ਦੁਨੀਆ ਭਰ ਵਿੱਚ ਜਿੱਥੇ ਵੱਡੇ ਮੁਲਕ ਇਮੀਗ੍ਰੇਸ਼ਨ ਖ਼ਿਲਾਫ਼ ਸਖ਼ਤੀ ਵਰਤ ਰਹੇ, ਉੱਥੇ ਸਪੇਨ ਇਸ ਰੁਝਾਨ ਦੇ ਉਲਟ ਕਿਉਂ ਜਾ ਰਿਹਾ ਹੈ

    • ਲੇਖਕ, ਅਤਾਹੁਆਲਪਾ ਅਮੇਰੀਸੇ
    • ਰੋਲ, ਬੀਬੀਸੀ ਨਿਊਜ਼ ਮੁੰਡੋ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਪੇਦਰੋ ਸਾਂਚੇਜ਼ ਦੀ ਅਗਵਾਈ ਵਾਲੀ ਸਰਕਾਰ ਨੇ ਅਚਾਨਕ ਐਲਾਨ ਕੀਤਾ ਕਿ ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਰਵਾਸੀਆਂ ਜਾਂ ਆਸਰਾ ਮੰਗਣ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਕਾਨੂੰਨੀ ਦਰਜਾ ਦੇਵੇਗੀ।

ਇਸ ਲਈ ਸ਼ਰਤ ਇਹ ਹੈ ਕਿ ਉਹ ਘੱਟੋ-ਘੱਟ ਪੰਜ ਮਹੀਨੇ ਤੋਂ ਦੇਸ਼ ਵਿੱਚ ਰਹਿ ਰਹੇ ਹੋਣ ਅਤੇ ਉਨ੍ਹਾਂ ਖ਼ਿਲਾਫ਼ ਕੋਈ ਅਪਰਾਧਿਕ ਰਿਕਾਰਡ ਨਾ ਹੋਵੇ।

ਸੱਤਾਧਾਰੀ ਸੋਸ਼ਲਿਸਟ ਪਾਰਟੀ ਅਤੇ ਖੱਬੇਪੱਖੀ ਪੋਦੇਮੋਸ ਪਾਰਟੀ ਵਿਚਾਲੇ ਇਸ ਮਾਮਲੇ 'ਤੇ ਸਮਝੌਤਾ ਹੋਇਆ, ਜਿਸ ਨੂੰ ਬਾਅਦ ਵਿੱਚ ਸਰਕਾਰ ਨੇ ਸ਼ਾਹੀ ਫ਼ਰਮਾਨ ਰਾਹੀਂ ਮਨਜ਼ੂਰੀ ਦਿੱਤੀ। ਇਸ ਤਰੀਕੇ ਨਾਲ ਸੰਸਦ ਨੂੰ ਦਰਕਿਨਾਰ ਕਰ ਦਿੱਤਾ ਗਿਆ ਕਿਉਂਕਿ ਸੰਸਦ ਵਿੱਚ ਸੋਸ਼ਲਿਸਟ ਪਾਰਟੀ ਕੋਲ ਬਹੁਮਤ ਨਹੀਂ ਹੈ।

ਇਹ ਕਦਮ ਲਗਭਗ ਸੱਤ ਲੱਖ ਲੋਕਾਂ ਵੱਲੋਂ ਦਸਤਖ਼ਤ ਕੀਤੀ ਗਈ ਇੱਕ ਪੇਸ਼ਕਸ਼ ਤੋਂ ਨਿਕਲਿਆ, ਜਿਸ ਨੂੰ ਪਰਵਾਸੀ ਸੰਗਠਨਾਂ ਤੋਂ ਲੈ ਕੇ ਕੈਥੋਲਿਕ ਚਰਚ ਤੱਕ ਕਈ ਨਾਗਰਿਕ ਸੰਸਥਾਵਾਂ ਦਾ ਸਮਰਥਨ ਮਿਲਿਆ।

ਸਪੇਨ ਦੀ ਸਮਾਵੇਸ਼ੀ, ਸਮਾਜਿਕ ਸੁਰੱਖਿਆ ਅਤੇ ਪਰਵਾਸ ਮੰਤਰੀ ਐਲਮਾ ਸਾਇਜ਼ ਨੇ ਕਿਹਾ ਕਿ ਇਹ ਰੈਗੂਲਰਾਈਜ਼ੇਸ਼ਨ "ਸਾਡੀਆਂ ਸੜਕਾਂ 'ਤੇ ਮੌਜੂਦ ਹਕੀਕਤ ਦਾ ਜਵਾਬ ਦੇਣ ਲਈ ਜ਼ਰੂਰੀ ਸੀ।"

ਸਰਕਾਰੀ ਅੰਕੜਿਆਂ ਮੁਤਾਬਕ, ਸਪੇਨ ਦੀ 4 ਕਰੋੜ 94 ਲੱਖ ਆਬਾਦੀ ਵਿੱਚੋਂ 98 ਲੱਖ ਤੋਂ ਵੱਧ ਲੋਕ ਹੋਰ ਦੇਸ਼ਾਂ ਵਿੱਚ ਜਨਮੇ ਹਨ। ਇਨ੍ਹਾਂ ਵਿੱਚ 34 ਲੱਖ ਵਿਦੇਸ਼ੀ ਨਿਵਾਸੀ ਪਰਮਿਟ ਵਾਲੇ ਲੋਕ ਵੀ ਸ਼ਾਮਲ ਹਨ।

ਅੰਦਾਜ਼ਿਆਂ ਅਨੁਸਾਰ, ਇਸ ਸਮੇਂ ਲਗਭਗ 8 ਲੱਖ 50 ਹਜ਼ਾਰ ਪਰਵਾਸੀ ਗ਼ੈਰ-ਕਾਨੂੰਨੀ ਸਥਿਤੀ ਵਿੱਚ ਹਨ। ਇਨ੍ਹਾਂ ਵਿੱਚੋਂ ਅੱਧੇ ਲੱਖ ਤੋਂ ਵੱਧ ਲੋਕ ਆਪਣਾ ਪਰਵਾਸੀ ਦਰਜਾ ਕਾਨੂੰਨੀ ਕਰਵਾ ਸਕਣਗੇ।

ਇਹ ਕਦਮ, ਜੋ ਖੁੱਲ੍ਹੇ ਤੌਰ 'ਤੇ ਪਰਵਾਸ ਦੇ ਹੱਕ ਵਿੱਚ ਨੀਤੀ ਨੂੰ ਦਰਸਾਉਂਦਾ ਹੈ, ਬਾਕੀ ਜ਼ਿਆਦਾਤਰ ਵਿਕਸਿਤ ਦੇਸ਼ਾਂ ਵੱਲੋਂ ਇਸ ਮਾਮਲੇ ਵਿੱਚ ਨੀਤੀਆਂ ਸਖ਼ਤ ਕਰਨ ਦੇ ਰੁਝਾਨ ਤੋਂ ਬਿਲਕੁਲ ਉਲਟ ਹੈ।

ਯੂਰਪ ਵਿੱਚ ਜਰਮਨੀ ਨੇ ਡਿਪੋਰਟੇਸ਼ਨ ਅਤੇ ਗ੍ਰਿਫ਼ਤਾਰੀਆਂ ਨੂੰ ਆਸਾਨ ਬਣਾਉਣ ਲਈ ਕਾਨੂੰਨੀ ਸੋਧਾਂ ਕੀਤੀਆਂ ਹਨ। ਫ਼ਰਾਂਸ ਨੇ ਸਮਾਜਿਕ ਲਾਭਾਂ 'ਤੇ ਪਾਬੰਦੀਆਂ ਲਗਾਈਆਂ ਅਤੇ ਨਿਕਾਲੇ ਦੀ ਪ੍ਰਕਿਰਿਆ ਤੇਜ਼ ਕੀਤੀ।

ਇਟਲੀ ਡਰ ਪੈਦਾ ਕਰਨ ਵਾਲੇ ਕਾਨੂੰਨ ਲਾਗੂ ਕਰ ਰਿਹਾ ਹੈ ਅਤੇ ਅਰਜ਼ੀਕਾਰਾਂ ਦੀ ਕਾਰਵਾਈ ਆਪਣੇ ਦੇਸ਼ ਤੋਂ ਬਾਹਰ ਕਰਦਾ ਹੈ। ਬ੍ਰਿਟੇਨ ਨੇ ਆਸਰਾ ਲੈਣ ਦੀ ਪਹੁੰਚ ਵਿੱਚ ਭਾਰੀ ਕਟੌਤੀ ਕੀਤੀ ਹੈ।

ਅਮਰੀਕਾ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਰਹੱਦਾਂ ਬੰਦ ਕਰਨ, ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਰਵਾਈ ਅਤੇ ਡਿਪੋਰਟੇਸ਼ਨ ਦੀ ਸਖ਼ਤ ਮੁਹਿੰਮ ਜਾਰੀ ਰੱਖੀ ਹੋਈ ਹੈ। ਉੱਥੇ ਹੀ, ਕੈਨੇਡਾ ਵਰਗਾ ਦੇਸ਼, ਜੋ ਰਵਾਇਤੀ ਤੌਰ 'ਤੇ ਵਿਦੇਸ਼ੀਆਂ ਲਈ ਖੁੱਲ੍ਹਾ ਮੰਨਿਆ ਜਾਂਦਾ ਹੈ, ਨੇ ਅਸਥਾਈ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਭਰਤੀ ਘਟਾ ਦਿੱਤੀ ਹੈ।

ਤਾਂ ਫਿਰ ਸਪੇਨ ਇਸ ਮਾਮਲੇ ਵਿੱਚ ਸਭ ਤੋਂ ਵੱਖਰਾ ਕਿਉਂ ਦਿਖਾਈ ਦਿੰਦਾ ਹੈ? ਅਸੀਂ ਇਸ ਦਾ ਵਿਸ਼ਲੇਸ਼ਣ ਕਰਦੇ ਹਾਂ।

ਅਰਥਵਿਵਸਥਾ

ਘੱਟ ਤਨਖਾਹਾਂ, ਬੇਰੁਜ਼ਗਾਰੀ ਦੀ ਉੱਚ ਦਰ, ਖਰੀਦਣ ਦੀ ਸਮਰਥਾ ਵਿੱਚ ਕਮੀ ਅਤੇ ਘਰਾਂ ਦੀ ਕਮੀ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝਣ ਦੇ ਬਾਵਜੂਦ, ਹਾਲ ਦੇ ਸਾਲਾਂ ਵਿੱਚ ਸਪੇਨ ਦੀ ਅਰਥਵਿਵਸਥਾ ਮਜ਼ਬੂਤ ਹੋਈ ਹੈ।

ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਅੰਕੜਿਆਂ ਮੁਤਾਬਕ, ਸਪੇਨ ਨੇ ਹਾਲ ਹੀ ਵਿੱਚ ਮੈਕਸੀਕੋ, ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਨੂੰ ਪਿੱਛੇ ਛੱਡਦਿਆਂ ਦੁਨੀਆ ਦੀ 12ਵੀਂ ਸਭ ਤੋਂ ਵੱਡੀ ਅਰਥਵਿਵਸਥਾ ਦਾ ਦਰਜਾ ਮੁੜ ਹਾਸਲ ਕਰ ਲਿਆ ਹੈ। ਇਸ ਸਮੇਂ ਦੇਸ਼ ਦਾ ਜੀਡੀਪੀ 2 ਟ੍ਰਿਲੀਅਨ ਤੋਂ ਵੱਧ ਹੋ ਚੁੱਕਾ ਹੈ।

ਪੋਂਟੀਫ਼ਿਕਲ ਯੂਨੀਵਰਸਿਟੀ ਆਫ਼ ਕੋਮਿਲਾਸ ਵਿੱਚ ਅੰਤਰਰਾਸ਼ਟਰੀ ਪਰਵਾਸ 'ਚ ਪੀਐੱਚਡੀ ਕਰ ਚੁੱਕੀ ਸਿਸਿਲੀਆ ਇਸਤ੍ਰਾਦਾ ਵਿਲਾਸੇਨਿਓਰ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਸਪੇਨ ਦੀ ਅਰਥਵਿਵਸਥਾ ਵਿੱਚ ਦੇਖਭਾਲ, ਨਿਰਮਾਣ ਅਤੇ ਹੋਟਲ ਉਦਯੋਗ ਵਰਗੇ ਖੇਤਰਾਂ ਵਿੱਚ ਮਜ਼ਦੂਰਾਂ ਦੀ ਮੰਗ ਹੈ, ਜੋ ਸਿੱਧੇ ਤੌਰ 'ਤੇ ਪਰਵਾਸ 'ਤੇ ਨਿਰਭਰ ਹਨ।"

ਅਕਾਦਮਿਕ ਦਾ ਕਹਿਣਾ ਹੈ ਕਿ ਇਹ ਰੈਗੂਲਰਾਈਜ਼ੇਸ਼ਨ ਛੋਟੇ ਸਮੇਂ ਵਿੱਚ ਗ਼ੈਰ-ਰਸਮੀ ਅਰਥਵਿਵਸਥਾ ਘਟਾ ਕੇ ਕਾਨੂੰਨੀ ਰੁਜ਼ਗਾਰ ਅਤੇ ਸਰਕਾਰੀ ਆਮਦਨ ਨੂੰ ਵਧਾਵੇਗੀ। ਦਰਮਿਆਨੇ ਸਮੇਂ ਵਿੱਚ, ਇਸ ਨਾਲ ਪੈਨਸ਼ਨ ਪ੍ਰਣਾਲੀ ਦੀ ਟਿਕਾਊਤਾ ਵਿੱਚ ਸੁਧਾਰ ਆਵੇਗਾ, ਜੋ ਵਧਦੀ ਉਮਰ ਵਾਲੀ ਆਬਾਦੀ ਕਾਰਨ ਦਬਾਅ ਹੇਠ ਹੈ।

ਉਹ ਕਹਿੰਦੀ ਹੈ, "ਵਿੱਤੀ ਅਸਰ ਦੇ ਮਾਮਲੇ ਵਿੱਚ, ਐਲਕਾਨੋ ਰੋਇਲ ਇੰਸਟੀਚਿਊਟ, ਓਈਸੀਡੀ ਅਤੇ ਯੂਰਪੀ ਕਮਿਸ਼ਨ ਦੇ ਅਧਿਐਨ ਦੱਸਦੇ ਹਨ ਕਿ ਔਸਤ ਤੌਰ 'ਤੇ ਪਰਵਾਸੀ ਸਮਾਜਿਕ ਸੇਵਾਵਾਂ 'ਤੇ ਖਰਚ ਕਰਨ ਨਾਲੋਂ ਵੱਧ ਯੋਗਦਾਨ ਪਾਉਂਦੇ ਹਨ।"

ਮੈਡਰਿਡ ਦੀ ਕੰਪਲੂਤੇਨਸੇ ਯੂਨੀਵਰਸਿਟੀ ਵਿੱਚ ਸਮਾਜਸ਼ਾਸਤਰ ਦੇ ਐਮੇਰਿਟਸ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਪਰਵਾਸ ਅਧਿਐਨ ਸਮੂਹ ਦੇ ਸਹਿ-ਨਿਰਦੇਸ਼ਕ ਜੋਆਕੀਨ ਅਰਾਂਗੋ ਕਹਿੰਦੇ ਹਨ ਕਿ ਪਰਵਾਸੀ ਮਜ਼ਦੂਰਾਂ ਦੀ ਮੰਗ "ਫ਼ਰਾਂਸ, ਇਟਲੀ ਜਾਂ ਜਰਮਨੀ ਵਿੱਚ ਵੀ ਹੈ, ਪਰ ਸਪੇਨ ਉਹ ਦੇਸ਼ ਹੈ ਜੋ ਇਨ੍ਹਾਂ ਅਸੰਤੁਲਨਾਂ ਨੂੰ ਜ਼ਿਆਦਾ ਦ੍ਰਿੜਤਾ ਨਾਲ ਹੱਲ ਕਰਨ ਦੀ ਹਿੰਮਤ ਕਰਦਾ ਹੈ।"

ਉਹ ਦੱਸਦੇ ਹਨ, "ਹੋਰ ਦੇਸ਼ ਇਹ ਕੰਮ ਘੱਟ ਪੱਧਰ 'ਤੇ ਅਤੇ ਜ਼ਿਆਦਾ ਚੁੱਪਚਾਪ ਕਰ ਰਹੇ ਹਨ। ਇਟਲੀ ਵਿਦੇਸ਼ੀ ਮਜ਼ਦੂਰਾਂ ਲਈ ਕੋਟੇ ਵਧਾ ਰਿਹਾ ਹੈ, ਇੱਥੋਂ ਤੱਕ ਕਿ ਗੈਰਕਾਨੂੰਨੀ ਸਥਿਤੀ ਵਾਲਿਆਂ ਲਈ ਵੀ, ਪਰ ਹੋਰ ਢੰਗ ਨਾਲ। ਜਰਮਨੀ ਮੰਨਦਾ ਹੈ ਕਿ ਉਸਦੇ ਮਜ਼ਦੂਰ ਬਾਜ਼ਾਰ ਵਿੱਚ ਲਗਭਗ 10 ਲੱਖ ਲੋਕਾਂ ਦੀ ਘਾਟ ਹੈ, ਪਰ ਉੱਥੇ ਵੱਧ ਰੁਕਾਵਟਾਂ ਹਨ ਅਤੇ ਫ਼ੈਸਲੇ ਘੱਟ ਦ੍ਰਿੜ ਹਨ।"

ਸਪੇਨ ਨੇ 2025 ਦਾ ਅੰਤ 6 ਲੱਖ 5 ਹਜ਼ਾਰ 400 ਨਵੀਆਂ ਨੌਕਰੀਆਂ ਨਾਲ ਕੀਤਾ ਅਤੇ 2 ਕਰੋੜ 24 ਲੱਖ 60 ਹਜ਼ਾਰ ਕਰਮਚਾਰੀਆਂ ਦਾ ਰਿਕਾਰਡ ਅੰਕੜਾ ਦਰਜ ਕੀਤਾ। ਇਸਦੇ ਨਾਲ ਹੀ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ 1 ਲੱਖ 18 ਹਜ਼ਾਰ 400 ਦੀ ਕਮੀ ਆਈ।

ਪਿਛਲੇ 17 ਸਾਲਾਂ ਦਾ ਸਭ ਤੋਂ ਵਧੀਆ ਨਤੀਜਾ ਹਾਸਲ ਕਰਨ ਦੇ ਬਾਵਜੂਦ, ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਹਾਲੇ ਵੀ ਉੱਚੀ ਹੈ। ਇਹ ਲਗਭਗ 10 ਫ਼ੀਸਦ ਹੈ, ਜੋ ਯੂਰਪੀ ਸੰਘ ਦੀ ਔਸਤ 6 ਫ਼ੀਸਦ ਨਾਲੋਂ ਕਾਫ਼ੀ ਵੱਧ ਹੈ। ਇਸ ਕਦਮ ਦੇ ਆਲੋਚਕ ਮੰਨਦੇ ਹਨ ਕਿ ਲੱਖਾਂ ਨਵੇਂ ਲੋਕਾਂ ਨੂੰ ਸਮੇਟਣਾ ਇੰਨਾ ਆਸਾਨ ਨਹੀਂ ਹੋਵੇਗਾ।

ਸੀਈਯੂ-ਸੀਈਐੱਫਏਐੱਸ ਡੈਮੋਗ੍ਰਾਫਿਕ ਆਬਜ਼ਰਵੇਟਰੀ ਦੇ ਕੋਆਰਡੀਨੇਟਰ ਅਤੇ ਜਨਸੰਖਿਆ ਵਿਸ਼ਲੇਸ਼ਕ ਅਲੇਹਾਂਦ੍ਰੋ ਮਾਕਾਰੋਨ ਕਹਿੰਦੇ ਹਨ, "ਸਪੇਨ ਵਰਗੇ ਦੇਸ਼ ਲਈ, ਜਿੱਥੇ ਢਾਂਚਾਗਤ ਬੇਰੁਜ਼ਗਾਰੀ ਬਹੁਤ ਉੱਚੀ ਹੈ ਅਤੇ ਜੋ ਯੂਰਪ ਵਿੱਚ ਇੱਕ ਅਜੀਬ ਮਿਸਾਲ ਹੈ, ਇਹ ਕਦਮ ਮਹਿੰਗਾ ਸਾਬਤ ਹੁੰਦਾ ਹੈ, ਕਿਉਂਕਿ ਇਹ ਸਾਡੀ ਲੋੜ ਨਾਲੋਂ ਵੱਧ ਪਰਵਾਸ ਨੂੰ ਉਤਸ਼ਾਹਿਤ ਕਰਦਾ ਹੈ।"

ਉਹ ਦੱਸਦੇ ਹਨ ਕਿ ਪਰਵਾਸ ਲਈ ਖੁੱਲ੍ਹੀ ਨੀਤੀ ਅਤੇ ਇਸ ਨਾਲ ਤੇਜ਼ੀ ਨਾਲ ਵਧਦੀ ਆਬਾਦੀ, ਉਸ ਸਮੱਸਿਆ ਨੂੰ ਵੀ ਹੋਰ ਗੰਭੀਰ ਬਣਾਉਂਦੀ ਹੈ, ਜਿਸਨੂੰ ਕਈ ਸਰਵੇਖਣ ਸਪੇਨੀ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਦੱਸਦੇ ਹਨ। ਇਹ ਹੈ ਰਿਹਾਇਸ਼ ਤੱਕ ਪਹੁੰਚ ਦੀ ਕਮੀ।

ਉਹ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਕੋਲ ਆਪਣਾ ਘਰ ਹੈ, ਅਤੇ ਜੋ ਅਜੇ ਵੀ ਬਹੁਮਤ ਵਿੱਚ ਹਨ, ਉਨ੍ਹਾਂ ਲਈ ਕੋਈ ਸਮੱਸਿਆ ਨਹੀਂ। ਹਕੀਕਤ ਵਿੱਚ ਉਨ੍ਹਾਂ ਦੇ ਘਰਾਂ ਦੀ ਕੀਮਤ ਵਧਦੀ ਹੈ। ਪਰ ਜਿਨ੍ਹਾਂ 'ਤੇ ਅਸਰ ਪੈਂਦਾ ਹੈ, ਭਾਵ ਨੌਜਵਾਨਾਂ ਅਤੇ ਪਰਵਾਸੀਆਂ ਲਈ ਇਹ ਬਹੁਤ ਵੱਡੀ ਸਮੱਸਿਆ ਹੈ।"

"ਲਾਤੀਨੀ ਅਮਰੀਕੀ ਤੱਤ"

ਕਈ ਅਧਿਐਨ ਦੱਸਦੇ ਹਨ ਕਿ ਆਮ ਤੌਰ 'ਤੇ ਸਪੇਨੀ ਲੋਕ ਹੋਰ ਪੱਛਮੀ ਦੇਸ਼ਾਂ ਦੇ ਮੁਕਾਬਲੇ ਪਰਵਾਸ ਨੂੰ ਵਧੇਰੇ ਸਕਾਰਾਤਮਕ ਤਰੀਕੇ ਨਾਲ ਦੇਖਦੇ ਹਨ ਅਤੇ ਵਿਦੇਸ਼ੀਆਂ ਦੇ ਏਕੀਕਰਨ ਸਬੰਧੀ ਕੁਝ ਚਿੰਤਾਵਾਂ ਦੇ ਬਾਵਜੂਦ, ਉਨ੍ਹਾਂ ਦੇ ਆਰਥਿਕ ਯੋਗਦਾਨ ਨੂੰ ਮੰਨਦੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਇੱਥੇ ਆਪਣੇ ਯੂਰਪੀ ਗੁਆਂਢੀਆਂ ਨਾਲ ਇੱਕ ਬੁਨਿਆਦੀ ਅੰਤਰ ਸਾਹਮਣੇ ਆਉਂਦਾ ਹੈ। ਉਹ ਹੈ ਪਰਵਾਸੀਆਂ ਦੀ ਮੂਲ ਥਾਂ।

ਐਲਕਾਨੋ ਰੋਇਲ ਇੰਸਟੀਚਿਊਟ ਦੇ ਅੰਕੜਿਆਂ ਮੁਤਾਬਕ, ਸਪੇਨ ਵਿੱਚ ਰਹਿੰਦੇ ਵਿਦੇਸ਼ੀਆਂ ਵਿੱਚੋਂ ਲਗਭਗ 48 ਫ਼ੀਸਦ ਲੋਕ ਲਾਤੀਨੀ ਅਮਰੀਕਾ ਵਿੱਚ ਜਨਮੇ ਹੋਏ ਹਨ। ਇਹ ਗਿਣਤੀ ਗ਼ੈਰ-ਯੂਰਪੀ ਪਰਵਾਸ ਦਾ 66 ਫ਼ੀਸਦ ਬਣਦੀ ਹੈ।

ਕੋਲੰਬੀਆ, ਵੈਨੇਜ਼ੁਏਲਾ, ਇਕਵਾਡੋਰ, ਅਰਜਨਟੀਨਾ ਅਤੇ ਪੇਰੂ ਉਹ ਦੇਸ਼ ਹਨ, ਜਿੱਥੋਂ ਸਭ ਤੋਂ ਵੱਧ ਲੋਕ ਸਪੇਨ ਆਏ ਹਨ।

ਸਰਕਾਰੀ ਅੰਕੜਿਆਂ ਦੀ ਕਮੀ ਵਿੱਚ ਸਮਾਜਸ਼ਾਸਤਰੀ ਵਿਸ਼ਲੇਸ਼ਣ ਕੇਂਦਰ ਫੁਨਕਾਸ ਦਾ ਅੰਦਾਜ਼ਾ ਹੈ ਕਿ ਸਰਕਾਰ ਦੇ ਨਵੇਂ ਕਦਮ ਤੋਂ ਲਾਭ ਉਠਾ ਸਕਣ ਵਾਲੇ ਅੱਧੇ ਲੱਖ ਤੋਂ ਵੱਧ ਗ਼ੈਰ-ਕਾਨੂੰਨੀ ਪਰਵਾਸੀਆਂ ਵਿੱਚੋਂ 10 ਵਿੱਚੋਂ 9 ਲਾਤੀਨੀ ਅਮਰੀਕਾ ਨਾਲ ਸਬੰਧਿਤ ਹਨ।

ਐਲਕਾਨੋ ਰੋਇਲ ਇੰਸਟੀਚਿਊਟ ਵਿੱਚ ਪਰਵਾਸ ਦੀ ਸਮਾਜਿਕ ਅਤੇ ਆਰਥਿਕ ਗਤੀਵਿਧੀਆਂ 'ਤੇ ਕੰਮ ਕਰਨ ਵਾਲੇ ਖੋਜਕਾਰ ਜੋਸੇ ਪਾਬਲੋ ਮਾਰਤੀਨੇਜ਼ ਕਹਿੰਦੇ ਹਨ, "ਭਾਸ਼ਾ ਜਾਣਨ ਕਰਕੇ ਉਹ ਸਪੇਨ ਪਹੁੰਚਦੇ ਹੀ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਉਹ ਸਾਡੀ ਸੰਸਕ੍ਰਿਤੀ, ਕਦਰਾਂ-ਕੀਮਤਾਂ ਅਤੇ ਕਾਫੀ ਹੱਦ ਤੱਕ ਧਰਮ ਵੀ ਸਾਂਝਾ ਕਰਦੇ ਹਨ।"

ਉਹ ਕਹਿੰਦੇ ਹਨ, "ਸਮਾਜਕ ਪੱਧਰ 'ਤੇ ਇਹ ਝਟਕਾ ਕਾਫ਼ੀ ਘੱਟ ਹੁੰਦਾ ਹੈ, ਉਸ ਦੇ ਮੁਕਾਬਲੇ ਜੋ ਹੋਰ ਕਿਸਮ ਦੇ ਪਰਵਾਸ ਨਾਲ ਹੋਰ ਦੇਸ਼ਾਂ ਵਿੱਚ ਦੇਖਿਆ ਜਾਂਦਾ ਹੈ। ਮਿਸਾਲ ਵਜੋਂ, ਫ਼ਰਾਂਸ ਜਾਂ ਜਰਮਨੀ ਵਿੱਚ ਮੁਸਲਿਮ ਦੇਸ਼ਾਂ ਤੋਂ ਹੋਣ ਵਾਲਾ ਪਰਵਾਸ।"

ਅਲੇਹਾਂਦ੍ਰੋ ਮਾਕਾਰੋਨ ਵੀ ਇਸ ਗੱਲ ਨਾਲ ਸਹਿਮਤ ਹਨ। ਉਹ ਕਹਿੰਦੇ ਹਨ ਕਿ "ਸਿਧਾਂਤਕ ਤੌਰ 'ਤੇ ਏਕੀਕਰਨ ਦੀ ਸਹੁਲਤ ਕਾਫ਼ੀ ਵੱਧ ਹੈ," ਕਿਉਂਕਿ "ਇੱਥੇ ਜਿਹਾਦਵਾਦ ਜਾਂ ਹੋਰ ਧਾਰਮਿਕ ਅਤੇ ਸੱਭਿਆਚਾਰਕ ਅੰਦੋਲਨਾਂ ਵਰਗਾ ਕੋਈ ਟਕਰਾਅ ਨਹੀਂ ਹੈ।"

ਇਸ ਸਭ ਦੇ ਬਾਵਜੂਦ, ਸਪੇਨ ਪਰਵਾਸ ਨਾਲ ਜੁੜੇ ਟਕਰਾਵਾਂ ਤੋਂ ਪੂਰੀ ਤਰ੍ਹਾਂ ਬਚਿਆ ਨਹੀਂ ਹੈ।

ਪਿਛਲੇ ਜੁਲਾਈ ਟੋਰੇ ਪਾਚੇਕੋ ਵਿੱਚ ਦੰਗੇ ਹੋਏ ਸਨ। ਇੱਥੇ ਨੌਜਵਾਨ ਮਘਰੇਬੀ ਲੋਕਾਂ 'ਤੇ ਲੱਗੇ ਇੱਕ ਹਮਲੇ ਦੇ ਮਾਮਲੇ ਬਾਅਦ ਵਿਦੇਸ਼ੀਆਂ, ਇਲਾਕਾਈ ਵਸਨੀਕਾਂ ਅਤੇ ਧੁਰ-ਸੱਜੇ ਗਰੁੱਪਾਂ ਵਿਚਾਲੇ ਝੜਪਾਂ ਹੋਈਆਂ।

ਇਸ ਤੋਂ ਇਲਾਵਾ, ਬਾਦਾਲੋਨਾ ਵਿੱਚ ਹਾਲ ਹੀ ਇੱਕ ਕਬਜ਼ੇ ਵਾਲੀ ਇਮਾਰਤ ਨੂੰ ਮਹੀਨਿਆਂ ਤੋਂ ਅਸੁਰੱਖਿਆ ਬਾਰੇ ਮਿਲ ਰਹੀਆਂ ਸ਼ਿਕਾਇਤਾਂ ਮਗਰੋਂ ਸਮੂਹਿਕ ਤੌਰ 'ਤੇ ਖਾਲੀ ਕਰਵਾਇਆ ਗਿਆ।

ਮਾਰਤੀਨੇਜ਼ ਇਸ ਸੰਦਰਭ ਵਿੱਚ ਮੰਨਦੇ ਹਨ, "ਸਪੇਨ ਵਿੱਚ, ਹੋਰ ਯੂਰਪੀ ਦੇਸ਼ਾਂ ਵਾਂਗ, ਇੱਕ ਸਮਾਜਿਕ ਮਸਲਾ ਮੌਜੂਦ ਹੈ। ਇੱਥੇ ਵੀ ਕਈ ਸਮੱਸਿਆਵਾਂ ਹਨ, ਜਿਨ੍ਹਾਂ ਕਾਰਨ ਹੋਰ ਦੇਸ਼ਾਂ ਨੇ ਹੋਰ ਪਾਬੰਦੀਆਂ ਲਗਾਈਆਂ ਹਨ।"

ਬੀਬੀਸੀ ਮੁੰਡੋ ਨੇ ਸਿਲਵਾਨਾ ਕਾਬਰੇਰਾ ਨਾਲ ਵੀ ਗੱਲਬਾਤ ਕੀਤੀ। ਉਹ 'ਰੇਗੂਲਰਾਈਜ਼ੇਸ਼ਨ ਯਾ' ਪਲੇਟਫ਼ਾਰਮ ਦੇ ਬੁਲਾਰੇ ਹਨ, ਜੋ ਸਰਕਾਰ 'ਤੇ ਨਵਾਂ ਕਦਮ ਮਨਜ਼ੂਰ ਕਰਵਾਉਣ ਲਈ ਦਬਾਅ ਬਣਾਉਣ ਵਾਲੇ ਮੁੱਖ ਗਰੁੱਪਾਂ ਵਿੱਚੋਂ ਇੱਕ ਹੈ।

ਸਪੇਨ ਵਿੱਚ ਰਹਿ ਰਹੀ ਬੋਲੀਵੀਆ ਦੀ ਨਾਗਰਿਕ ਕਾਬਰੇਰਾ "ਲਾਤੀਨੀ ਅਮਰੀਕੀ ਤੱਤ" ਦੇ ਪ੍ਰਭਾਵ ਨੂੰ ਸਿਰੇ ਤੋਂ ਨਕਾਰਦੀ ਹੈ।

ਉਹ ਕਹਿੰਦੀ ਹੈ, "ਅਸੀਂ ਇਸ ਤਰ੍ਹਾਂ ਦੀ ਸੋਚ ਨਾਲ ਸਹਿਮਤ ਨਹੀਂ ਹਾਂ। ਸਾਡੇ ਖ਼ਿਆਲ ਵਿੱਚ ਇਹ ਪੂਰੀ ਤਰ੍ਹਾਂ ਉਪਨਿਵੇਸ਼ਵਾਦੀ ਅਤੇ ਨਸਲਵਾਦੀ ਸੋਚ ਹੈ। ਅਸੀਂ ਭੈਣਾਂ ਨਹੀਂ ਹਾਂ। ਸਪੇਨ ਦਾ ਰਾਜ ਸਾਡੇ ਨਾਲ ਭੈਣਾਂ ਵਾਂਗ ਵਿਵਹਾਰ ਨਹੀਂ ਕਰਦਾ, ਸਗੋਂ ਬੁਰਾ ਸਲੂਕ ਕਰਦਾ ਹੈ ਅਤੇ ਅਸੀਂ ਉਹੀ ਸੰਸਥਾਗਤ ਨਸਲਵਾਦ ਸਹਿ ਰਹੀਆਂ ਹਾਂ।"

ਸਿਆਸੀ ਰਣਨੀਤੀ

ਮਾਹਰਾਂ ਮੁਤਾਬਕ, ਇੱਕ ਹੋਰ ਅਹਿਮ ਤੱਤ ਸਿਆਸੀ ਹੈ। ਇਸ ਵਿੱਚ ਸਪੇਨੀ ਸਰਕਾਰ ਦੀ ਵਿਚਾਰਧਾਰਕ ਸਥਿਤੀ ਤੋਂ ਲੈ ਕੇ ਉਹ ਮਕਸਦ ਵੀ ਸ਼ਾਮਲ ਹਨ, ਜੋ ਜਨਤਕ ਤੌਰ 'ਤੇ ਦੱਸੇ ਗਏ ਟੀਚਿਆਂ ਤੋਂ ਅੱਗੇ ਹਨ।

ਐਲਕਾਨੋ ਰੋਇਲ ਇੰਸਟੀਚਿਊਟ ਦੇ ਖੋਜਕਾਰ ਜੋਸੇ ਪਾਬਲੋ ਮਾਰਤੀਨੇਜ਼ ਕਹਿੰਦੇ ਹਨ, "ਸਪੇਨ ਵਿੱਚ ਕੇਂਦਰ-ਵਾਮ ਸਮਾਜਕ ਲੋਕਤੰਤਰਿਕ ਸਰਕਾਰ ਹੈ, ਜੋ ਪਰਵਾਸ ਦੇ ਮਸਲੇ ਨੂੰ ਸੰਭਾਲਣ ਵੱਲ ਵਧੇਰੇ ਝੁਕਾਅ ਰੱਖਦੀ ਹੈ, ਬਜਾਏ ਉਨ੍ਹਾਂ ਦੇਸ਼ਾਂ ਦੇ ਜਿੱਥੇ ਜ਼ਿਆਦਾ ਰੂੜ੍ਹੀਵਾਦੀ ਸਰਕਾਰਾਂ ਹਨ।"

ਜਨਸੰਖਿਆ ਵਿਸ਼ਲੇਸ਼ਕ ਅਲੇਹਾਂਦ੍ਰੋ ਮਾਕਾਰੋਨ ਇਸ ਮਾਮਲੇ ਨੂੰ ਹੋਰ ਆਲੋਚਨਾਤਮਕ ਢੰਗ ਨਾਲ ਵੇਖਦੇ ਹਨ। ਉਹ ਕਹਿੰਦੇ ਹਨ, "ਸਪੇਨ ਦਾ ਮਾਮਲਾ ਅਸਧਾਰਣ ਹੈ, ਕਿਉਂਕਿ ਪੱਛਮੀ ਯੂਰਪ ਵਿੱਚ ਇਹ ਇਕਲੌਤਾ ਦੇਸ਼ ਹੈ, ਜਿੱਥੇ ਧੁਰ-ਵਾਮ ਪਾਰਟੀ ਸਰਕਾਰ ਵਿੱਚ ਹੈ।"

"ਜਦਕਿ ਬਾਕੀ ਯੂਰਪ ਪਰਵਾਸ ਨੂੰ ਕਾਬੂ ਕਰਨ ਅਤੇ ਮਜ਼ਦੂਰ ਬਾਜ਼ਾਰ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਪੇਨ ਵਿੱਚ ਲੱਗਦਾ ਹੈ ਕਿ ਸਿਰਫ਼ ਵਿਚਾਰਧਾਰਕ ਸਿਆਸਤ ਹੀ ਕੀਤੀ ਜਾ ਰਹੀ ਹੈ।"

ਇਹ ਸਪੇਨ ਵਿੱਚ ਪਰਵਾਸੀਆਂ ਦੀ ਪਹਿਲੀ ਰੈਗੂਲਰਾਈਜ਼ੇਸ਼ਨ ਨਹੀਂ ਹੈ। ਪਿਛਲੇ ਸਮੇਂ ਵਿੱਚ ਇਹ ਪ੍ਰਕਿਰਿਆ ਸੋਸ਼ਲਿਸਟ ਪਾਰਟੀ ਅਤੇ ਰੂੜ੍ਹੀਵਾਦੀ ਪੌਪੁਲਰ ਪਾਰਟੀ (ਪੀਪੀ) ਦੋਵਾਂ ਦੀਆਂ ਸਰਕਾਰਾਂ ਦੌਰਾਨ ਹੋ ਚੁੱਕੀ ਹੈ।

ਪੌਪੁਲਰ ਪਾਰਟੀ ਦੇ ਨੇਤਾ ਹੋਸੇ ਮਾਰੀਆ ਅਜ਼ਨਾਰ ਦੀ ਸਰਕਾਰ ਨੇ 1996, 2000 ਅਤੇ 2001 ਵਿੱਚ ਤਿੰਨ ਵਾਰ ਰੈਗੂਲਰਾਈਜ਼ੇਸ਼ਨ ਕੀਤੀ ਸੀ, ਜਿਸ ਨਾਲ ਕੁੱਲ ਮਿਲਾ ਕੇ 5 ਲੱਖ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਾਭ ਮਿਲਿਆ।

ਇਸ ਦੇ ਉਲਟ, ਸੋਸ਼ਲਿਸਟ ਨੇਤਾ ਹੋਸੇ ਲੁਈਸ ਰੋਡਰੀਗੇਜ਼ ਜਾਪਾਤੇਰੋ ਦੀ ਸਰਕਾਰ ਨੇ 2005 ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਰੈਗੂਲਰਾਈਜ਼ੇਸ਼ਨ ਕੀਤੀ, ਜਿਸ ਵਿੱਚ 5 ਲੱਖ 76 ਹਜ਼ਾਰ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ।

ਪੈਰਿਸ ਦੀ ਏਕੋਲ ਦੇ ਓਤ ਏਤਿਊਦ ਅਨ ਸਿਆਂਸ ਸੋਸ਼ਿਆਲ ਵਿੱਚ ਪ੍ਰੋਫੈਸਰ ਅਤੇ ਸਪੇਨੀ ਇਤਿਹਾਸਕਾਰ ਜੋਰਡੀ ਕਾਨਾਲ ਈ ਮੋਰੇਲ ਵੀ ਯੂਰਪ ਤੋਂ ਸਪੇਨ ਦੇ ਵੱਖਰੇ ਰੁਖ਼ ਦੀ ਆਲੋਚਨਾ ਕਰਦੇ ਹਨ।

ਉਹ ਬੀਬੀਸੀ ਮੁੰਡੋ ਨੂੰ ਕਹਿੰਦੇ ਹਨ, "ਇਹ ਇੱਕ ਗ਼ੈਰ-ਜ਼ਿੰਮੇਵਾਰ ਕਦਮ ਹੈ। ਪਰਵਾਸ ਅਤੇ ਰੈਗੂਲਰਾਈਜ਼ੇਸ਼ਨ ਦਾ ਮਸਲਾ ਬਹੁਤ ਗੰਭੀਰ ਹੈ ਅਤੇ ਇਸਨੂੰ ਲੋਕਪ੍ਰਿਅ ਨਾਅਰਿਆਂ ਤੋਂ ਬਿ ਸੰਭਾਲਿਆ ਜਾਣਾ ਚਾਹੀਦਾ ਹੈ। ਇਸ ਲਈ ਸਾਡੇ ਗੁਆਂਢੀਆਂ ਅਤੇ ਯੂਰਪੀ ਸਾਥੀਆਂ ਨਾਲ ਤਾਲਮੇਲ ਜ਼ਰੂਰੀ ਹੈ।"

ਦੂਜੇ ਪਾਸੇ, ਮਾਹਰ ਧਿਆਨ ਦਿਵਾਉਂਦੇ ਹਨ ਕਿ ਗਠਜੋੜਾਂ ਦਾ ਕਮਜ਼ੋਰ ਜਾਲ, ਜੋ ਪੇਦਰੋ ਸਾਂਚੇਜ਼ ਨੂੰ ਸੱਤਾ ਵਿੱਚ ਰੱਖਦਾ ਹੈ, ਉਸ ਨੂੰ ਪੋਦੇਮੋਸ ਅਤੇ ਸੁਮਾਰ ਵਰਗੀਆਂ ਖੱਬੇਪੱਖੀ ਪਾਰਟੀਆਂ 'ਤੇ ਨਿਰਭਰ ਹੋਣ ਲਈ ਮਜਬੂਰ ਕਰਦਾ ਹੈ।

ਪ੍ਰੋਫੈਸਰ ਜੋਆਕੀਨ ਅਰਾਂਗੋ ਕਹਿੰਦੇ ਹਨ, "ਸਰਕਾਰ ਨੁਕਸਾਨਦੇਹ ਤਾਕਤ ਸੰਤੁਲਨ ਵਿੱਚ ਆਪਣੀ ਟਿਕਾਉ ਬਣਾਈ ਰੱਖਣ ਲਈ ਸਮਾਂ ਖਰੀਦ ਰਹੀ ਹੈ ਅਤੇ ਇਸ ਨੂੰ ਇਨ੍ਹਾਂ ਪਾਰਟੀਆਂ ਦੇ ਸਮਰਥਨ ਦੀ ਲੋੜ ਹੈ, ਜਿਹੜੀਆਂ ਸਭ ਰੈਗੂਲਰਾਈਜ਼ੇਸ਼ਨ ਦੇ ਹੱਕ ਵਿੱਚ ਹਨ।"

ਅਰਾਂਗੋ ਮੰਨਦੇ ਹਨ ਕਿ ਇਹੀ ਮੁੱਖ ਕਾਰਨ ਹੈ, ਜਿਸ ਕਰਕੇ ਸਰਕਾਰ ਨੇ ਸ਼ਾਹੀ ਫ਼ਰਮਾਨ ਰਾਹੀਂ ਇਹ ਕਦਮ ਅੱਗੇ ਵਧਾਇਆ। ਉਹ ਕਹਿੰਦੇ ਹਨ, "ਇਸ ਫ਼ੈਸਲੇ ਨਾਲ ਸਰਕਾਰ ਸੋਚਦੀ ਹੈ ਕਿ ਉਹ ਸੰਸਦੀ ਸਮਰਥਨ ਵਧਾ ਸਕੇਗੀ ਅਤੇ ਆਪਣੀ ਰਾਜਨੀਤਿਕ ਟਿਕਾਉ ਨੂੰ ਮਜ਼ਬੂਤ ਕਰੇਗੀ।"

ਇੱਕ ਹੋਰ ਉਦੇਸ਼ ਜਿਸਦਾ ਮਾਹਰ ਜ਼ਿਕਰ ਕਰਦਾ ਹੈ ਇਸ ਮਾਮਲੇ ਵਿੱਚ ਵਧੇਰੇ ਪਰਉਪਕਾਰੀ - ਅਨਿਯਮਿਤ ਲੋਕਾਂ ਦੀ ਵੱਡੀ ਗਿਣਤੀ ਅਤੇ ਸ਼ਰਨ ਅਰਜ਼ੀ ਫਾਈਲਾਂ ਦੇ ਵਧ ਰਹੇ ਪਹਾੜ ਦੀ ਸਮੱਸਿਆ ਨੂੰ ਹੱਲ ਕਰਨਾ ਹੈ ਜੋ ਪ੍ਰਸ਼ਾਸਨ ਨੂੰ ਹਾਵੀ ਕਰ ਦਿੰਦਾ ਹੈ।

ਉਹ ਕਹਿੰਦੇ ਹਨ, "ਇਹ ਰੈਗੂਲਰਾਈਜ਼ੇਸ਼ਨ ਅਵਸਥਾ ਲਿਆਉਣ ਦਾ ਇੱਕ ਤਰੀਕਾ ਹੈ। ਇਸਨੂੰ ਮਨਜ਼ੂਰ ਕਰਕੇ ਕੰਮ ਆਸਾਨ ਹੋ ਜਾਂਦੇ ਹਨ ਅਤੇ ਸਮਾਂ ਮਿਲਦਾ ਹੈ, ਜਦ ਤੱਕ ਅਜਿਹੀ ਸਥਿਤੀ ਮੁੜ ਪੈਦਾ ਨਹੀਂ ਹੁੰਦੀ, ਕਿਉਂਕਿ ਇਹ ਫਿਰ ਹੋਵੇਗੀ। ਲੰਮੇ ਸਮੇਂ ਲਈ ਗਿਣਤੀ ਮੁੜ ਸਿਫ਼ਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)