾ ਜਾਂਦਾ ਹੈ।

5. ਟੀਕੇ ਅਤੇ ਇਨਸੁਲਿਨ ਵਰਗੇ ਉਤਪਾਦਾਂ ਲਈ, ਜਾਂਚ ਕਰੋ ਕਿ ਕੀ ਦੁਕਾਨਾਂ ਵਿੱਚ ਉਚਿਤ ਰੈਫ੍ਰਿਜਰੇਸ਼ਨ ਦੀ ਸਹੂਲਤਾਂ ਹਨ।

ਦਵਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਚੇਤਾਵਨੀ ਦਿੰਦੇ ਹਨ ਕਿ ਘਟੀਆ ਦਵਾਈਆਂ ਦੀ ਲਗਾਤਾਰ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ

ਘਬਰਾਉਣ ਦੀ ਕੋਈ ਲੋੜ ਨਹੀਂ, ਸਾਵਧਾਨੀ ਦੀ ਸਲਾਹ ਦਿੱਤੀ ਜਾਂਦੀ ਹੈ

ਡਰੱਗ ਕੰਟਰੋਲ ਡਾਇਰੈਕਟੋਰੇਟ ਦੇ ਅਧਿਕਾਰੀ ਅਤੇ ਡਰੱਗ ਡੀਲਰਾਂ ਨੇ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਹ ਦੱਸਦੇ ਹਨ ਕਿ ਅਜਿਹੇ ਟੈਸਟ ਰੁਟੀਨ ਵਿੱਚ ਹੁੰਦੇ ਹਨ ਅਤੇ ਇਸ ਦੇ ਜਾਨਲੇਵਾ ਖ਼ਤਰੇ ਨਹੀਂ ਹੁੰਦੇ।

ਤਾਮਿਲਨਾਡੂ ਕੈਮਿਸਟ ਅਤੇ ਡਰੱਗਿਸਟ ਐਸੋਸੀਏਸ਼ਨ ਦੇ ਪ੍ਰਧਾਨ ਐੱਸਏ ਰਮੇਸ਼ ਦਾ ਕਹਿਣਾ ਹੈ ਕਿ ਦਵਾਈਆਂ ਦੇ ਨਿਰਮਾਣ ਵਿੱਚ ਮਾਮੂਲੀ ਗ਼ਲਤੀਆਂ ਉਹਨਾਂ ਦੇ ਵਰਗੀਕਰਨ ਨੂੰ ਘਟੀਆ ਰੂਪ ਵਿੱਚ ਲੈ ਜਾਂਦੀਆਂ ਹਨ ਅਤੇ ਅਜਿਹੇ ਸਖ਼ਤ ਨਿਯੰਤਰਣ ਭਾਰਤੀ ਦਵਾਈਆਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੇ ਹਨ।

ਉਹ ਅੱਗੇ ਦੱਸਦੇ ਹਨ, "ਜੇ ਕੋਈ ਦਵਾਈ ਮੂੰਹ ਵਿੱਚ ਘੁਲਣ ਲਈ 5 ਸਕਿੰਟਾਂ ਦੀ ਥਾਂ ਛੇ ਸਕਿੰਟ ਲੈਂਦੀ ਹੈ, ਤਾਂ ਇਸਨੂੰ ਘਟੀਆ ਮੰਨਿਆ ਜਾਂਦਾ ਹੈ।"

ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਜਨਰਲ ਪ੍ਰੈਕਟੀਸ਼ਨਰ ਡਾਕਟਰ ਅਸ਼ਵਿਨ ਮੁਤਾਬਕ ਇਸ ਨਾਲ ਸਾਵਧਾਨ ਰਹਿਣ ਦੀ ਸਮਝ ਮਿਲਦੀ ਹੈ।

ਉਹ ਆਖਦੇ ਹਨ, "ਕੁਝ ਦਵਾਈਆਂ ਦੇ ਸਟੋਰ 80% ਤੱਕ ਦੀ ਛੋਟ ਦਿੰਦੇ ਹਨ। ਕੋਈ 100 ਰੁਪਏ ਦਾ ਉਤਪਾਦ 20 ਰੁਪਏ ਵਿੱਚ ਕਿਵੇਂ ਵੇਚ ਸਕਦਾ ਹੈ? ਬਹੁਤ ਸਾਰੀਆਂ ਥਾਵਾਂ 'ਤੇ ਦਵਾਈਆਂ ਦੀ ਮਿਆਦ ਪੁੱਗਣ ਤੋਂ ਤਿੰਨ ਮਹੀਨੇ ਪਹਿਲਾਂ ਥੋਕ ਵਿੱਚ ਖਰੀਦੀਆਂ ਜਾਂਦੀਆਂ ਹਨ ਅਤੇ ਘੱਟ ਕੀਮਤਾਂ 'ਤੇ ਵੇਚੀਆਂ ਜਾਂਦੀਆਂ ਹਨ।"

"ਜੇਕਰ ਦਵਾਈਆਂ ਸਹੀ ਢੰਗ ਨਾਲ ਪੈਕ ਜਾਂ ਸਟੋਰ ਨਹੀਂ ਕੀਤੀਆਂ ਜਾਂਦੀਆਂ ਹਨ, ਤਾਂ ਉਹਨਾਂ ਦੀ ਪ੍ਰਭਾਵਸ਼ੀਲਤਾ ਮਿਆਦ ਖ਼ਤਮ ਹੋਣ ਦੇ ਨੇੜੇ ਆਉਣ ਦੇ ਨਾਲ-ਨਾਲ ਘੱਟ ਜਾਂਦੀ ਹੈ। ਕਈ ਵਾਰ, IV ਦਵਾਈਆਂ ਵਿੱਚ ਬੈਕਟੀਰੀਆ ਵਧ ਸਕਦਾ ਹੈ।"

"ਇਨਸੁਲਿਨ ਨੂੰ ਲੈ ਕੇ ਜਾਣ ਵੇਲੇ 6 ਡਿਗਰੀ ਸੈਲਸੀਅਸ 'ਤੇ ਰੱਖਿਆ ਜਾਣਾ ਚਾਹੀਦਾ ਹੈ, ਪਰ ਬਹੁਤ ਸਾਰੇ ਇਸ ਦੀ ਪਾਲਣਾ ਨਹੀਂ ਕਰਦੇ। ਇਸ ਲਈ, ਮੈਂ ਆਪਣੇ ਮਰੀਜ਼ਾਂ ਨੂੰ ਔਨਲਾਈਨ ਇਨਸੁਲਿਨ ਨਾ ਖਰੀਦਣ ਦੀ ਸਲਾਹ ਦਿੰਦਾ ਹਾਂ। ਨਹੀਂ ਤਾਂ, ਇਹ ਸਿਰਫ ਪਾਣੀ ਵਾਂਗ ਹੀ ਹੁੰਦੀ ਹੈ।"

ਦਵਾਈ

ਤਾਮਿਲਨਾਡੂ, ਕੇਰਲਾ, ਇੰਡੀਅਨ ਡਰੱਗ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪਾਂਡੁਚੇਰੀ ਚੈਪਟਰਜ਼ ਦੇ ਚੇਅਰਮੈਨ ਜੇ ਜੈਯਨਾਲੀਨ, ਦਾ ਕਹਿਣਾ ਹੈ ਕਿ ਮਿਆਰੀ ਗੁਣਵੱਤਾ ਵਾਲੀਆਂ ਦਵਾਈਆਂ ਅਤੇ ਨਕਲੀ ਦਵਾਈਆਂ ਵਿੱਚ ਫਰਕ ਕਰਨ ਦੀ ਲੋੜ ਨਹੀਂ ਹੈ।

ਉਹ ਆਖਦੇ ਹਨ ਕਿ ਮਿਆਰੀ ਗੁਣਵੱਤਾ ਨਾਲ ਹੋਣਾ ਉਦਯੋਗਿਕ ਕਾਰਜਪ੍ਰਣਾਲੀ ਦਾ ਹਿੱਸਾ ਹੈ, ਜਦੋਂ ਕਿ ਨਕਲੀ ਦਵਾਈਆਂ 'ਤੇ ਤੁਰੰਤ ਕਾਰਵਾਈ ਕੀਤੀ ਜਾਣੀ ਹੈ।

ਉਹ ਦੱਸਦੇ ਹਨ, “ਆਮ ਤੌਰ 'ਤੇ ਟੈਸਟ ਕੀਤੇ ਗਏ ਨਮੂਨਿਆਂ ਵਿੱਚ 3-5% ਐੱਨਐੱਸਕਯੂ ਬਣ ਜਾਂਦੇ ਹਨ ਅਤੇ ਸਿਰਫ਼ 0.01% ਨਮੂਨੇ ਨਕਲੀ ਪਾਏ ਜਾਂਦੇ ਹਨ। ਖ਼ਾਸ ਬੈਚ ਦੀਆਂ ਐੱਨਐੱਸਕਯੂ ਦਵਾਈਆਂ ਤੁਰੰਤ ਵਾਪਸ ਮੰਗਵਾਈਆਂ ਜਾਂਦੀਆਂ ਹਨ ਅਤੇ ਇਹ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਹੁੰਦਾ ਹੈ। ਇਹ ਉਹ ਮੁੱਦੇ ਨਹੀਂ ਹਨ ਜੋ ਗੰਭੀਰ ਸਿਹਤ ਜੋਖ਼ਮ ਪੈਦਾ ਕਰਦੇ ਹਨ।”

ਉਹ ਕਹਿੰਦੇ ਹਨ ਕਿ ਉਤਪਾਦਾਂ ਦੀ ਸਪਲਾਈ ਲੜੀ ਦੀ ਨੇੜਿਓਂ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਦਾ ਕਹਿਣਾ ਹੈ, “ਨਿਰਮਾਤਾ ਦੁਆਰਾ ਤਿਆਰ ਕੀਤੀਆਂ ਦਵਾਈਆਂ ਫਾਰਮੇਸੀਆਂ ਵਿੱਚ ਨਿਰਧਾਰਤ ਤਾਪਮਾਨ ਵਿੱਚ ਸਟੋਰ ਨਹੀਂ ਕੀਤੀਆਂ ਜਾਂਦੀਆਂ ਹਨ। ਜਦੋਂ ਉਤਪਾਦਨ ਦੇ 12 ਮਹੀਨਿਆਂ ਬਾਅਦ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਗੁਣਵੱਤਾ ਦੀ ਜਾਂਚ ਵਿੱਚ ਅਸਫਲ ਹੋ ਸਕਦੇ ਹਨ।"

"ਕੇਂਦਰ ਸਰਕਾਰ ਚੰਗੀ ਵੰਡ ਅਭਿਆਸਾਂ ਨੂੰ ਲਾਗੂ ਕਰੇਗੀ ਜੋ ਸਪਲਾਈ ਚੇਨ ਵਿੱਚ ਹਰ ਹਿੱਸੇਦਾਰ ਦੀ ਜ਼ਿੰਮੇਵਾਰੀ 'ਤੇ ਜ਼ੋਰ ਦਿੰਦੀ ਹੈ, ਜਿਸਦੀ ਮੈਨੂੰ ਉਮੀਦ ਹੈ ਕਿ ਨਿਗਰਾਨੀ ਹੋਰ ਸਖ਼ਤ ਹੋ ਜਾਵੇਗੀ।"

ਉਹ ਅੱਗੇ ਕਹਿੰਦੇ ਹਨ, “ਭਾਰਤ ਨੂੰ ‘ਦੁਨੀਆਂ ਦੀ ਫਾਰਮੇਸੀ’ ਕਿਹਾ ਜਾਂਦਾ ਹੈ, ਅਮਰੀਕਾ ਵਿੱਚ ਖ਼ਪਤ ਹੋਣ ਵਾਲੀਆਂ 40% ਦਵਾਈਆਂ ਅਤੇ ਯੂਰਪ ਵਿੱਚ ਵਰਤੀਆਂ ਜਾਣ ਵਾਲੀਆਂ 25% ਦਵਾਈਆਂ ਭਾਰਤ ਵਿੱਚ ਬਣਦੀਆਂ ਹਨ।"

"ਕਈ ਪਿਛੜੇ ਦੇਸ਼ ਆਪਣੇ ਡਰੱਗਜ਼ ਲਈ ਭਾਰਤ 'ਤੇ ਨਿਰਭਰ ਹਨ। ਫਾਰਮਾ ਉਦਯੋਗ ਤੋਂ ਮਾਲੀਆ ਦੇਸ਼ ਲਈ ਚੌਥਾ ਸਭ ਤੋਂ ਵੱਡਾ ਮਾਲੀਆ ਹੈ। ਇਹ ਮੰਦਭਾਗਾ ਹੈ ਕਿ ਅਜਿਹਾ ਅਲਾਰਮ ਐੱਲਐੱਸਓ ਉਤਪਾਦਾਂ ਦੇ ਆਲੇ ਦੁਆਲੇ ਬਣਾਇਆ ਗਿਆ ਹੈ ਜੋ ਉਦਯੋਗ ਵਿੱਚ ਇੱਕ ਬਹੁਤ ਹੀ ਰੁਟੀਨ ਅਭਿਆਸ ਹੈ।"

ਉਹ ਜ਼ੋਰ ਦਿੰਦੇ ਹਨ ਕਿ ਲੋਕਾਂ ਨੂੰ ਦਵਾਈਆਂ ਸਿਰਫ਼ ਫਾਰਮਾਸਿਸਟ ਤੋਂ ਹੀ ਲੈਣੀਆਂ ਚਾਹੀਦੀਆਂ ਹਨ।

ਉਨ੍ਹਾਂ ਮੁਤਾਬਕ, “ਦਵਾਈ ‘ਵੇਚਣੀ’ ਨਹੀਂ ਬਲਕਿ ‘ਵੰਡੀʼ ਜਾਣੀ ਚਾਹੀਦੀ ਹੈ। ਕੇਵਲ ਇੱਕ ਯੋਗਤਾ ਪ੍ਰਾਪਤ ਫਾਰਮਾਸਿਸਟ ਹੀ ਮਰੀਜ਼ ਨੂੰ ਦਵਾਈ, ਇਸ ਦੀਆਂ ਖੁਰਾਕਾਂ, ਸੰਭਾਵਿਤ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਸਕਦਾ ਹੈ।"

ਦਵਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮੌਕਸੀਲਿਨ ਅਤੇ ਪੋਟਾਸ਼ੀਅਮ ਕਲਾਵੁਲਨੇਟ ਟੈਬਲੇਟ ਆਈਪੀ ਵੀ ਸ਼ਾਮਲ ਹੈ

ਫਾਰਮਾਸਿਊਟੀਕਲ ਕੰਪਨੀਆਂ ਦਾ ਕੀ ਕਹਿਣਾ ਹੈ

ਸਨ ਫਾਰਮਾ ਅਤੇ ਟੋਰੈਂਟ ਸਮੇਤ ਪ੍ਰਮੁੱਖ ਦਵਾਈ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਰਿਪੋਰਟ ਵਿੱਚ ਜ਼ਿਕਰ ਕੀਤੀਆਂ ਦਵਾਈਆਂ "ਨਕਲੀ ਉਤਪਾਦ" ਹਨ ਅਤੇ ਉਹਨਾਂ ਦੁਆਰਾ ਤਿਆਰ ਨਹੀਂ ਕੀਤੀਆਂ ਗਈਆਂ ਸਨ।

ਪੀਟੀਆਈ ਨਿਊਜ਼ ਏਜੰਸੀ ਦੇ ਅਨੁਸਾਰ, ਸਨ ਫਾਰਮਾ ਦੇ ਬੁਲਾਰੇ ਨੇ ਕਿਹਾ, "ਸਾਡੀ ਕੰਪਨੀ ਨੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਦੇਖਿਆ ਹੈ ਕਿ ਪਲਮੋਸਿਲ (ਸਿਲਡੇਨਾਫਿਲ ਇੰਜੈਕਸ਼ਨ), ਬੈਚ ਨੰਬਰ KFA0300; ਪੈਂਟੋਸੀਡ (ਪੈਂਟੋਪ੍ਰਾਜ਼ੋਲ ਟੈਬਲੇਟਸ ਆਈਪੀ), ਬੈਚ ਨੰਬਰ SID2041A ਅਤੇ ਉਰਸੋਕੋਲ 300 (ਉਰਸੋਕੋਲਡੋਕਸੀਕੋਲਿਕ ਐਸਿਡ ਟੈਬਲੇਟ ਆਈ), ਬੈਚ ਨੰਬਰ GTE1350A ਜਾਅਲੀ ਹਨ।

ਸਨ ਫਾਰਮਾ ਨੇ ਇਹ ਵੀ ਕਿਹਾ ਕਿ ਉਹ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਉਪਾਅ ਕਰ ਰਹੇ ਹਨ।

ਕੰਪਨੀ ਨੇ ਅੱਗੇ ਕਿਹਾ, "ਸਾਡੇ ਕੁਝ ਪ੍ਰਮੁੱਖ ਦਵਾਈਆਂ ਦੇ ਬ੍ਰਾਂਡਾਂ 'ਤੇ ਹੁਣ ਕਯੂਆਰ ਕੋਡ ਲੇਬਲ ਪ੍ਰਿੰਟ ਕੀਤੇ ਗਏ ਹਨ। ਮਰੀਜ਼ ਇਹਨਾਂ ਕੋਡਾਂ ਨੂੰ ਸਕੈਨ ਕਰਕੇ ਆਸਾਨੀ ਨਾਲ ਆਪਣੀ ਪ੍ਰਮਾਣਿਕਤਾ ਦੀ ਪੁਸ਼ਟੀ ਕਰ ਸਕਦੇ ਹਨ।"

ਹਿੰਦੂ ਅਖ਼ਬਾਰ ਨੇ ਰਿਪੋਰਟ ਦਿੱਤੀ ਹੈ ਕਿ ਟੋਰੈਂਟ ਫਾਰਮਾ ਨੇ ਸ਼ੈਲਕਲ 500 ਦੇ ਉਸੇ ਬੈਚ ਦਾ ਮੁਲਾਂਕਣ ਕੀਤਾ ਹੈ ਜਿਸਦੀ ਸੀਡੀਐੱਸਸੀਓ ਵੱਲੋਂ ਇਕੱਠੇ ਕੀਤੇ ਗਏ ਨਮੂਨੇ ਦਾ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਸੀ। ਕੰਪਨੀ ਨੇ ਦੇਖਿਆ ਕਿ ਇਹ ਨਕਲੀ, ਜਾਅਲੀ ਦਵਾਈਆਂ ਸਨ।

ਨਕਲੀ ਦਵਾਈਆਂ ਦੇ ਖ਼ਿਲਾਫ਼ ਇੱਕ ਉਪਾਅ ਵਜੋਂ, ਟੋਰੈਂਟ ਫਾਰਮਾ ਨੇ ਕਿਹਾ ਕਿ ਉਹਨਾਂ ਨੇ ਸ਼ੈਲਕਲ 'ਤੇ ਕਯੂਆਰ ਕੋਡ ਲਾਗੂ ਕੀਤੇ ਹਨ, ਜਿਸ ਨਾਲ ਦਵਾਈ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨਾ ਸੰਭਵ ਹੋ ਗਿਆ ਹੈ।

ਕੰਪਨੀ ਨੇ ਨੋਟ ਕੀਤਾ ਕਿ ਸੀਡੀਐੱਸਸੀਓ ਵੱਲੋਂ ਜ਼ਬਤ ਕੀਤੇ ਗਏ ਨਮੂਨਿਆਂ ਵਿੱਚ ਇਹ ਕੋਡ ਮੌਜੂਦ ਨਹੀਂ ਸਨ।

ਟੋਰੈਂਟ ਫਾਰਮਾ ਨੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਹੀ ਇੱਕ ਮੁਲਾਂਕਣ ਰਿਪੋਰਟ ਦੇ ਨਾਲ ਇੱਕ ਰਸਮੀ ਜਵਾਬ ਦਾਖ਼ਲ ਕਰ ਚੁੱਕੇ ਹਨ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਜਯਾਲਾਲ ਦਾ ਕਹਿਣਾ ਹੈ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਦਵਾਈਆਂ ਘਟੀਆ ਗੁਣਵੱਤਾ ਵਾਲੀਆਂ ਹਨ ਅਤੇ ਇਸ ਮੁੱਦੇ ਨਾਲ ਨਜਿੱਠਣ ਲਈ ਇੱਕ ਠੋਸ ਯਤਨ ਦੀ ਲੋੜ ਹੈ।

ਉਨ੍ਹਾਂ ਮੁਤਾਬਕ, “ਕਈ ਪੱਛਮੀ ਦੇਸ਼ਾਂ ਵਾਂਗ, ਦਵਾਈਆਂ ਦੇ ਨਿਰਮਾਤਾ ਤੋਂ ਲੈ ਕੇ ਉਪਭੋਗਤਾ ਤੱਕ ਅੰਤਮ ਸਿਰੇ ਤੱਕ ਟ੍ਰੈਕ ਕੀਤਾ ਜਾਣਾ ਚਾਹੀਦਾ ਹੈ। ਦਵਾਈਆਂ ਦੀ ਓਟੀਸੀ (ਓਵਰ ਦਿ ਕਾਊਂਟਰ) ਦੀ ਵਿਕਰੀ ਨੂੰ ਰੋਕਣ ਲਈ ਪ੍ਰਿਸਕ੍ਰਿਪਸ਼ਨ ਆਡਿਟ ਦੀ ਲੋੜ ਹੁੰਦੀ ਹੈ।"

"ਸਰਕਾਰੀ ਏਜੰਸੀਆਂ ਐੱਲ1 ਦੇ ਆਧਾਰ 'ਤੇ ਦਵਾਈਆਂ ਦੀ ਖਰੀਦ ਕਰਦੀਆਂ ਹਨ (ਜੋ ਸਭ ਤੋਂ ਘੱਟ ਕੀਮਤ ਦੱਸਦਾ ਹੈ, ਉਸ ਨੂੰ ਦਵਾਈਆਂ ਦੀ ਸਪਲਾਈ ਕਰਨ ਲਈ ਟੈਂਡਰ ਮਿਲਦਾ ਹੈ)।

ਇਸ ਲਈ, ਘਟੀਆ ਦਵਾਈਆਂ ਸਰਕਾਰੀ ਖੇਤਰ ਵਿੱਚ ਸਪਲਾਈ ਲੜੀ ਵਿੱਚ ਦਾਖ਼ਲ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਦਵਾਈਆਂ

ਤਸਵੀਰ ਸਰੋਤ, Getty Images

ਸਰਕਾਰ ਕੀ ਕਾਰਵਾਈ ਕਰ ਰਹੀ ਹੈ?

ਤਾਮਿਲਨਾਡੂ ਡਰੱਗ ਕੰਟਰੋਲ ਦੇ ਸੰਯੁਕਤ ਨਿਰਦੇਸ਼ਕ ਡਾਕਟਰ ਸ਼੍ਰੀਧਰ ਦੱਸਦੇ ਹਨ ਕਿ ਜਦੋਂ ਕੋਈ ਦਵਾਈ ਘਟੀਆ ਪਾਈ ਜਾਂਦੀ ਹੈ, ਤਾਂ ਉਸ ਦੇ ਮੂਲ ਦਾ ਪਤਾ ਲਗਾਉਣ ਅਤੇ ਥੋਕ ਵਿਕਰੇਤਾ ਅਤੇ ਨਿਰਮਾਤਾ ਦੀ ਪਛਾਣ ਕਰਨ ਲਈ ਤੁਰੰਤ ਜਾਂਚ ਸ਼ੁਰੂ ਕੀਤੀ ਜਾਂਦੀ ਹੈ।

"ਇਸ ਤੋਂ ਪਹਿਲਾਂ, ਇਹਨਾਂ ਦਵਾਈਆਂ ਨੂੰ ਦੁਕਾਨਾਂ ਤੋਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਦਵਾਈ ਨੂੰ ਸਾਰੀਆਂ ਫਾਰਮੇਸੀਆਂ ਤੋਂ ਹਟਾ ਦਿੱਤਾ ਜਾਂਦਾ ਹੈ। ਨਿਰਮਾਤਾ ਦੀ ਪਛਾਣ ਕਰਨ ਤੋਂ ਬਾਅਦ, ਅਸੀਂ ਨਿਰਧਾਰਿਤ ਕਰਦੇ ਹਾਂ ਕਿ ਉਤਪਾਦਨ ਦੇ ਕਿਹੜੇ ਪੜਾਅ 'ਤੇ ਗ਼ਲਤੀ ਆਈ ਹੈ।"

"ਫਿਰ, ਨਿਰਮਾਤਾ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਸਪੱਸ਼ਟੀਕਰਨ ਮੰਗਿਆ ਜਾਂਦਾ ਹੈ। ਜੇਕਰ ਕੋਈ ਕੰਪਨੀ ਵਾਰ-ਵਾਰ ਗ਼ਲਤੀ ਕਰਦੀ ਹੈ ਤਾਂ ਉਸ ਵਿਰੁੱਧ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਧਾਰਾ 18 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

ਤਾਮਿਲਨਾਡੂ ਡਰੱਗ ਸੇਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਟਰਾਜ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਘਟੀਆ ਦਵਾਈਆਂ ਦੀ ਵਿਕਰੀ ਆਨਲਾਈਨ ਦਵਾਈਆਂ ਦੀ ਵਿਕਰੀ ਕਾਰਨ ਹੋਈ ਹੈ।

ਉਹ ਆਖਦੇ ਹਨ, "ਜਦੋਂ ਔਨਲਾਈਨ ਵੇਚੀਆਂ ਜਾਂਦੀਆਂ ਹਨ ਤਾਂ, ਕਸ਼ਮੀਰ ਵਿੱਚ ਕੋਈ ਵਿਅਕਤੀ ਤਾਮਿਲਨਾਡੂ ਵਿੱਚ ਦਵਾਈਆਂ ਵੇਚ ਸਕਦਾ ਹੈ। ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਕਿ ਕੀ ਇਹ ਸਹੀ ਨਿਰਮਾਤਾ ਤੋਂ ਹਾਸਿਲ ਕੀਤੀਆਂ ਗਈਆਂ ਹਨ।"

ਇਹ ਜਾਣਕਾਰੀ ਘਟੀਆ ਦਵਾਈਆਂ ਨਾਲ ਨਜਿੱਠਣ ਲਈ ਸਰਕਾਰ ਦੀ ਪ੍ਰਕਿਰਿਆ ਨੂੰ ਉਜਾਗਰ ਕਰਦੀ ਹੈ ਅਤੇ ਗੁਣਵੱਤਾ ਨਿਯੰਤਰਣ ਨੂੰ ਕਾਇਮ ਰੱਖਣ ਵਿੱਚ ਔਨਲਾਈਨ ਦਵਾਈਆਂ ਦੀ ਵਿਕਰੀ ਦੁਆਰਾ ਦਰਪੇਸ਼ ਚੁਣੌਤੀਆਂ ਬਾਰੇ ਚਿੰਤਾਵਾਂ ਪੈਦਾ ਕਰਦੀ ਹੈ।

ਤੀਬਰ ਨਿਗਰਾਨੀ

ਤਾਮਿਲਨਾਡੂ ਡਰੱਗ ਕੰਟਰੋਲ ਡਾਇਰੈਕਟੋਰੇਟ ਨੇ ਆਪਣੀ ਨਿਗਰਾਨੀ ਦੇ ਯਤਨ ਤੇਜ਼ ਕਰ ਦਿੱਤੇ ਹਨ।

ਉਨ੍ਹਾਂ ਨੇ ਹਰ ਮਹੀਨੇ ਲਏ ਜਾਣ ਵਾਲੇ ਦਵਾਈਆਂ ਦੇ ਨਮੂਨਿਆਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।

ਡਾ. ਸ਼੍ਰੀਧਰ ਦਾ ਕਹਿਣਾ ਹੈ, "ਸੂਬੇ ਵਿੱਚ 146 ਡਰੱਗ ਇੰਸਪੈਕਟਰ ਹਨ। ਹਰ ਇੱਕ ਪ੍ਰਚੂਨ ਦੁਕਾਨਾਂ, ਥੋਕ ਵਿਕਰੇਤਾਵਾਂ ਅਤੇ ਸਰਕਾਰੀ ਹਸਪਤਾਲਾਂ ਦੀਆਂ ਫਾਰਮੇਸੀਆਂ ਵਰਗੀਆਂ ਵੱਖ-ਵੱਖ ਥਾਵਾਂ ਤੋਂ ਹਰ ਮਹੀਨੇ ਦੇ ਅੱਠ ਨਮੂਨੇ ਇਕੱਠੇ ਕਰਦਾ ਸੀ। ਹੁਣ, ਉਨ੍ਹਾਂ ਨੂੰ ਹਰ ਮਹੀਨੇ ਦਸ ਨਮੂਨੇ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)